ਕੋਲਕਾਤਾ – ਕਸ਼ਮੀਰੀ ਪੰਡਿਤਾਂ ਖ਼ਿਲਾਫ਼ ਹਿੰਸਾ ‘ਤੇ ਆਧਾਰਿਤ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਕਈ ਸੂਬਿਆਂ ਨੇ ਟੈਕਸ ਮੁਕਤ ਕਰ ਦਿੱਤਾ ਹੈ, ਪਰ ਸੂਤਰ ਦੱਸਦੇ ਹਨ ਕਿ ਬੰਗਾਲ ਦੀ ਮਮਤਾ ਸਰਕਾਰ ਇਸ ਨੂੰ ਟੈਕਸ ਮੁਕਤ ਕਰਨ ‘ਤੇ ਵਿਚਾਰ ਨਹੀਂ ਕਰ ਰਹੀ ਹੈ। ਇਸ ਵਿਚਾਲੇ ਫਿਲਮ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਕਹਿ ਦਿੱਤਾ ਕਿ ਕੋਈ ਵੀ ਇਸ ਨੂੰ ਥੀਏਟਰ ‘ਚ ਜਾ ਕੇ ਨਾ ਦੇਖੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਫਿਲਮਾਂ ‘ਚ ਬਨਾਉਟੀ ਕਹਾਣੀ ਹੁੰਦੀ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੁੰਦੀ। ਫਿਲਮ ਪੈਸੇ ਕਮਾਉਣ ਲਈ ਬਣਾਈ ਜਾਂਦੀ ਹੈ।
ਦੱਸਣਯੋਗ ਹੈ ਕਿ ਫਿਲਮ ਨੂੰ ਲੈ ਕੇ ਕੁਝ ਲੋਕ ਸਮਰਥਨ ਤਾਂ ਕੁਝ ਵਿਰੋਧ ‘ਚ ਖੜ੍ਹੇ ਹਨ। ਇਕ ਧਿਰ ਇਸ ਫਿਲਮ ਨੂੰ ਜੰਮੂ-ਕਸ਼ਮੀਰ ਵਿਚ ਪੰਡਿਤਾਂ ‘ਤੇ ਹੋਏ ਜ਼ਾਲਮਾਨਾ ਅੱਤਿਆਚਾਰ ਦੀ ਕਹਾਣੀ ਦੱਸ ਰਹੀ ਹੈ ਤਾਂ ਇਕ ਧਿਰ ਅਜਿਹੀ ਹੈ ਜਿਹੜੀ ਇਸ ਨੂੰ ਸਿਆਸੀ ਫ਼ਾਇਦੇ ਲਈ ਬਣਾਈ ਗਈ ਫਿਲਮ ਕਰਾਰ ਦੇ ਰਹੀ ਹੈ। ਇਸ ਵਿਚਾਲੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਕੈਂਪਸ ਵਿਚ ਬਿਨਾਂ ਨਾਂ ਲਈ ਕਿਹਾ ਕਿ ਕਿਸੇ ਨੂੰ ਵੀ ਸਿਨੇਮਾ ਹਾਲ ਵਿਚ ਜਾ ਕੇ ਫਿਲਮ ਦੇਖਣ ਦੀ ਜ਼ਰੂਰਤ ਨਹੀਂ ਹੈ। ਅਜਿਹੀਆਂ ਫਿਲਮਾਂ ਜਾਣ-ਬੁੱਝ ਕੇ ਬਣਾਈਆਂ ਜਾਂਦੀਆਂ ਹਨ ਤਾਂ ਕਿ ਨਫ਼ਰਤ ਫੈਲੇ ਅਤੇ ਹਿੰਸਾ ਹੋਵੇ। ਇਸ ਵਿਚਾਲੇ ਨੇਤਾ ਵਿਰੋਧੀ ਧਿਰ ਸੁਵੇਂਦੂ ਅਧਿਕਾਰੀ ਸਮੇਤ ਬੰਗਾਲ ਭਾਜਪਾ ਦੇ ਕਈ ਨੇਤਾਵਾਂ ਨੇ ਫਿਲਮ ਦੇਖੀ।