ਕੈਨਬਰਾ – ਆਸਟ੍ਰੇਲੀਆ ਦੇ ਵਿੱਚ ਫੈਡਰਲ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ ਅਤੇ ਇਹ ਚੋਣਾਂ ਮਈ ਦੇ ਵਿੱਚ ਕਰਵਾਏ ਜਾਣ ਦੀ ਸੰਭਾਵਨਾਂ ਹੈ ਅਤੇ ਹੁਣ ਸਿਰਫ਼ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੇ ਵਲੋਂ ਇਸਦਾ ਅਧਿਕਾਰਤ ਤੌਰਨ ‘ਤੇ ਐਲਾਨ ਕਰਨਾ ਹੀ ਬਾਕੀ ਹੈ।
ਫੈਡਰਲ ਚੋਣਾਂ ਦੇ ਸਬੰਧ ਦੇ ਵਿੱਚ ਹਾਲ ਹੀ ਦੇ ਵਿੱਚ ਕਈ ਸਰਵੇਖਣ ਸ੍ਹਾਮਣੇ ਆਏ ਹਨ ਜਿਹਨਾਂ ਵਿੱਚ ਕਿਤੇ ਲਿਬਰਲ ਅਤੇ ਕਿਤੇ ਲੇਬਰ ਪਾਰਟੀ ਨੂੰ ਅੱਗੇ ਦਿਖਾਇਆ ਗਿਆ ਹੈ। ਤਾਜ਼ਾ ਹੋਏ ਸਰਵੇਖਣ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੂੰ ਸਕੌਟ ਮੌਰਿਸਨ ਤੋਂ ਕਿਤੇ ਜਿਆਦਾ ਪਸੰਦੀਦਾ ਪ੍ਰਧਾਨ ਪ੍ਰਧਾਨ ਮੰਤਰੀ ਦਿਖਾਇਆ ਗਿਆ ਹੈ। ਆਸਟ੍ਰੇਲੀਅਨ ਕਾਨੂੰਨ ਦੇ ਅਨੁਸਾਰ, ਚੋਣ ਬੁਲਾਏ ਜਾਣ ਅਤੇ ਪੋਲ ਦੇ ਦਿਨ ਵਿਚਕਾਰ ਘੱਟੋ-ਘੱਟ 33 ਦਿਨਾਂ ਦਾ ਸਮਾਂ ਹੋਣਾ ਚਾਹੀਦਾ ਹੈ। ਇਸਦਾ ਮਤਲਬ ਹੈ ਕਿ ਪਾਰਲੀਮੈਂਟ ਸੈਸ਼ਨ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਗਵਰਨਰ-ਜਨਰਲ ਨੂੰ 18 ਅਪ੍ਰੈਲ ਨੂੰ ਚੋਣ ਬੁਲਾਉਣ ਲਈ ਕਹਿ ਸਕਦੇ ਸਨ।
ਆਸਟ੍ਰੇਲੀਅਨ ਫੈਡਰਲ ਸਰਕਾਰ ਨੂੰ ਲੋਕਾਂ ਵਲੋਂ ਤਿੰਨ ਸਾਲਾਂ ਦੇ ਕਾਰਜਕਾਲ ਲਈ ਵੋਟ ਦਿੱਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਚੋਣਾਂ ਹੋਣ ਦੀ ਤਾਜ਼ਾ ਸੰਭਾਵਿਤ ਮਿਤੀ ਸ਼ਨੀਵਾਰ 21 ਮਈ, 2022 ਹੈ। ਲੇਬਰ ਪਾਰਟੀ ਨੇ 69 ਸੀਟਾਂ ‘ਤੇ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਪੀਕਰ ਚੁਣਨ ਅਤੇ ਸਰਕਾਰ ਬਣਾਉਣ ਲਈ ਕੁੱਲ ਸੱਤ ਸੀਟਾਂ ਜਿੱਤਣ ਦੀ ਲੋੜ ਹੈ। ਦੂਜੇ ਪਾਸੇ ਗੱਠਜੋੜ ਕੋਲ 76 ਸੀਟਾਂ ਹਨ ਅਤੇ ਇਸ ਨੂੰ ਆਪਣੀ ਸਰਕਾਰ ਬਣਾਈ ਰੱਖਣ ਅਤੇ ਲੇਬਰ ਦੀ ਕਿਸੇ ਵੀ ਜਿੱਤ ਨੂੰ ਸੰਤੁਲਿਤ ਕਰਨ ਲਈ ਕੁੱਝ ਸੀਟਾਂ ਹਾਸਲ ਕਰਨ ਦੀ ਲੋੜ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੇ ਵਲੋਂ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ ਅਤੇ ਫੈਡਰਲ ਚੋਣਾਂ ਦੀ ਇਹ ਤਰੀਕ ਮਈ ਦੇ ਵਿੱਚ 7, 14 ਅਤੇ 21 ਦੇ ਵਿਚੋਂ ਕੋਈ ਵੀ ਇੱਕ ਹੋ ਸਕਦੀ ਹੈ।