ਬੀਜਿੰਗ – ਚੀਨ ਦਾ ਇਕ ਯਾਤਰੀ ਹਵਾਈ ਜਹਾਜ਼ ਸੋਮਵਾਰ ਨੂੰ ਦੱਖਣੀ ਗੁਆਂਗਸ਼ੀ ਝੁਆਂਗ ਖ਼ੁਦਮੁਖ਼ਤਿਆਰ ਖੇਤਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ‘ਚ 132 ਮੁਸਾਫ਼ਰ ਸਵਾਰ ਸਨ। ਜਹਾਜ਼ ਕੁਨਮਿੰਗ ਤੋਂ ਗੁਆਂਗਜ਼ੂ ਲਈ ਰਵਾਨਾ ਹੋਇਆ ਸੀ। ਜਹਾਜ਼ ਪਹਾੜ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ। ਖੇਤਰੀ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਹਵਾਲੇ ਨਾਲ ਸਿਨਹੁਆ ਨੇ ਕਿਹਾ ਕਿ ਚੀਨ ਈਸਟਰਨ ਏਅਰਲਾਈਨਸ ਦੇ ਬੋਇੰਗ 737 ਜਹਾਜ਼ ਨੇ ਕੁਨਮਿੰਗ ਤੋਂ ਗਵਾਂਗਝੂ ਲਈ ਉਡਾਣ ਭਰੀ ਸੀ। ਇਹ ਜਹਾਜ਼ ਬੁਝੋਉ ਸ਼ਹਿਰ ਤੇ ਤੇਂਗਜਿਆਨ ਕਾਊਂਟੀ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਉੱਥੇ ਪਹਾੜਾਂ ‘ਚ ਅੱਗ ਲੱਗ ਗਈ। ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।
ਅਧਿਕਾਰਤ ਮੀਡੀਆ ਨੇ ਦੱਸਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਹਾਜ਼ ਹਾਦਸੇ ਤੋਂ ਬਾਅਦ ਫ਼ੌਰੀ ਤੌਰ ‘ਤੇ ਐਮਰਜੈਂਸੀ ਕਾਰਵਾਈ ਸ਼ੁਰੂ ਕਰਨ, ਤਲਾਸ਼ੀ ਮੁਹਿੰਮ ਤੇ ਬਚਾਅ ਕਾਰਜ ਸ਼ੁਰੂ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਪਛਾਣ ਕਰਨ ਲਈ ਫ਼ੌਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਲੀ ਸ਼ਿਆਂਗ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਭਰੋਸਾ ਦੇਣ ਤੇ ਉਨ੍ਹਾਂ ਨੂੰ ਸਹਾਇਤਾ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਘਟਨਾ ਦੀ ਜਾਂਚ ਕਰਨ ਤੇ ਸ਼ਹਿਰੀ ਹਵਾਬਾਜ਼ੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਖ਼ਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ। ਚੀਨ ਦੇ ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ 132 ਲੋਕਾਂ ‘ਚ 123 ਯਾਤਰੀ ਤੇ ਚਾਲਕ ਦਲ ਦੇ ਨੌਂ ਮੈਂਬਰ ਸ਼ਾਮਿਲ ਹਨ। ਇਨ੍ਹਾਂ ‘ਚ ਵਿਦੇਸ਼ ਦਾ ਕੋਈ ਨਾਗਰਿਕ ਨਹੀਂ ਸੀ। ਸਾਰੇ ਚੀਨ ਦੇ ਹੀ ਨਾਗਰਿਕ ਸਨ। ਮਰਨ ਵਾਲਿਆਂ ਦੀ ਗਿਣਤੀ ਸਪਸ਼ਟ ਨਹੀਂ ਹੈ। ਬਚਾਅ ਕਰਮੀ ਘਟਨਾ ਸਥਾਨ ‘ਤੇ ਪਹੁੰਚ ਰਹੇ ਹਨ। ਸੂਬਾ ਸਰਕਾਰ ਮੁਤਾਬਕ ਪਹਿਲਾ ਬਚਾਅ ਦਲ ਦੂਰ ਦੁਰਾਡੇ ਦੇ ਪਹਾੜਾਂ ‘ਚ ਪਹੁੰਚ ਗਿਆ ਹੈ। ਵੁਝੋਊ ਫਾਇਰ ਬਿ੍ਗੇਡ ਨੇ 23 ਫਾਇਰ ਬਿ੍ਗੇਡ ਟਰੱਕਾਂ ਨਾਲ 117 ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਹੈ। ਖੇਤਰੀ ਫਾਇਰ ਬਿ੍ਗੇਡ ਵਿਭਾਗ ਨੇ ਕਿਹਾ ਹੈ ਕਿ ਗੁਆਂਗਸ਼ੀ ਦੇ ਹੋਰ ਹਿੱਸਿਆਂ ‘ਚ 538 ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਬਚਾਅ ਕਾਰਜਾਂ ‘ਚ ਸ਼ਾਮਿਲ ਹੋਣ ਲਈ ਭੇਜਿਆ ਗਿਆ ਹੈ। ਖੇਤਰੀ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਇਕ ਅਧਿਕਾਰੀ ਚੇਨ ਜੀ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਤੇ ਬਚਾਅ ਮੁਹਿੰਮ ਜਾਰੀ ਹੈ। ਸੀਸੀਟੀਵੀ ਦੀ ਰਿਪੋਰਟ ਹੈ ਕਿ ਏਅਰਲਾਈਨਸ ਨੇ ਹਾਦਸੇ ਦੀ ਜਾਂਚ ਤੇ ਸਹਾਇਤਾ ਲਈ ਨੌਂ ਟੀਮਾਂ ਬਣਾਈਆਂ ਹਨ। ਇਕ ਨਿਊਜ਼ ਪੋਰਟਲ ਮੁਤਾਬਕ ਉਡਾਣ ਐੱਮਯੂ 5735 ਕੁਨਮਿੰਗ ਤੋਂ ਦੁਪਹਿਰ 1.10 ਵਜੇ (ਸਥਾਨਕ ਸਮੇਂ ਮੁਤਾਬਕ) ਉਡਾਣ ਭਰਨ ਤੋਂ ਬਾਅਦ 2.52 ਵਜੇ (ਸਥਾਨਕ ਸਮੇਂ ਮੁਤਾਬਕ) ਗਵਾਂਗਝੂ ਪਹੁੰਚਣ ਵਾਲੀ ਸੀ, ਪਰ ਹੁਣ ਇਸ ਨੂੰ ਬੈਯੁਨ ਹਵਾਈ ਅੱਡੇ ਦੇ ਐਪ ‘ਤੇ ਪਹੁੰਚ ਤੋਂ ਬਾਹਰ ਦਿਖਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਕਥਿਤ ਤੌਰ ‘ਤੇ ਘਟਨਾ ਸਥਾਨ ਤੋਂ ਆਉਣ ਵੀਡੀਓ ਇੰਟਰਨੈੱਟ ਮੀਡੀਆ ‘ਤੇ ਪ੍ਰਸਾਰਿਤ ਹੋਣ ਲੱਗੀਆਂ, ਜਿਨ੍ਹਾਂ ‘ਚ ਇਕ ਪਹਾੜੀ ਤੋਂ ਧੂੰਆਂ ਉੱਠਦਾ ਹੋਇਆ ਤੇ ਜ਼ਮੀਨ ‘ਤੇ ਮਲਬਾ ਦਿਖਾਈ ਦੇ ਰਿਹਾ ਹੈ।
ਚੀਨ ‘ਚ ਹੋਏ ਹਾਦਸੇ ਤੋਂ ਬਾਅਦ ਬੋਇੰਗ 737 ਜਹਾਜ਼ ਇਕ ਵਾਰ ਫਿਰ ਚਰਚਾ ‘ਚ ਹੈ। ਇਸ ਦਰਦਨਾਕ ਹਾਦਸੇ ਨਾਲ 10 ਮਾਰਚ 2019 ਦਾ ਉਹ ਦਿਨ ਵੀ ਯਾਦ ਆ ਗਿਆ ਜਦੋਂ ਬੋਇੰਗ 737 ਜਹਾਜ਼ ਇਥੋਪੀਆ ਵਿੱਚ ਕਰੈਸ਼ ਹੋ ਗਿਆ ਸੀ। ਜਹਾਜ਼ ਵਿੱਚ 157 ਲੋਕ ਸਵਾਰ ਸਨ ਤੇ ਸਾਰੇ ਮਾਰੇ ਗਏ ਸਨ। ਇਹ ਹਾਦਸਾ ਅਦੀਸ ਅਬਾਬਾ ਨੇੜੇ ਵਾਪਰਿਆ। ਇਹ ਜਹਾਜ਼ ਇਥੋਪੀਅਨ ਏਅਰਲਾਈਨਜ਼ ਦਾ ਸੀ। ਇਹ ਜਹਾਜ਼ ਕੀਨੀਆ ਦੀ ਰਾਜਧਾਨੀ ਨੈਰੋਬੀ ਜਾ ਰਿਹਾ ਸੀ। ਜਹਾਜ਼ ‘ਚ ਕੁੱਲ 149 ਯਾਤਰੀ ਤੇ 8 ਕਰੂ ਮੈਂਬਰ ਸਵਾਰ ਸਨ। ਜਹਾਜ਼ ਨੇ ਬੋਲੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ। ਇਹ ਹਾਦਸਾ ਅਕਤੂਬਰ 2018 ‘ਚ ਵੀ ਵਾਪਰਿਆ ਸੀ।
ਇਸ ਘਟਨਾ ਤੋਂ ਪਹਿਲਾਂ ਅਕਤੂਬਰ 2018 ਵਿੱਚ ਇੰਡੋਨੇਸ਼ੀਆ ਵਿੱਚ ਵੀ ਇੱਕ ਹਾਦਸਾ ਵਾਪਰਿਆ ਸੀ। 29 ਅਕਤੂਬਰ 2018 ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇੱਥੇ ਲਾਇਨ ਏਅਰ ਦਾ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਦੇ 13 ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ ਚਾਲਕ ਦਲ ਸਮੇਤ ਕੁੱਲ 189 ਲੋਕ ਸਵਾਰ ਸਨ। ਇਨ੍ਹਾਂ 189 ਲੋਕਾਂ ‘ਚ 178 ਲੋਕਾਂ ਤੋਂ ਇਲਾਵਾ 3 ਬੱਚੇ 2 ਪਾਇਲਟ ਅਤੇ 5 ਕੈਬਿਨ ਕਰੂ ਸਵਾਰ ਸਨ। ਇਸ ਹਾਦਸੇ ਵਿੱਚ ਸਾਰੇ 189 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਤੋਂ 9 ਸਾਲ ਪਹਿਲਾਂ 2013 ਵਿੱਚ ਵੀ ਇੱਥੇ ਇੱਕ ਬੋਇੰਗ-737 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਕਰੀਬ 108 ਲੋਕ ਮਾਰੇ ਗਏ ਸਨ।