ਨਵੀਂ ਦਿੱਲੀ – ਯੂਕਰੇਨ ‘ਤੇ ਰੂਸ ਦੇ ਹਮਲੇ ਨਾਲ ਜਿਹੜੀ ਸਥਿਤੀ ਬਣੀ ਹੈ, ਉਸ ਦਾ ਭਾਰਤ ‘ਤੇ ਡੂੰਘਾ ਆਰਥਿਕ ਅਸਰ ਪਵੇਗਾ। ਦੇਸ਼ ‘ਚ ਊਰਜਾ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਤੇ ਇਸ ਦਾ ਅਸਰ ਸਾਫ਼ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਵਿਸ਼ਵ ਸਪਲਾਈ ਲੜੀ ‘ਤੇ ਇਸ ਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਸਰਕਾਰ ਇਸ ਸਥਿਤੀ ‘ਤੇ ਯੂਕਰੇਨ ਤੇ ਰੂਸ ਦੋਵਾਂ ਨਾਲ ਗੱਲ ਕਰ ਰਹੀ ਹੈ। ਇਸ ਗੱਲ ਦੀ ਵਿਆਪਕ ਸਮੀਖਿਆ ਸਰਕਾਰ ਦੇ ਅੰਦਰ ਹੋ ਰਹੀ ਹੈ। ਇਹ ਜਾਣਕਾਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਯੂਕਰੇਨ ਦੀ ਸਥਿਤੀ ‘ਤੇ ਦੋਵਾਂ ਸਦਨਾਂ ‘ਚ ਆਪਣੇ ਬਿਆਨ ਜ਼ਰੀਏ ਦਿੱਤੀ। ਉਨ੍ਹਾਂ ਕਿਹਾ ਕਿ ਯੂਕਰੇਨ ‘ਚੋਂ ਭਾਰਤ ਨੇ ਹੁਣ ਤਕ 22,500 ਭਾਰਤੀਆਂ ਨੂੰ ਬਾਹਰ ਕੱਿਢਆ ਹੈ। 18 ਦੇਸ਼ਾਂ ਦੇ 147 ਨਾਗਰਿਕਾਂ ਨੂੰ ਵੀ ਸੁਰੱਖਿਅਤ ਕੱਿਢਆ ਗਿਆ ਹੈ। ਉਨ੍ਹਾਂ ਨੇ ਯੂੁਕਰੇਨ-ਰੂਸ ਜੰਗ ਦੀ ਸਥਿਤੀ ਨੂੰ ਚੁਣੌਤੀਪੂਰਨ ਦੱਸਿਆ, ਪਰ ਦੇਸ਼ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਨ੍ਹਾਂ ਚੁਣੌਤੀਆਂ ਨਾਲ ਪੂਰੀ ਹਿੰਮਤ ਤੇ ਜ਼ਿੰਮੇਵਾਰੀ ਨਾਲ ਨਜਿੱਠੇਗੀ।
ਜੈਸ਼ੰਕਰ ਵੱਲੋਂ ਦਿੱਤੇ ਗਏ ਇਸ ਬਿਆਨ ਦੇ ਕੁਝ ਹੀ ਦੇਰ ਬਾਅਦ ਪੀਐੱਮ ਨਰਿੰਦਰ ਮੋਦੀ ਨੇ ਯੂਕਰੇਨ ‘ਚੋਂ ਭਾਰਤੀਆਂ ਨੂੰ ਬਾਹਰ ਕੱਢਣ ‘ਚ ਭੂਮਿਕਾ ਨਿਭਾਉਣ ਵਾਲੇ ਭਾਰਤ ਦੇ ਸਮੁੱਚੇ ਦੂਤਘਰਾਂ ਦੇ ਅਧਿਕਾਰੀਆਂ ਤੇ ਦੂਜੇ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵਰਚੁਅਲ ਚਰਚਾ ਕੀਤੀ। ਇਸ ਚਰਚਾ ‘ਚ ਸਰਕਾਰ ਵੱਲੋਂ ਵਿਸ਼ੇਸ਼ ਦੂਤ ਦੇ ਤੌਰ ‘ਤੇ ਭੇਜੇ ਗਏ ਕੈਬਨਿਟ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ, ਹਰਦੀਪ ਸਿੰਘ ਪੁਰੀ, ਕਿਰਨ ਰਿਜੀਜੂ ਤੇ ਵੀਕੇ ਸਿੰਘ ਵੀ ਹਾਜ਼ਰ ਸਨ। ਪੀਐੱਮ ਮੋਦੀ ਨੇ ਇਸ ਕੰਮ ‘ਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਧੰਨਵਾਦ ਦਿੱਤਾ।