ਕਾਬੁਲ – ਅਫ਼ਗਾਨ ਮਹਿਲਾਵਾਂ ’ਤੇ ਇਕ ਹੋਰ ਪਾਬੰਦੀ ਥੋਪਦੇ ਹੋਏ ਤਾਲਿਬਾਨ ਨੇ ਹੇਰਾਤ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਨੂੰ ਮੇਕ-ਅਪ ਨਾ ਕਰਨ ਤੇ ਛੋਟੇ ਕੱਪੜੇ ਨਾ ਪਹਿਨਣ ਲਈ ਕਿਹਾ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ‘ਗ਼ੈਰ ਮਹਿਰਮ’ ਮਰਦ ਪ੍ਰੋਫੈਸਰਾਂ ਦੀ ਆਵਾਜ਼ ਰਿਕਾਰਡ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਜਿਹੜੇ ਮਰਦੇ ਰਿਸ਼ਤੇ ’ਚ ਨਹੀਂ ਹੁੰਦੇ ਉਹ ਗ਼ੈਰ ਮਹਿਰਮ ਹਨ।
ਪਿਛਲੇ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਮਹਿਲਾਵਾਂ ਦੇ ਅਧਿਕਾਰ ਤੇ ਉਨ੍ਹਾਂ ਦੀ ਆਜ਼ਾਦੀ ’ਚ ਕਟੌਤੀ ਕਰ ਦਿੱਤੀ ਹੈ। ਆਰਥਿਕ ਸੰਕਟ ਤੇ ਪਾਬੰਦੀਆਂ ਕਾਰਨ ਮਹਿਲਾਵਾਂ ਕੰਮ ਵਾਲੀਆਂ ਥਾਵਾਂ ’ਤੋਂ ਵੱਡੀ ਗਿਣਤੀ ’ਚ ਬਾਹਰ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ’ਚ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਦੁਨੀਆ ਦੇ ਘੱਟੋ-ਘੱਟ 17 ਦੇਸ਼ਾਂ ਦੀਆਂ ਮਹਿਲਾ ਵਿਦੇਸ਼ ਮੰਤਰੀਆਂ ਨੇ ਅਫ਼ਗਾਨਿਸਤਾਨ ’ਚ ਮਨੁੱਖੀ ਅਧਿਕਾਰ ਦੀ ਉਲੰਘਣਾ ਤੇ ਮਹਿਲਾਵਾਂ ਖ਼ਿਲਾਫ਼ ਪਾਬੰਦੀ ’ਤੇ ਗੰਭੀਰ ਚਿੰਤਾ ਪ੍ਰਗਟਾਈਸੀ। ਵਿਦੇਸ਼ ਮੰਤਰੀਆਂ ਨੇ ਤਾਲਿਬਾਨ ਨੂੰ ਸਾਰੀਆਂ ਪਾਬੰਦੀਆਂ ਖ਼ਾਸ ਤੌਰ ’ਤੇ ਸਿੱਖਿਆ ’ਤੇ ਪਾਬੰਦੀ ਖ਼ਤਮ ਕਰਨ ਲਈ ਕਿਹਾ ਸੀ।