ਵਾਸ਼ਿੰਗਟਨ – ਅਮਰੀਕਾ ਨੇ ਉੱਤਰੀ ਕੋਰੀਆ ਦੇ ਪੰਜ ਉੱਦਮਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਹ ਕਦਮ ਉੱਤਰੀ ਕੋਰੀਆ ਵੱਲੋਂ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਸਮੇਤ ਵੱਖ-ਵੱਖ ਮਿਜ਼ਾਈਲਾਂ ਦੀ ਪਰਖ ਨੂੰ ਲੈ ਕੇ ਚੁੱਕਿਆ ਗਿਆ ਹੈ।
ਅਮਰੀਕਾ ਨੇ ਸ਼ੁੱਕਰਵਾਰ ਨੂੰ ਜਿਨ੍ਹਾਂ ‘ਤੇ ਪਾਬੰਦੀ ਲਾਈ ਹੈ, ਉਨ੍ਹਾਂ ‘ਚ ਉੱਤਰੀ ਕੋਰੀਆ ਦਾ ਰਾਕਟ ਉਦਯੋਗ ਮੰਤਰਾਲਾ ਵੀ ਸ਼ਾਮਲ ਹੈ। ਉੱਤਰੀ ਕੋਰੀਆ ਨੇ ਹਾਲ ਹੀ ‘ਚ ਆਈਸੀਬੀਐੱਮ ਦੀ ਪਰਖ ਕੀਤੀ ਸੀ। ਉਸ ਨੇ ਚਾਰ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਲੰਬੀ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਪਰਖ ਕੀਤੀ। ਇਧਰ, ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਦੱਸਿਆ ਗਿਆ ਕਿ ਉੱਤਰੀ ਕੋਰੀਆ 2021 ‘ਚ ਆਪਣੀ ਪਰਮਾਣੂ ਸਮਰੱਥਾ ਵਿਕਸਿਤ ਕਰਨ ‘ਚ ਲੱਗਾ ਰਿਹਾ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਉਸ ਦੀ ਸਰ ਹੱਦਾਂ ਬੰਦ ਰਹੀਆਂ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਾਹਿਰਾਂ ਨੇ ਆਪਣੀ ਸਾਲਾਨਾ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ‘ਚ ਇਹ ਵੀ ਕਿਹਾ ਕਿ ਉੱਤਰੀ ਕੋਰੀਆ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵਾਂ ਤੋਂ ਬਚਦੇ ਹੋਏ ਵਿਦੇਸ਼ ਤੋਂ ਆਪਣੇ ਪਰਮਾਣੂ ਤੇ ਬੈਲਿਸਟਿਕ ਮਿਜ਼ਾਈਲ ਪ੍ਰਰੋਗਰਾਮ ਲਈ ਸਮੱਗਰੀ ਤੇ ਤਕਨੀਕ ਹਾਸਲ ਕਰਨ ‘ਚ ਲੱਗਾ ਹੈ।