Articles

ਇਸ ਤੋਂ ਪਹਿਲਾਂ ਵੀ ਕਈ ਹੰਕਾਰੀ ਮਹਾਂ-ਸ਼ਕਤੀਆਂ ਨੇ ਕਮਜ਼ੋਰ ਦੇਸ਼ਾਂ ਤੋਂ ਲੱਕ ਤੋੜਵੀਂ ਹਰ ਖਾਧੀ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਰੂਸ ਦੇ ਯੂਕਰੇਨ ਉੱਪਰ ਹਮਲੇ ਹੋਏ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਇਹ ਦੂਸਰੀ ਸੰਸਾਰ ਜੰਗ ਤੋਂ ਬਾਅਦ ਯੂਰਪ ਦਾ ਸਭ ਤੋਂ ਭਿਆਨਕ ਯੁੱਧ ਬਣ ਗਿਆ ਹੈ। ਰੂਸ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਹੋ ਗਈ ਹੈ, ਨਾ ਖਾਣ ਜੋਗਾ ਤੇ ਨਾ ਛੱਡਣ ਜੋਗਾ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨੇ ਕਮਾਲ ਦੀ ਬਹਾਦਰੀ ਅਤੇ ਸਿਰੜ ਦਾ ਵਿਖਾਵਾ ਕੀਤਾ ਹੈ। ਪੱਛਮੀ ਦੇਸ਼ਾਂ ਦੀ ਸਲਾਹ ਦੇ ਉਲਟ ਉਹ ਕੀਵ ਵਿਖੇ ਡਟਿਆ ਹੋਇਆ ਹੈ ਤੇ ਆਪਣੀਆਂ ਫੌਜਾਂ ਦੀ ਦਲੇਰੀ ਨਾਲ ਅਗਵਾਈ ਕਰ ਰਿਹਾ ਹੈ। ਰੂਸ ਨੇ ਯੂਕਰੇਨ ਦਾ ਲੱਕ ਤੋੜਨ ਲਈ ਆਮ ਗੋਲਾ ਬਾਰੂਦ ਤੋਂ ਇਲਾਵਾ ਆਪਣੇ ਸਭ ਤੋਂ ਆਧੁਨਿਕ ਹਥਿਆਰਾਂ ਜਿਵੇਂ ਫਾਸਫੋਰਸ, ਕਲੱਸਟਰ ਅਤੇ ਥਰਮੋਬਾਰਿਕ ਬੰਬ, ਕਿੰਜਲ ਹਾਈਪਰਸੌਨਿਕ ਅਤੇ ਇਸਕੰਦਰ ਮਿਜ਼ਾਈਲਾਂ ਆਦਿ ਦੀ ਵਰਤੋਂ ਕਰ ਕੇ ਵੇਖ ਲਈ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਕੀਵ, ਲਵੀਵ, ਉਡੇਸਾ, ਮਾਰੀਉਪੋਲ ਅਤੇ ਖਾਰਕੀਵ ਵਰਗੇ ਘੁੱਗ ਵੱਸਦੇ ਖੁਬਸੂਰਤ ਸ਼ਹਿਰ ਮਲਬੇ ਦਾ ਢੇਰ ਬਣ ਗਏ ਹਨ। ਪਹਿਲਾਂ ਰੂਸ ਨੇ ਕਿਹਾ ਸੀ ਕਿ ਉਹ ਸਿਰਫ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ। ਪਰ ਯੂਕਰੇਨ ਦੀ ਦ੍ਰਿੜਤਾ ਅਤੇ ਟਾਕਰੇ ਦੀ ਇੱਛਾ ਸ਼ਕਤੀ ਤੋਂ ਖਿਝੇ੍ਹ ਹੋਏ ਪੂਤਿਨ ਨੇ ਹੁਣ ਘਰਾਂ, ਹਸਪਤਾਲਾਂ, ਸਕੂਲਾਂ ਅਤੇ ਸਿਵਲ ਸਰਕਾਰੀ ਇਮਾਰਤਾਂ ਨੂੰ ਵੀ ਢਹਿ ਢੇਰੀ ਕਰਨਾ ਸ਼ੁਰੂ ਕਰ ਦਿੱਤਾ ਹੈ। 35 ਲੱਖ ਤੋ ਵੱਧ ਯੂਕਰੇਨੀ ਆਪਣਾ ਘਰ ਘਾਟ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਰਫਿਊਜੀਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਪਰ ਰੂਸ ਨੂੰ ਸਬਕ ਸਿਖਾਉਣ ਅਤੇ ਮਾਤ ਭੂਮੀ ਦੀ ਰਾਖੀ ਲਈ ਹਜ਼ਾਰਾਂ ਆਮ ਯੂਕਰੇਨੀ ਨਾਗਰਿਕ ਹਥਿਆਰ ਚੁੱਕ ਕੇ ਆਪਣੀ ਫੌਜ ਦਾ ਸਾਥ ਦੇ ਰਹੇ ਹਨ। ਛਾਪਾਮਾਰ ਜੰਗ ਤੋਂ ਡਰਦੀ ਮਾਰੀ ਰੂਸੀ ਫੌਜ ਅਜੇ ਤੱਕ ਕਿਸੇ ਵੀ ਅਹਿਮ ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕੀ।
ਰੂਸ ਤੋਂ ਪਹਿਲਾਂ ਵੀ ਕਈ ਮਹਾਂ ਸ਼ਕਤੀਆਂ ਦੁਸ਼ਮਣ ਦੇਸ਼ ਨੂੰ ਕਮਜ਼ੋਰ ਸਮਝ ਕੇ ਸ਼ਰਮਿੰਦਗੀ ਭਰੀ ਹਾਰ ਦਾ ਸਾਹਮਣਾ ਕਰ ਚੁੱਕੀਆਂ ਹਨ। ਫਰਾਂਸ ਦਾ ਬਾਦਸ਼ਾਹ ਨੈਪੋਲੀਆਨ (ਸ਼ਾਸਨ ਮਈ 1804 ਤੋਂ ਅਪਰੈਲ 1814) ਸੰਸਾਰ ਦੇ ਚੋਟੀ ਦੇ ਜੇਤੂਆਂ ਵਿੱਚ ਆਉਂਦਾ ਹੈ। ਉਸ ਨੇ ਇੰਗਲੈਂਡ ਅਤੇ ਰੂਸ ਨੂੰ ਛੱਡ ਕੇ ਤਕਰੀਬਨ ਸਾਰੇ ਯੂਰਪ ‘ਤੇ ਕਬਜ਼ਾ ਜਮਾ ਲਿਆ ਸੀ। ਰੂਸ ਉਸ ਵੇਲੇ ਯੂਰਪ ਦੇ ਕਮਜ਼ੋਰ ਦੇਸ਼ਾਂ ਵਿੱਚ ਗਿਣਿਆਂ ਜਾਂਦਾ ਸੀ ਤੇ ਨੈਪੋਲੀਅਨ ਹੱਥੋਂ ਕਈ ਵਾਰ ਹਾਰ ਖਾਣ ਦੇ ਬਾਵਜੂਦ ਤਤਕਾਲੀ ਬਾਦਸ਼ਾਹ ਜ਼ਾਰ ਅਲੈਕਜ਼ੈਂਡਰ ਨੇ ਗੋਡੇ ਨਹੀਂ ਸਨ ਟੇਕੇ। ਰੂਸ ਨੂੰ ਸਬਕ ਸਿਖਾਉਣ ਲਈ ਨੈਪੋਲੀਅਨ ਨੇ 24 ਜੂਨ 1812 ਈਸਵੀ ਨੂੰ ਸਾਢੇ ਛੇ ਲੱਖ ਫੌਜ ਲੈ ਕੇ ਰੂਸ ‘ਤੇ ਚੜ੍ਹਾਈ ਕਰ ਦਿੱਤੀ। ਫਰਾਂਸ ਦੀਆਂ ਰੂਸ ਨਾਲ ਬੋਰੋਦੀਨੋ, ਸਮਾਲੈਂਸਕ, ਮਲੋਆਸਵੈਤ, ਕਰਾਸਨੋਈ ਦੇ ਸਥਾਨ ‘ਤੇ ਵੱਡੀਆਂ ਜੰਗਾਂ ਹੋਈਆਂ ਤੇ 14 ਸਤੰਬਰ ਨੂੰ ਨੈਪੋਲੀਅਨ ਨੇ ਮਾਸਕੋ ‘ਤੇ ਕਬਜ਼ਾ ਕਰ ਲਿਆ। ਰੂਸੀਆਂ ਨੇ ਮਾਸਕੋ ਅਤੇ ਆਸ ਪਾਸ ਦੇ ਸ਼ਹਿਰਾਂ, ਪਿੰਡਾਂ, ਅਨਾਜ਼ ਦੇ ਗੋਦਾਮਾਂ ਅਤੇ ਖੇਤ ਖਲਿਹਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ ਫਰਾਂਸੀਸੀ ਫੌਜ ਵਿੱਚ ਭੁੱਖਮਰੀ ਫੈਲ ਗਈ। ਉੱਪਰੋਂ ਰੂਸ ਦੀ ਜਬਰਸਤ ਠੰਡ, ਬਿਮਾਰੀਆਂ ਅਤੇ ਛਾਪਾਮਾਰ ਜੰਗ ਨੇ ਫਰਾਂਸੀਸੀਆਂ ਦੀ ਜਾਨ ਤੰਗ ਕਰ ਦਿੱਤੀ ਤੇ ਉਹ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮਰਨ ਲੱਗ ਪਏ। ਰੂਸੀ ਬਾਦਸ਼ਾਹ ਨੇ ਨੈਪੋਲੀਅਨ ਦੀ ਕੋਈ ਵੀ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਆਖਰ ਮਜ਼ਬੂਰ ਹੋ ਕੇ ਨੈਪੋਲੀਅਨ ਨੇ ਦਸੰਬਰ 1812 ਈਸਵੀ ਵਿੱਚ ਵਾਪਸ ਚਾਲੇ ਪਾ ਦਿੱਤੇ। ਉਸ ਦੀ ਸਾਢੇ ਛੇ ਲੱਖ ਫੌਜ ਵਿੱਚੋਂ ਸਿਰਫ 10000 ਸੈਨਿਕ ਹੀ ਜਿੰਦਾ ਫਰਾਂਸ ਪਹੁੰਚ ਸਕੇ। ਨੈਪੋਲੀਅਨ ਫਿਰ ਕਦੀ ਇਸ ਨੁਕਸਾਨ ਤੋਂ ਉੱਭਰ ਨਾ ਸਕਿਆ ਤੇ 19 ਅਕਤੂਬਰ 1813 ਈਸਵੀ ਨੂੰ ਰੂਸ, ਇੰਗਲੈਂਡ, ਜਰਮਨੀ ਅਤੇ ਆਸਟਰੀਆ ਦੀਆਂ ਸਾਂਝੀਆਂ ਫੌਜਾਂ ਨੇ ਉਸ ਨੂੰ ਲੀਪਜ਼ਿਗ ਦੀ ਜੰਗ ਵਿੱਚ ਹਰਾ ਕੇ ਤਖਤ ਬਰਦਾਰ ਕਰ ਦਿੱਤਾ।
ਨੈਪੋਲੀਅਨ ਵਾਲੀ ਗਲਤੀ ਹਿਟਲਰ ਨੇ ਵੀ ਕੀਤੀ ਸੀ। ਦੂਸਰੇ ਸੰਸਾਰ ਯੁੱਧ ਦੌਰਾਨ ਉਸ ਨੇ ਸਾਰੇ ਯੂਰਪ ‘ਤੇ ਕਬਜ਼ਾ ਜਮਾ ਲਿਆ ਤੇ ਹਵਾਈ ਬੰਬਾਰੀ ਨਾਲ ਇੰਗਲੈਂਡ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ। ਹਿਟਲਰ ਕੌਮਨਿਸਟਾਂ ਨੂੰ ਬੇਹੱਦ ਨਫਰਤ ਕਰਦਾ ਸੀ। ਇਸ ਕਾਰਨ 22 ਜੂਨ 1941 ਨੂੰ ਉਸ ਨੇ ਬਿਨਾਂ ਕਿਸੇ ਕਾਰਨ ਰੂਸ ‘ਤੇ ਹਮਲਾ ਬੋਲ ਦਿੱਤਾ। ਉਹ ਪੋਲੈਂਡ ‘ਤੇ ਕਬਜ਼ਾ ਕਰ ਕੇ ਰੂਸ ਦੇ ਵਿਸ਼ਾਲ ਇਲਾਕਿਆਂ ਨੂੰ ਰੌਂਦਦਾ ਹੋਇਆ ਮਾਸਕੋ ਦੇ ਨਜ਼ਦੀਕ ਪਹੁੰਚ ਗਿਆ। ਪਰ ਸ਼ੁਰੂਆਤੀ ਕਾਮਯਾਬੀ ਦੇ ਬਾਵਜੂਦ ਜਰਮਨ ਫੌਜ ਮਾਸਕੋ ਨੂੰ ਜਿੱਤ ਨਾ ਸਕੀ। ਰੂਸੀ ਫੌਜ ਦੇ ਕਰੜੇ ਵਿਰੋਧ ਕਾਰਨ ਹਿਟਲਰ ਨੇ ਮਾਸਕੋ ਦੀ ਬਜਾਏ ਰੂਸ ਦੇ ਦੱਖਣ ਵੱਲ ਹਮਲਾ ਕਰਨ ਦਾ ਫੈਸਲਾ ਕਰ ਲਿਆ। ਉਸ ਦਾ ਮਕਸਦ ਸਟਾਲਿਨਗਰਾਦ ‘ਤੇ ਕਬਜ਼ਾ ਜਮਾ ਕੇ ਵੋਲਗਾ ਦਰਿਆ ਨੂੰ, ਜੋ ਕੈਸਪੀਅਨ ਸਾਗਰ ਤੋਂ ਕੇਂਦਰੀ ਰੂਸ ਵੱਲ ਇੱਕ ਅਹਿਮ ਜਲ ਮਾਰਗ ਸੀ, ਬੰਦ ਕਰਨਾ ਸੀ ਜਿਸ ਨਾਲ ਮਾਸਕੋ ਅਤੇ ਕੇਂਦਰੀ ਰੂਸ ਵੱਲ ਹਥਿਆਰਾਂ ਅਤੇ ਰਸਦ ਦੀ ਸਪਲਾਈ ਬੰਦ ਹੋ ਜਾਣੀ ਸੀ। ਸਟਾਲਿਨਗਰਾਦ ਦੀ ਲੜਾਈ 23 ਅਗਸਤ 1942 ਤੋਂ 2 ਫਰਵਰੀ 1943 ਤੱਕ ਚੱਲੀ ਤੇ ਜਰਮਨ ਫੌਜ ਇਥੇ ਬੁਰੀ ਤਰਾਂ ਨਾਲ ਫਸ ਗਈ। ਸਿਰਫ ਛੇ ਮਹੀਨਿਆਂ ਵਿੱਚ ਹੀ 8 ਲੱਖ ਦੇ ਕਰੀਬ ਜਰਮਨ ਅਤੇ 11 ਲੱਖ ਦੇ ਕਰੀਬ ਰੂਸੀ ਸੈਨਿਕ ਮਾਰੇ ਗਏ। ਆਖਰ ਜਰਮਨੀ ਨੂੰ ਸ਼ਹਿਰ ਖਾਲੀ ਕਰਨਾ ਪਿਆ। ਇਸ ਜੰਗ ਤੋਂ ਬਾਅਦ ਦੁਬਾਰਾ ਜਰਮਨੀ ਦੇ ਪੈਰ ਨਾ ਲੱਗੇ ਤੇ 2 ਸਤੰਬਰ 1945 ਨੂੰ ਰੂਸ, ਅਮਰੀਕਾ, ਇੰਗਲੈਂਡ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਨੇ ਬਰਲਿਨ ‘ਤੇ ਕਬਜ਼ਾ ਕਰ ਲਿਆ ਤੇ ਜਰਮਨੀ ਨੂੰ ਪੂਰਬੀ ਅਤੇ ਪੱਛਮੀ ਜਰਮਨੀ ਵਿੱਚ ਵੰਡ ਦਿੱਤਾ ਗਿਆ।
ਵੀਅਤਨਾਮ ਦੀ ਜੰਗ ਵਿੱਚ ਅਮਰੀਕਾ ਵਰਗੀ ਸੁਪਰ ਪਾਵਰ ਨੂੰ ਵੀਅਤਨਾਮ ਵਰਗੇ ਛੋਟੇ ਜਿਹੇ ਦੇਸ਼ ਤੋਂ ਮੂੰਹ ਦੀ ਖਾਣੀ ਪਈ ਸੀ। ਮਈ 1954 ਵਿੱਚ ਫਰਾਂਸ ਨੇ ਵੀਅਤਨਾਮ ਨੂੰ ਅਜ਼ਾਦ ਕਰ ਕੇ ਕਮਿਊਨਿਸਟ ਉੱਤਰੀ ਵੀਅਤਨਾਮ ਅਤੇ ਪੱਛਮ ਪੱਖੀ ਦੱਖਣੀ ਵੀਅਤਨਾਮ ਵਿੱਚ ਵੰਡ ਦਿੱਤਾ। ਦੱਖਣੀ ਵੀਅਤਨਾਮ ਦੀ ਸੁਰੱਖਿਆ ਅਮਰੀਕਾ ਨੇ ਸੰਭਾਲ ਲਈ ਤਾਂ ਜੋ ਏਸ਼ੀਆ ਵਿੱਚ ਰੂਸ ਅਤੇ ਚੀਨ ਦੇ ਪ੍ਰਭਾਵ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦਾ ਟਾਕਰਾ ਕਰਨ ਲਈ ਰੂਸ ਤੇ ਚੀਨ ਨੇ ਉੱਤਰੀ ਵੀਅਤਨਾਮ ਨੂੰ ਭਾਰੀ ਆਰਥਿਕ ਅਤੇ ਸੈਨਿਕ ਮਦਦ ਭੇਜਣੀ ਸ਼ੁਰੂ ਕਰ ਦਿੱਤੀ। ਇਸ ‘ਤੇ ਅਮਰੀਕਾ ਨੇ 1 ਨਵੰਬਰ 1955 ਨੂੰ ਉੱਤਰੀ ਵੀਅਤਨਾਮ ‘ਤੇ ਹਮਲਾ ਕਰ ਦਿੱਤਾ। ਜਵਾਬ ਵਿੱਚ ਉੱਤਰੀ ਵੀਅਤਨਾਮ ਨੇ ਗੁਰੀਲਾ ਜੰਗ ਸ਼ੁਰੂ ਕਰ ਦਿੱਤੀ ਜੋ 30 ਅਪਰੈਲ 1975 ਤੱਕ ਲਗਾਤਾਰ 19 ਸਾਲ 6 ਮਹੀਨੇ ਚੱਲਦੀ ਰਹੀ। ਇਸ ਵਿੱਚ ਦੋ ਲੱਖ ਦੇ ਕਰੀਬ ਉੱਤਰੀ ਵੀਅਤਨਾਮੀ ਤੇ 60000 ਦੇ ਕਰੀਬ ਅਮਰੀਕੀ ਸੈਨਿਕ ਮਾਰੇ ਗਏ। ਇਸ ਜੰਗ ਵਿੱਚ ਹੋਈ ਸ਼ਰਮਨਾਕ ਹਾਰ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਅਮਰੀਕਾ ਦੀ ਇੱਜ਼ਤ ਮਿੱਟੀ ਵਿੱਚ ਮਿਲ ਗਈ। ਅਮਰੀਕਾ ਦੇ ਭੱਜਣ ਤੋਂ ਕੁਝ ਕੁ ਦਿਨਾਂ ਬਾਅਦ ਹੀ ਉੱਤਰੀ ਵੀਅਤਨਾਮ ਨੇ ਦੱਖਣੀ ਵੀਅਤਨਾਮ ‘ਤੇ ਕਬਜ਼ਾ ਕਰ ਲਿਆ।
24 ਦਸੰਬਰ 1979 ਨੂੰ ਸੋਵੀਅਤ ਸੰਘ ਨੇ ਅਫਗਾਨਿਸਤਨ ਦੇ ਰਾਸ਼ਟਰਪਤੀ ਬਾਬਰਕ ਕਾਰਮਾਲ ਦੀ ਕਮਿਊਨਿਸਟ ਸਰਕਾਰ ਨੂੰ ਮੁਜ਼ਾਹਦੀਨ ਤੋਂ ਬਚਾਉਣ ਖਾਤਰ ਡੇਢ ਲੱਖ ਫੌਜ ਅਫਗਾਨਿਸਤਾਨ ਵਿੱਚ ਉਤਾਰ ਦਿੱਤੀ। ਅਮਰੀਕਾ ਦੀ ਅਗਵਾਈ ਹੇਠ ਪਾਕਿਸਤਾਨ, ਸਾਊਦੀ ਅਰਬ, ਇੰਗਲੈਂਡ, ਮਿਸਰ, ਪੱਛਮੀ ਜਰਮਨੀ ਅਤੇ ਇਜ਼ਰਾਈਲ ਆਦਿ ਨੇ ਮੁਜ਼ਾਹਦੀਨ ਨੂੰ ਹਥਿਆਰਾਂ ਨਾਲ ਲੈਸ ਕਰਨਾ ਸ਼ੁਰੂ ਕਰ ਦਿੱਤਾ। ਹੈਲੀਕਾਪਟਰਾਂ ਦਾ ਕਾਲ ਸਮਝੀ ਜਾਣ ਵਾਲੀ ਸਟਿੰਗਰ ਮਿਜ਼ਾਈਲ ਪਹਿਲੀ ਵਾਰ ਇਥੇ ਹੀ ਰੂਸੀਆਂ ਦੇ ਖਿਲਾਫ ਵਰਤੀ ਗਈ ਸੀ। ਦਸ ਸਾਲ ਦੀ ਜੰਗ (15 ਫਰਵਰੀ 1989 ਤੱਕ) ਵਿੱਚ 35000 ਤੋਂ ਵੱਧ ਸੈਨਿਕ ਮਰਵਾ ਕੇ ਆਖਰ ਸੋਵੀਅਤ ਸੰਘ ਨੂੰ ਉਥੋਂ ਨਿਕਲਣਾ ਪਿਆ। ਇਸ ਜੰਗ ਦਾ ਸੋਵੀਅਤ ਸੰਘ ‘ਤੇ ਮਾਰੂ ਅਸਰ ਹੋਇਆ। ਲੱਕ ਤੋੜਵੀਂ ਹਾਰ ਅਤੇ ਆਰਥਿਕਤਾ ਦੀ ਤਬਾਹੀ ਕਾਰਨ ਤਿੰਨ ਸਾਲਾਂ ਬਾਅਦ ਹੀ 1992 ਵਿੱਚ ਸੋਵੀਅਤ ਸੰਘ ਖਤਮ ਹੋ ਗਿਆ।
7 ਅਕਤੂਬਰ 2001 ਨੂੰ ਅਮਰੀਕਾ ਨੇ ਵੀ ਰੂਸ ਵਾਲੀ ਗਲਤੀ ਕਰ ਲਈ। ਉਸ ਨੇ 9 ਸਤੰਬਰ 2001 ਨੂੰ ਅਮਰੀਕਾ ਦੇ ਕਈ ਅਹਿਮ ਟਿਕਾਣਿਆਂ ‘ਤੇ ਹਵਾਈ ਜਹਾਜ਼ਾਂ ਰਾਹੀਂ ਹਮਲੇ ਕਰਵਾਉਣ ਦੇ ਦੋਸ਼ੀ ਉਸਾਮਾ ਬਿਨ ਲਾਦੇਨ ਨੂੰ ਪਕੜਨ ਅਤੇ ਉਸ ਦੀ ਪੁਸ਼ਤ ਪਨਾਹੀ ਕਰਨ ਵਾਲੇ ਤਾਲਿਬਾਨ ਨੂੰ ਸਜ਼ਾ ਦੇਣ ਲਈ ਅਫਗਾਨਿਸਤਾਨ ‘ਤੇ ਹਮਲਾ ਕਰ ਦਿੱਤਾ। ਤਾਲਿਬਾਨ ਦਾ ਤਖਤਾ ਪਲਟ ਦਿੱਤਾ ਗਿਆ ਤੇ 2 ਮਈ 2011 ਨੂੰ ਲਾਦੇਨ ਵੀ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿਖੇ ਮਾਰਿਆ ਗਿਆ। ਪਰ 20 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਵੀ ਅਮਰੀਕਾ ਤਾਲਿਬਾਨ ਨੂੰ ਖਤਮ ਨਾ ਕਰ ਸਕਿਆ ਤੇ ਆਖਰ 30 ਅਗਸਤ 2021 ਨੂੰ ਉਸ ਨੇ ਅਫਗਾਨਿਸਤਾਨ ਖਾਲੀ ਕਰ ਦਿੱਤਾ। ਤਾਲਿਬਾਨ ਨੇ ਕਮਾਲ ਦੀ ਤੇਜ਼ੀ ਵਿਖਾਉਂਦੇ ਹੋਏ ਸਿਰਫ 15 – 20 ਦਿਨਾਂ ਵਿੱਚ ਹੀ ਸਾਰੇ ਦੇਸ਼ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ। ਅਮਰੀਕੀ ਫੌਜ ਨੂੰ ਜੰਗੀ ਜ਼ਹਾਜਾਂ ਅਤੇ ਹੈਲੀਕਾਪਟਰਾਂ ਸਮੇਤ ਅਰਬਾਂ ਡਾਲਰ ਦਾ ਗੋਲਾ ਬਾਰੂਦ ਅਫਗਾਨਿਸਤਾਨ ਵਿੱਚ ਹੀ ਛੱਡ ਕੇ ਭੱਜਣਾ ਪਿਆ।
ਇਸ ਵੇਲੇ ਰੂਸ ਬਹੁਤ ਹੀ ਵਿਕਟ ਸਥਿੱਤੀ ਵਿੱਚ ਫਸਿਆ ਹੋਇਆ ਹੈ। ਪ੍ਰਤਿੱਸ਼ਠਾ ਅਤੇ ਸੈਨਿਕ ਨੁਕਸਾਨ ਤੋਂ ਇਲਾਵਾ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਉਸ ਦੀ ਆਰਥਿਕਤਾ ਤਬਾਹੀ ਦੇ ਕੰਢੇ ਪਹੁੰਚ ਗਈ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਇਦ ਯੁੱਧ ਨੂੰ ਜਲਦੀ ਖਤਮ ਕਰਨ ਦੀ ਸਨਕ ਵਿੱਚ ਪੂਤਿਨ ਐਟਮੀ ਅਤੇ ਕੈਮੀਕਲ ਹਥਿਆਰ ਵਰਤਣ ਦੀ ਗਲਤੀ ਨਾ ਕਰ ਬੈਠੇ। ਜੇ ਇਸ ਤਰਾਂ ਹੋ ਗਿਆ ਤਾਂ ਸੰਸਾਰ ਨੂੰ ਪਰਲੋ ਤੋਂ ਕੋਈ ਨਹੀਂ ਬਚਾ ਸਕੇਗਾ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin