ਇਸਲਾਮਾਬਾਦ – ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀਐੱਮਐੱਲ-ਕਿਊ) ਨੇਤਾ ਤਾਰਿਕ ਬਸ਼ੀਰ ਚੀਮਾ ਨੇ ਪਾਕਿਸਤਾਨ ਸਰਕਾਰ ‘ਤੇ ਉਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਧਮਕਾਉਣ ਦਾ ਦੋਸ਼ ਲਗਾਇਆ ਹੈ। ਚੀਮਾ ਮੁਤਾਬਕ ਸਰਕਾਰ ਨੇ ਉਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਬੇਭਰੋਸਗੀ ਮਤੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਵੋਟਿੰਗ ਨਾ ਕਰਨ ਲਈ ਕਿਹਾ ਹੈ। ਵਿਰੋਧੀ ਧਿਰ ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਸੰਸਦ ਲਾਜ ‘ਤੇ ਪੁਲਿਸ ਛਾਪੇਮਾਰੀ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਰਕਾਰ ਇਸਲਾਮਾਬਾਦ ‘ਚ ਸਿੰਧ ਹਾਊਸ ‘ਤੇ ਹਮਲਾ ਬੋਲਣ ਦੀ ਯੋਜਨਾ ਬਣਾ ਰਹੀ ਹੈ।
ਚੀਮਾ ਨੇ ਪੀਐੱਮਐੱਲ-ਕਿਊ ਨੇਤਾ ਪਰਵੇਜ਼ ਇਲਾਹੀ ਦੀ ਪਕਿਸਤਾਨੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦਾ ਹਵਾਲਾ ਦਿੱਤਾ ਜਿਸ ‘ਚ ਉਨ੍ਹਾਂ ਨੇ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਇੰਟਰਵਿਊ ‘ਚ ਪਰਵੇਜ਼ ਨੇ ਕਿਹਾ ਕਿ ਸੀ ਕਿ ਪੀਟੀਆਈ ਦੇ ਸਾਰੇ ਸਹਿਯੋਗੀਆਂ ਦਾ 100 ਫ਼ੀਸਦੀ ਰੁਝਾਨ ਵਿਰੋਧੀ ਪਾਰਟੀਆਂ ਵੱਲ ਹੈ। ਉਨ੍ਹਾਂ ਨੇ ਕਿਹਾ ਕਿ ਖ਼ਾਨ ਸਾਹਿਬ ਇਸ ਰੁਝਾਨ ਨੂੰ ਮੋੜਨ ਦਾ ਫਰਜ਼ ਨਿਭਾਉਣ। ਪਰ ਵਫ਼ਦ ਭੇਜਣ ਦਾ ਸਮਾਂ ਬੀਤ ਚੁੱਕਿਆ ਹੈ। ਉਨ੍ਹਾਂ ਨੇ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਂਦੀ।