ਅੰਮ੍ਰਿਤਸਰ – ਚੀਨ ਮਗਰੋਂ ਅਮਰੀਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਲਤੀਆਂ ਦੇ ਨਾਲ ਛਾਪਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ‘ਤੇ ਸਖਤ ਨੋਟਿਸ ਲਿਆ ਹੈ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਮਰੀਕਾ ਵਿੱਚ ਛਾਪਣ ਦੀ ਹਰਕਤ ਅਮਰੀਕੀ ਸੰਸਥਾ ਸਿੱਖ ਬੁਕ ਕਲੱਬ ਦੇ ਮਾਲਕ ਤੇ ਪਬਲਿਸ਼ਰ ਥਮਿੰਦਰ ਸਿੰਘ ਆਨੰਦ ਵੱਲੋਂ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰੀਕੀ ਸੰਸਥਾ ਸਿੱਖ ਬੁਕ ਕਲੱਬ ਦੇ ਮਾਲਿਕ ਤੇ ਪਬਲਿਸ਼ਰ ਥਮਿੰਦਰ ਸਿੰਘ ਆਨੰਦ ਨੇ ਪਾਵਨ ਸਰੂਪ ਨੂੰ sukhbookclub.com ‘ਤੇ ਪੀ.ਡੀ.ਐੱਫ. ਬਣਾ ਕੇ ਅਪਲੋਡ ਵੀ ਕਰ ਦਿੱਤਾ ਹੈ। ਦੋਸ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੀ.ਡੀ.ਐੱਫ. ਫਲਾਈ ਨੂੰ ਡਾਊਨਲੋਡ ਕਰਨ ਦੀ ਵੀ ਸਹੂਲਤ ਦਿੱਤੀ ਹੈ।
ਦੋਸ਼ੀ ਵੱਲੋਂ ਵੈੱਬਸਾਈਟ ‘ਤੇ ਅਪਲੋਡ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਗਲਤੀਆਂ ਵੀ ਹਨ। ਪ੍ਰਧਾਨ ਧਾਮੀ ਨੇ ਇਸ ਹਰਕਤ ਲਈ ਥਮਿੰਦਰ ਸਿੰਘ ‘ਤੇ ਕਾਰਵਾਈ ਕਰਨ ਦੀ ਮੰਗ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੈੱਬਸਾਈਟ ਤੋਂ ਪੀ.ਡੀਐੱਫ. ਫਾਈਲ ਨੂੰ ਹਟਾਉਣ ਤੇ ਉਸ ਨੂੰ ਡਾਊਨਲੋਡ ਨਾ ਕਰਨ ਲਈ ਵੀ ਕਿਹਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਜਲਦ ਹੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਥਮਿੰਦਰ ਸਿੰਘ ਆਨੰਦ ਨੇ ਪਹਿਲਾਂ ਵੀ ਚੀਨ ਤੋਂ ਪਾਵਨ ਸਰੂਪ ਪ੍ਰਿੰਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਦੋਸ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਿੰਟ ਕਰਵਾ ਕੇ ਅਮਰੀਕਾ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਉਸ ਖਿਲਾਫ ਉਦੋਂ ਅੰਮ੍ਰਿਤਸਰ ਵਿੱਚ 28 ਨਵੰਬਰ 2014 ਨੂੰ ਐੱਫ.ਆਈ.ਆਰ. ਦਰਜ ਕਰਵਾਈ ਸੀ। ਦੋਸ਼ੀ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿਟ ਵੀ ਦਾਇਰ ਕੀਤੀ ਗਈ। ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਣ ਵਾਲੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਓਂਕਾਰ ਸਿੰਘ ਨਾਂ ਦੇ ਬੰਦੇ ਨੇ ਵੀ ਗੁਰਬਾਣੀ ਦੀ ਲਿਪੀ ਨਾਲ ਛੇੜਛਾੜ ਕੀਤੀ ਸੀ। ਇਸ ‘ਤੇ ਅਕਾਲ ਤਖਤ ਸਾਹਿਬ ਨੇ ਰੋਕ ਲਗਵਾਈ ਸੀ। ਓਂਕਾਰ ਸਿੰਘ ਦੁਬਾਰਾ ਛੇੜਛਾੜ ਦੀਆਂ ਕੋਸਿਸ਼ਾਂ ਵਿੱਚ ਹੈ ਤੇ ਉਸ ਖਿਲਾਫ ਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।