Articles Sport

ਅਜ਼ੀਮ-ਓ -ਸ਼ਾਨ ਸਖਸ਼ੀਅਤ ਹਰਜੀਤ ਬਰਾੜ ‘ਬਾਜਾਖਾਨਾ’

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਜਿੱਥੇ ਕੀਤੇ ਵੀ ਕਬੱਡੀ ਕੋਈ ਖੇਡਦਾ,

ਤੇਰੀ ਆਉਂਦੀ ਹਰਜੀਤ ਬੜੀ ਯਾਦ ਵੇ,

ਜਿੱਥੇ ਮਾਪੇ, ਵੀਰੇ, ਭੈਣਾਂ ਸਦਾ ਰੋਂਦੀਆਂ,

ਘਰ ਹੋਣਗੇ ਉਹ ਕਦੋਂ ਮੁੜ ਆਬਾਦ ਵੇ,

ਤਿੰਨੇ ਲੈ ਗਿਆਂ ਬਰਾਤੀ ਮੌਤ ਵਿਹਾਉਣ ਨੂੰ,

ਤੇਰੀ ਭੁੱਲਣੀ ਬਰਾੜਾ ਨਹੀਂਓ ਯਾਦ ਵੇ,

ਤੇਰੀ ਭੁੱਲਣੀ ਬਰਾੜਾ ਨਹੀਂਓ ਯਾਦ ਵੇ….!

ਖੇਡਾਂ ਦੇ ਖੇਤਰ ਵਿੱਚ ਸ਼ਿਖਰ ‘ਤੇ ਪਹੁੰਚਣਾ ਇੰਨਾ ਸੌਖਾ ਨਹੀਂ ਹੁੰਦਾ, ਜੇਕਰ ਤੁਸੀਂ ਆਪਣੀ ਖੇਡ ਵਿੱਚ ਸਰਵਉੱਚ ਮੁਕਾਮ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੂਹਾਨੂੰ ਸਾਲਾਂਬਧੀ ਅਣਥੱਕ ਮਿਹਨਤ ਕਰਨੀ ਪੈਂਦੀ ਹੈ।ਬਹੁਤ ਥੋੜੇ ਖਿਡਾਰੀ ਅਜਿਹੇ ਹੁੰਦੇ ਹਨ ਜੋ ਆਪਣੀ ਵਿਲੱਖਣ ਖੇਡ ਸ਼ੈਲੀ ਅਤੇ ਕਾਬਲੀਅਤ ਦੇ ਅਧਾਰ ‘ਤੇ ਪੂਰੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਂਦੇ ਹਨ । ਅਜਿਹੀ ਹੀ ਇੱਕ ਹਰਮਨ ਪਿਆਰੀ ਸਖਸ਼ੀਅਤ ਜੋ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਧਰੂ ਤਾਰਾ ਬਣ ਰਹਿੰਦੀ ਦੁਨੀਆਂ ਤੱਕ ਆਪਣਾ ਨਾਂ ਰੁਸ਼ਨਾ ਗਈ ਉਸ ਅਜ਼ੀਮ-ਓ -ਸ਼ਾਨ ਸਖਸ਼ੀਅਤ ਦਾ ਨਾਂ ਹਰਜੀਤ ਬਰਾੜ ‘ਬਾਜਾਖਾਨਾ’ ਸੀ।ਮਾਲਵੇ ਦੇ ਇਸ ਗੱਭਰੂ ਨੇ ਕਬੱਡੀ ਖੇਡ ਵਿੱਚ ਦਿਖਾਏ ਆਪਣੇ ਜੌਹਰਾਂ ਦੇ ਸਿਰ ਤੇ ਨਾਂ ਕੇਵਲ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਂ ਦੇਸ਼-ਵਿਦੇਸ਼ ਵਿੱਚ ਰੌਸ਼ਨ ਕੀਤਾ ਸਗੋਂ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬੀਆਂ ਦੇ ਜ਼ਹਿਨ ਵਿੱਚ ਆਪਣੀ ਅਮਿਟ ਛਾਪ ਛੱਡ ਤੁਰਿਆ।

20ਵੀਂ ਸਦੀ ਦੇ ਅਖੀਰਲੇ ਦਹਾਕੇ ਬਾਜੇਖਾਨੇ ਵਾਲੇ ਹਰਜੀਤ ਦੀ ਤੂਤੀ ਸਾਰੇ ਜਹਾਨ ਵਿੱਚ ਬੋਲ ਰਹੀ ਸੀ, ਪਰ ਪਤਾ ਨਹੀਂ ਕਿਹੜੀ ਚੰਦਰੀ ਨਜ਼ਰ ਨੇ 16 ਅਪ੍ਰੈਲ 1998 ਨੂੰ ਕਬੱਡੀ ਦੇ ਉਸ ਮਹਾਨ ਜਾਦੂਗਰ ਨੂੰ ਸਾਡੇ ਤੋਂ ਸਦਾ ਲਈ ਖੋ ਲਿਆ।

ਹਰਜੀਤ ਬਰਾੜ ਨਾਂ ਕਿਸੇ ਨੇ ਬਣ ਜਾਣਾ

ਲੋਕੀਂ ਭਾਵੇਂ ਨਿੱਤ ਜੰਮਦੇ…..!!

ਜਨਮ ਅਤੇ ਬਚਪਨ :.

ਕਬੱਡੀ ਸਟਾਰ ਹਰਜੀਤ ਬਰਾੜ ਦਾ ਜਨਮ 5 ਸਤੰਬਰ 1971 ਨੂੰ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿੱਚ ਸੇਵਾ ਮੁਕਤ ਸਬ ਇੰਸਪੈਕਟਰ ਸਰਦਾਰ ਬਖਸ਼ੀਸ਼ ਸਿੰਘ ਬਰਾੜ ਦੇ ਗ੍ਰਹਿ ਵਿਖ਼ੇ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਹੋਇਆ ਸੀ। ਜਨਮ ਵੇਲੇ ਹਰਜੀਤ ਦਾ ਭਾਰ 5 ਕਿਲੋ ਦੇ ਕਰੀਬ ਦੱਸਿਆ ਜਾਂਦਾ ਹੈ। ਹਰਜੀਤ ਬਰਾੜ ਦੇ ਦੋ ਵੱਡੇ ਭਰਾਵਾਂ ਦਾ ਨਾਂ ਸਰਵਜੀਤ ਤੇ ਗੁਰਮੀਤ ਬਰਾੜ ਹੈ। ਬਚਪਨ ਤੋਂ ਹੀ ਹਰਜੀਤ ਖੁੱਲੇ ਡੁੱਲੇ ਜੁੱਸੇ ਦਾ ਮਾਲਿਕ ਸੀ, ਉਹਨਾਂ ਦੀ ਮਾਤਾ ਸੁਰਜੀਤ ਕੌਰ ਨੇ ਆਪਣੇ ਲਾਡਲੇ ਲਾਲ ਨੂੰ ਹੱਥੀਂ ਚੂਰੀਆਂ ਕੁੱਟ ਅਤੇ ਦੁੱਧ ਮੱਖਣਾ ਨਾਲ ਪਾਲਿਆ ਸੀ l ਕਹਿੰਦੇ ਹਨ ਕੇ ਉਹਨਾਂ ਦੇ ਮਾਤਾ ਜੀ ਨੇ ਉਸਦੀ ਖ਼ੁਰਾਕ ਪੂਰਤੀ ਲਈ ਦੋ ਮੱਝਾਂ ਅਲਗ ਤੋਂ ਰੱਖੀਆਂ ਸਨ। ਜਦ ਆਪ ਜੀ ਮੱਝੀਆਂ ਦਾ ਦੁੱਧ ਚੋਂਦੇ ਸਨ ਸਭ ਤੋਂ ਪਹਿਲਾਂ ਹਰਜੀਤ ਨੂੰ ਓਨੀ ਦੇਰ ਤੱਕ ਚੁਆਵਾਂ ਦੁੱਧ ਪਲਾਉਣੋ ਨਹੀਂ ਸਨ ਹਟਦੇ ਜਦ ਤੱਕ ਉਹ ਇੱਕ ਗੱਜਵਾਂ ਜਿਹਾ ਡਕਾਰ ਨਹੀਂ ਸੀ ਲੈ ਲੈਂਦਾ l ਇਸ ਤੋਂ ਇਲਾਵਾ ਸਾਰੇ ਦਿਨ ਦੀ ਖ਼ੁਰਾਕ ਵਿੱਚ ਵੀ ਮੱਖਣ ਅਤੇ ਦੇਸੀ ਘਿਓ ਭਰਵੀਂ ਮਾਤਰਾ ਵਰਤਿਆ ਜਾਦਾਂ ਸੀ। ਮਾਂ ਦੇ ਹੱਥਾਂ ਦੀ ਖੁਵਾਈ ਇਸੇ ਖ਼ੁਰਾਕ ਸਦਕਾ ਹਰਜੀਤ ਬਰਾੜ ਆਪਣੇ ਹਮ ਉਮਰ ਸਾਥੀਆਂ ਨਾਲੋਂ ਕੱਦ ਕਾਠੀ ਵਿੱਚ ਹੁੰਦੜ ਹੇਲ ਸੀ l ਉਸਦੇ ਇਸ ਭਰਵੇਂ ਜੁੱਸੇ ਨੂੰ ਦੇਖਦੇ ਹੋਏ ਉਹਨਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਨੇ ਹਰਜੀਤ ਬਰਾੜ ਨੂੰ ਕਬੱਡੀ ਖੇਡਣ ਲਈ ਪ੍ਰੇਰਿਆ।

ਵਿੱਚ ਮੈਦਾਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ,

ਖੇਡ ਕਬੱਡੀ ਖੇਡਣਾ ਸੌਂਕ ਪੰਜਾਬੀ ਸ਼ੇਰਾਂ ਦਾ….!!

ਸਕੂਲੀ ਵਿੱਦਿਆ ਅਤੇ ਖੇਡ ਜੀਵਨ ਦੀ ਸ਼ੁਰੂਆਤ

ਹਰਜੀਤ ਨੇ ਆਪਣੀ ਇਫਤਦਾਈ ਤਾਲੀਮ ਪਿੰਡ ਬਾਜਾਖਾਨਾ ਦੇ ਸਰਕਾਰੀ ਸਕੂਲ ਤੋਂ ਹਾਸਿਲ ਕੀਤੀ ਓਥੋਂ ਹੀ ਹਰਜੀਤ ਨੇ ਸਥਾਨਕ ਮੁਕਾਬਲਿਆਂ ਵਿੱਚ ਨੈਸ਼ਨਲ ਅਤੇ ਪੰਜਾਬ ਸਟਾਈਲ ਕਬੱਡੀ ਖੇਡਣਾ ਸ਼ੁਰੂ ਕੀਤਾ ਅਤੇ ਜਲਦੀ ਹੀ ਉਸ ਨੇ ਇਲਾਕੇ ਅੰਦਰ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆl ਜਿਸ ਵੇਲੇ ਹਰਜੀਤ ਬਰਾੜ ਅੱਠਵੀਂ ਜਮਾਤ ਵਿੱਚ ਸੀ ਤਾਂ ਉਹ ਸਕੂਲ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਦਾ ਮੈਂਬਰ ਬਣ ਤਲਵਾੜੇ ਸਬ ਜੂਨੀਅਰ ਪੰਜਾਬ ਸਕੂਲ ਖੇਡਾਂ ਖੇਡਣ ਗਿਆ। ਆਪਣੀ ਖੇਡ ਕਾਬਲੀਅਤ ਦੇ ਅਧਾਰ ਤੇ ਉਸਦੀ ਚੋਣ ਗੁਹਾਟੀ,ਆਸਾਮ, ਵਿਖ਼ੇ ਹੋਣ ਵਾਲੀਆਂ ਜੂਨੀਅਰ ਨੈਸ਼ਨਲ ਗੇਮਾਂ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਵਿੱਚ ਹੋ ਗਈ । ਉੱਥੇ ਉਸਨੇ ਆਪਣੇ ਕਬੱਡੀ ਪੈਂਤਰਿਆ ਦਾ ਮੁਜਾਹਰਾ ਕਰਦੇ ਟੂਰਨਾਮੈਂਟ ਦਾ ਖਿਤਾਬ ਆਪਣੀ ਟੀਮ ਦੇ ਨਾਂ ਕਰਵਾਇਆ। ਕਬੱਡੀ ਪਾਰਖੂਆਂ ਨੇ ਉਸਦੀ ਖੇਡ ਤੇ ਪਕੜ ਨੂੰ ਦੇਖਦਿਆਂ, ਓਸ ਨੂੰ ਸਪੋਰਟਸ ਸਕੂਲ, ਜਲੰਧਰ ਕਬੱਡੀ ਵਿੰਗ ਵਿੱਚ ਦਾਖਲ ਕਰ ਲਿਆ। ਇਸੇ ਸਕੂਲ ‘ਚੋਂ ਹਰਜੀਤ ਨੇ 10+2 ਪੜਾਈ ਕੀਤੀ ਅਤੇ ਇਥੋਂ ਹੀ ਉਸ ਦੇ ਪੇਸ਼ੇਵਰ ਕਬੱਡੀ ਕੈਰੀਅਰ ਦੀ ਸ਼ੁਰੂਆਤ ਹੋਈ। ਥੋੜੇ ਹੀ ਸਮੇਂ ਵਿੱਚ ਕਬੱਡੀ ਦੀਆਂ ਬਰੀਕੀਆਂ ਨੂੰ ਸਿੱਖਦਾ ਹੋਇਆ ਹਰਜੀਤ  ਉੱਚ ਕੋਟੀ ਦਾ ਰੇਡਰ ਸਾਬਿਤ ਹੋਇਆ। ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਿਆਂ ਹਰਜੀਤ ਨੇ ਰਾਸ਼ਟਰੀ ਪੱਧਰ ਦੇ ਕਈ ਮਸ਼ਹੂਰ ਟੂਰਨਾਮੈਂਟਾਂ ਵਿੱਚ ਆਪਣੀ ਧਾਕ ਜਮਾਈ ਉਸਨੇ ਬਤੌਰ ਕਪਤਾਨ ਸਪੋਰਟਸ ਸਕੂਲ ਜਲੰਧਰ ਦੀ ਕਬੱਡੀ ਟੀਮ ਲਈ ਕਈ ਸਕੂਲੀ ਅਤੇ ਗ਼ੈਰ ਸਕੂਲੀ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤੇ। ਸਕੂਲੀ ਵਿੱਦਿਆ ਪੂਰੀ ਕਰਨ ਉਪਰੰਤ ਉਸ ਨੇ ਪਿੰਡ ਆਕੇ ਆਪਣੇ ਸਾਥੀਆਂ ਨਾਲ ਇੱਕ ਮਜ਼ਬੂਤ ਕੱਬਡੀ ਟੀਮ ਬਣਾਈ ਜਿਸ ਨੇ ਇਲਾਕੇ ਦੇ ਕਈ ਨਾਮੀ ਗਰਾਮੀ ਪੇਂਡੂ ਖੇਡ ਮੇਲਿਆਂ ਦੇ ਖਿਤਾਬ ਆਪਣੇ ਨਾਂ ਕੀਤੇ। ਆਪਣੀਆ ਪ੍ਰੋਫੈਸ਼ਨਲ ਰੇਡਾਂ ਸਦਕਾ ਉਸ ਨੂੰ ਕਈ ਖੇਡ ਮੁਕਾਬਲਿਆਂ ਵਿੱਚ ਬੈਸਟ ਰੇਡਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਪੇਂਡੂ ਓਲਿੰਪਿਕਸ ਕਿਲਾ ਰਾਏਪੁਰ, ਗੁੱਜਰਵਾਲ, ਹਕੀਮਪੁਰ, ਕਮਾਲਪੁਰਾ, ਕੋਠੇ ਗੁਰੂ, ਭਿੰਡਰਾਂ, ਮਾਣੂੰਕੇ ਅਤੇ ਅਨੰਦਪੁਰ ਸਾਹਿਬ ਵਰਗੇ ਵੱਡੇ ਟੂਰਨਾਮੈਂਟ ਸ਼ਾਮਿਲ ਹਨ ।

ਵਿਦੇਸ਼ਾਂ ਵਿੱਚ ਲੱਗਦੇ ਨੇ ਕਬੱਡੀ ਖੇਡ ਮੇਲੇ,

ਇਹ ਸਭ ਡਾਲਰਾਂ ਤੇ ਪੌਂਡਾ ਦੀ ਕਹਾਣੀ ਜੀ

ਮਾਂ ਖੇਡ ਸੰਭਾਲ ਲਈ ਪ੍ਰਦੇਸਿਆਂ ਨੇ,

ਨਹੀਂ ਤਾਂ ਕਦੋਂ ਦੀ ਇਹ ਰੁਲ਼ ਜਾਣੀ ਸੀ….!!

ਹਰਜੀਤ ਦਾ ਅੰਤਰਾਸ਼ਟਰੀ ਖੇਡ ਕਰੀਅਰ :

ਇਸ ਵਿੱਚ ਕੋਈ ਦੋ ਰਾਏ ਨਹੀਂ ਪੰਜਾਬ ਨਾਲੋਂ ਵੱਧ ਕਬੱਡੀ ਨੂੰ ਮਾਣ ਸਤਿਕਾਰ ਵਿਦੇਸ਼ਾਂ ਦੀ ਧਰਤੀ ਤੇ ਮਿਲਿਆ। ਪ੍ਰਵਾਸੀ ਪੰਜਾਬੀਆਂ ਵੱਲੋਂ ਸਮੇਂ ਸਮੇਂ ਤੇ ਕਈ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਪੰਜਾਬ ਵਿੱਚ ਹੋਣ ਵਾਲੇ ਕਬੱਡੀ ਖੇਡ ਮੁਕਾਬਲਿਆਂ ਪਿੱਛੇ ਵੀ ਜਿਆਦਾ ਯੋਗਦਾਨ ਐਨ.ਆਰ.ਆਈ ਵੀਰਾਂ ਦਾ ਹੀ ਹੁੰਦਾ ਹੈ। ਪੰਜਾਬ ਅਤੇ ਰਾਸ਼ਟਰੀ ਪੱਧਰ ਆਪਣਾ ਨਾਂ ਚਮਕਾਉਣ ਤੋਂ ਬਾਅਦ ਸਨ 1994 ਵਿੱਚ ਹਰਜੀਤ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ, ਜਿੱਥੇ ਉਸਦੇ ਅੰਤਰਰਾਸ਼ਟਰੀ ਕਰੀਅਰ ਦਾ ਆਗਾਜ਼ ਹੋਇਆ। ਕੈਨੇਡਾ ਵਿੱਚ ਖੇਡਦਿਆਂ ਵਿਰੋਧੀਆਂ ਲਈ ਉਹ ਇੱਕ ਵਾਵਰੋਲੇ ਤੋਂ ਘੱਟ ਨਹੀਂ ਸੀ ਜਦ ਵੀ ਉਹ ਆਪਣੇ ਵਿਰੋਧੀਆਂ ਦੇ ਖੇਮੇ ਵਿੱਚ ਰੇਡ ਪਾਉਣ ਜਾਂਦਾ ਤਾਂ ਅੱਖ ਦੀ ਝੱਮਕ ਨਾਲ ਪੁਆਇੰਟ ਆਪਣੀ ਟੀਮ ਦੇ ਨਾਂ ਕਰ ਮੁੜਦਾ। ਕੈਨੇਡਾ ਦੀ ਧਰਤੀ ਤੇ ਵਸਦੇ ਕਬੱਡੀ ਪ੍ਰੇਮੀਆਂ ਨੇ ਖੁੱਲੇ ਦਿਲੋਂ ਹਰਜੀਤ ਦੇ ਉਤੇ ਡਾਲਰਾਂ ਦਾ ਮੀਂਹ ਵਰਸਾਇਆ ਅਤੇ ਬਣਦਾ ਮਾਣ ਬਖਸ਼ਿਆ।

ਕੈਨੇਡਾ ਦੀ ਇਸ ਫੇਰੀ ਨੇ ਓਸ ਨੂੰ ਆਰਥਿਕ ਪੱਖੋਂ ਹੀ ਨਹੀਂ ਮਜਬੂਤ ਕੀਤਾ ਸਗੋਂ ਅੰਤਰਰਾਸ਼ਟਰੀ ਲੈਵਲ ਤੇ ਓਸ ਦੀ ਪਹਿਚਾਣ ਬਣਾਈ। ਕੈਨੇਡਾ ਦੇ ਇਸ ਟੂਰ ਤੋਂ ਬਾਅਦ ਉਸਨੂੰ ਇੰਗਲੈਂਡ, ਅਮਰੀਕਾ ਅਤੇ ਪਾਕਿਸਤਾਨ ਜਾ ਕੇ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਮਿਲਿਆ।

ਦੋਵੇਂ ਹੱਥ ਜੋੜ ਕੇ ਧਿਆਵਾਂ ਰੱਬ ਨੂੰ,

ਬਾਜ਼ ਵਾਲੀ ਅੱਖ ਨਾਲ ਦੇਖਾਂ ਸਭ ਨੂੰ….!!

ਹਰਜੀਤ ਬਹੁਤ ਠੰਡੇ ਮਤੇ ਦਾ ਰੇਡਰ ਸੀ, ਉਸਦੀ ਰੇਡ ਪਾਉਣ ਦਾ ਸਟਾਈਲ ਵੀ ਸਭ ਤੋਂ ਨਿਆਰਾ ਸੀ, ਜਦ ਵੀ ਉਹ ਰੇਡ ਪਾਉਂਦਾ ਤਾਂ ਦੋਵਾਂ ਹੱਥਾਂ ਨਾਲ ਸਭ ਤੋਂ ਪਹਿਲਾਂ ਆਪਣੀ ਨਿੱਕਰ ਨੂੰ ਉਪਰ ਵੱਲ ਖਿੱਚਦਾ ਅਤੇ ਫ਼ੇਰ ਸੱਜੇ ਪੱਟ ਤੇ ਥਾਪੀ ਮਾਰਦਿਆਂ ਕਿਸੇ ਕਲਿਹਰੀ ਮੋਰ ਦੇ ਖੰਭਾਂ ਵਾਂਗ ਆਵਦੀਆਂ ਮਜਬੂਤ ਬਾਹਾਂ ਨੂੰ ਖਿਲਾਰਦਾ l ਉਹ ਬੜੇ ਠੱਰਮੇ ਨਾਲ ਆਪਣੇ ਸ਼ਿਕਾਰ ਵੱਲ ਬਾਜ਼ ਨਜ਼ਰ ਤੱਕਦਾ ਅਤੇ ਚੀਤੇ ਜਿੰਨੀ ਫੁਰਤੀ ਨਾਲ ਆਪਣੇ ਵਿਰੋਧੀ ਨੂੰ ਟੱਚ ਲਾ ਵਾਪਿਸ ਆਪਣੇ ਪਾੜੇ ਵਿੱਚ ਪਰਤ ਆਉਂਦਾ ਸੀ l ਉਸਦੀ ਇਸ ਵਿਲੱਖਣ ਖੇਡ ਸ਼ੈਲੀ ਸਦਕਾ ਛੇਤੀ ਹੀ ਉਸ ਨੂੰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਸਿਰਕਢੱ ਖਿਡਾਰੀ ਬਣਾ ਦਿੱਤਾ। ਪਾਕਿਸਤਾਨ ਫੇਰੀ ਦੌਰਾਨ ਓਸ ਨੂੰ ਭਾਰਤ ਨਾਲੋਂ ਜਿਆਦਾ ਪਿਆਰ ਮਿਲਿਆ ਓਸਦੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨਾਂ ਨੇ ਹਰਜੀਤ ਅਤੇ ਕਬੱਡੀ ਨੂੰ ਇੱਕ ਦੂਜੇ ਦੇ ਪੂਰਕ ਬਣਾ ਦਿੱਤਾ।

ਪੱਟਾਂ ਵਿੱਚ ਜਾਨ ਸਾਨੂੰ ਡੌਂਲਿਆ ਤੇ ਮਾਣ,

ਦੇਖ ਪੈਂਦੀ ਰੇਡ ਬੀਬਾ ਇੱਕ ਇੱਕ ਲੱਖ ਦੀ….!!

ਸਨ 1996 ਦੇ ਕਬੱਡੀ ਵਰਲਡ ਕੱਪ ਦੇ ਫਾਈਨਲ ਦੌਰਾਨ, ਉਸ ਦੀ ਇਕੱਲੀ ਇਕੱਲੀ ਰੇਡ ਤੇ ਇੱਕ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਲੱਗੀ। ਪਰ ਹਰਜੀਤ ਨੂੰ ਡੱਕਣ ਵਾਲਾ ਕੋਈ ਜਾਫੀ ਨਾਂ ਨਿਤਰਿਆ। ਉਸ ਇਤਿਹਾਸਿਕ ਮੈਚ ਦੀ ਕਮੈਂਟਰੀ ਕਰਦਾ ਗੋਰਾ ਕਮੈਂਟਟਰ ਕਹਿੰਦਾ India has invented a money making machine which can make hundered thousand Indian rupees in less than 30 seconds ਭਾਵ ਇੰਡੀਆ ਨੇ ਇੱਕ ਅਜਿਹੀ ਪੈਸੇ ਛਾਪਣ ਵਾਲੀ ਮਸ਼ੀਨ ਇਜਾਦ ਕੀਤੀ ਹੈ ਜੋ 30 ਸੈਕੰਡ ਤੋਂ ਵੀ ਘੱਟ ਸਮੇਂ ਵਿੱਚ ਲੱਖ ਰੁਪਿਆ ਛਾਪਦੀ ਹੈ l ਗੋਰੇ ਕਮੈਂਟੇਟਰ ਦੇ ਕਹੇ ਇਹ ਸ਼ਬਦ ਆਪਣੇ ਆਪ ਵਿੱਚ ਉਸ ਮਹਾਨ ਖਿਡਾਰੀ ਦੀ ਪ੍ਰੋੜਤਾ ਕਰਦੇ ਹਨ ਜਿਸ ਨੂੰ ਦੁਨੀਆਂ ਬਾਜੇਖਾਨੇ ਵਾਲੇ ਹਰਜੀਤ ਦੇ ਨਾਮ ਨਾਲ ਜਾਣਦੀ ਹੈ l

ਉਹ ਵੀ ਚੰਡਿਆਂ ਲਗਦਾ ਕਿਸੇ ਕੋਚ ਸਿਆਣੇ ਦਾ,

ਡੌਲਾ ਹੱਥ ਨੀ ਆਉਂਦਾ ਮਾਂ ਦੇ ਮਖਣੀ ਖਾਣੇ ਦਾ…

ਹਰਜੀਤ ਐਵੇਂ ਹੀ ਹਰਜੀਤ ਨਹੀਂ ਸੀ ਬਣਿਆ ਓਸ ਪਿੱਛੇ ਉਸਦੇ ਉਸਤਾਦਾਂ ਦਾ ਬਹੁਤ ਵੱਡਾ ਯੋਗਦਾਨ ਸੀ। ਉਸਦੇ ਭੀਮਕਾਈ ਜੁੱਸੇ ਨੂੰ ਫੜਨਾ ਵੱਡੇ ਵੱਡੇ ਜਾਫੀਆਂ ਦੇ ਵੱਸ ਦੀ ਗੱਲ ਨਹੀਂ ਸੀ ਰਹੀ। ਕੈਨੇਡਾ ਵਿੱਚ ਹਰਜੀਤ ਉਪਰ ਕਬੱਡੀ ਪ੍ਰੇਮੀਆਂ ਨੂੰ ਐਨੀਂ ਕੁ ਇਤਬਾਰ ਸੀ ਕਿ ਇੱਕ ਹੋਰ ਮੈਚ ਦੌਰਾਨ ਉਸ ਦੀ ਇੱਕ ਰੇਡ ਉਪਰ 35,000 ਕੈਨੇਡੀਅਨ ਡਾਲਰ ਲੱਗੇ ਜਿਸ ਦੀ ਅੱਜ ਦੀ ਤਾਰੀਖ਼ ਵਿੱਚ ਕੀਮਤ 20,87,211 ਭਾਰਤੀ ਰੁਪਏ ਬਣਦੀ ਹੈ। ਕੱਬਡੀ ਦੇ ਖੇਤਰ ਵਿੱਚ ਇਹ ਉਸ ਦੇ ਉੱਚੇ ਕੱਦ ਦਾ ਪ੍ਰਮਾਣ ਸੀ।

ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾਂ

ਵੇ ਸਾਡੇ ਬੱਲਿਆ ਰਿਕਾਰਡ ਬੋਲ ਦੇ…..️!!

ਹਰਜੀਤ ਬਾਜੇਖਾਨੇ ਦੇ ਨਾਂ ਇੱਕ ਰਿਕਾਰਡ ਬੋਲਦਾ ਹੈ ਜੋ ਹਾਲੇ ਵੀ ਨੌਜਵਾਨ ਭਾਰਤੀ ਕਬੱਡੀ ਖਿਡਾਰੀਆਂ ਨੂੰ ਵੰਗਾਰ ਰਿਹਾ ਹੈ, ਉਸਨੇ ਆਪਣੀ ਪ੍ਰਤਿਨਿਧਤਾ ਅਧੀਨ ਲਗਾਤਾਰ ਤਿੰਨ ਕਬੱਡੀ ਵਰਲਡ ਕੱਪਾਂ ਨੂੰ ਜਿੱਤ ਕੇ ਹੈਟ੍ਰਿਕ ਲਾਈ, ਉਸ ਨੇ 1994, 1995 ਅਤੇ 1996 ਦੇ ਕੈਨੇਡਾ ਕਬੱਡੀ ਵਰਲਡ ਕੱਪ ਖਿਤਾਬਾਂ ਨੂੰ ਜਿੱਤ ਕੇ ਆਪਣੇ ਮੁਲਕ ਦੀ ਝੋਲੀ ਪਾਇਆ।

ਜਿਹੜਾ ਮੇਰੀ ਮਾਂ ਨੇ ਵਰ ਲੱਭਾ ਕੁੜੀਓ

ਸੁਣਿਐ ਉਹ ਖੇਡਦਾ ਕਬੱਡੀ ਕੁੜੀਓ …..!!

ਅੰਤਰਾਸ਼ਟਰੀ ਪੱਧਰ ਤੇ ਬਣਦਾ ਮੁਕਾਮ ਹਾਸਿਲ ਕਰਨ ਉਪਰੰਤ ਹਰਜੀਤ ਨੇ ਆਪਣਾ ਘਰ ਵਸਾਉਣ ਬਾਰੇ ਸੋਚਿਆ। ਹਰਜੀਤ ਦਾ ਵਿਆਹ 16 ਮਾਰਚ 1996 ਨੂੰ ਪਿੰਡ ਖੋਜੇਵਾਲ, ਜਿਲ੍ਹਾ ਕਪੂਰਥਲਾ ਦੀ ਜੰਮਪਲ ਨਰਿੰਦਰਜੀਤ ਕੌਰ ਨਾਲ ਹੋਇਆ ਸੀ। ਉਸਦੀ ਇੱਕ ਧੀ ਵੀ ਹੈ ਜੋ ਹਰਜੀਤ ਦੀ ਮੌਤ ਵੇਲੇ ਕੇਵਲ ਸਵਾ ਕੁ ਮਹੀਨੇ ਦੀ ਸੀ, ਹਰਜੀਤ ਨੇ ਬੜੇ ਚਾਵਾਂ ਨਾਲ ਉਸਦਾ ਨਾਮ  ਗਗਨਹਰਜੀਤ ਕੌਰ ਬਰਾੜ ਰੱਖਿਆ ਸੀ। ਹੁਣ ਦੋਵੇਂ ਮਾਵਾਂ ਧੀਆਂ ਕੈਨੇਡਾ ਰਹਿੰਦੀਆਂ ਹਨ l

ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ

ਪੰਜਾਬ ਪੁਲਿਸ ਸਰਦਾਰਾਂ ਦੇ …..!!

ਜਿਵੇੰ ਕੇ ਕਿਹਾ ਜਾਂਦਾ ਹੈ ਪੈਸੇ ਅਤੇ ਨੌਕਰੀਆਂ ਪਿੱਛੇ ਨਾਂ ਭੱਜੋ ਕਾਬਿਲ ਬਣੋ, ਪੈਸਾ ਤੇ ਨੌਕਰੀ ਤੁਹਾਡੇ ਪਿੱਛੇ ਭੱਜੀ ਆਵੇਗੀ। ਹਰਜੀਤ ਬਰਾੜ ਦੇ ਕਬੱਡੀ ਗੁਣਾ ਕਰਕੇ ਉਸਨੂੰ ਪੰਜਾਬ ਮੰਡੀ ਬੋਰਡ, ਪੰਜਾਬ ਰਾਜ ਬਿਜਲੀ ਬੋਰਡ ਅਤੇ ਹੋਰ ਕਈ ਮਹਿਕਮਿਆਂ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਪਰ ਜਦ ਓਹਦੀ ਮੁਲਾਕਾਤ ਉਸ ਸਮੇਂ ਡੀ.ਜੀ.ਪੀ ਪੰਜਾਬ ਪੁਲਿਸ ਮਾਹਲ ਸਿੰਘ ਭੁੱਲਰ ਨਾਲ ਹੋਈ ਤਾਂ ਉਸ ਨੇ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਜੋਇਨ ਕਰ ਲਿਆ।

ਕਬੱਡੀ ਦੇ ਥੰਮ ਹਰਜੀਤ ਬਰਾੜ ਨਾਲ ਮੇਰੀ ਮੁਲਾਕਾਤ…!!

ਹਰਜੀਤ ਨੂੰ ਮੈਂ ਪਹਿਲੀ ਵਾਰ 1997 ਵਿੱਚ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖ਼ੇ ਪੜਦਿਆਂ ਮਿਲਿਆ, ਜਦ ਉਹ ਪੰਜਾਬ ਯੂਨੀਵਰਸਿਟੀ ਵੱਲੋਂ ਆਯੋਜਿਤ ਪੰਜਾਬ ਸਟਾਈਲ ਕਬੱਡੀ ਇੰਟਰ ਕਾਲਜ ਟੂਰਨਾਮੈਂਟ ਵੇਖਣ ਆਇਆ ਸੀ। ਉਹ ਆਪਣੇ ਅੰਟੀਨੇ ਵਾਲੇ ਮੋਟੋਰੋਲਾ ਮੋਬਾਈਲ ਫੋਨ ਤੇ ਗਰਾਉਂਡ ਵਿੱਚ ਇੱਧਰ ਓਧਰ ਘੁੰਮਦਾ ਕਿਸੇ ਨਾਲ ਗੱਲ ਕਰ ਰਿਹਾ ਸੀ l ਸ਼ਾਇਦ ਉਸ ਵੇਲੇ ਉਹ ਨੈੱਟਵਰਕ ਰੇਂਜ ਦੀ ਸੱਮਸਿਆ ਨਾਲ ਜੂਝ ਰਿਹਾ ਸੀ l ਕਬੱਡੀ ਵੇਖ ਰਹੇ ਸਾਰੇ ਵਿਦਿਆਰਥੀਆਂ ਦਾ ਧਿਆਨ ਕਬੱਡੀ ਮੈਚ ਵੱਲ ਘੱਟ ਅਤੇ ਹਰਜੀਤ ਵੱਲ ਜਿਆਦਾ ਸੀ ਕਿਉਂਕਿ ਉਸ ਸਮੇਂ ਸੁਧਾਰ ਵਰਗੇ ਪੇਂਡੂ ਖਿੱਤੇ ਵਿੱਚ ਮੋਬਾਈਲ ਫੋਨ ਕਿਸੇ ਅਚੰਮਭੇ  ਤੋਂ ਘੱਟ ਨਹੀਂ ਸੀ। ਚੜਦੇ ਅਕਤੂਬਰ ਮਹੀਨੇ ਦੀ ਖਿੜੀ ਧੁੱਪ ਵਿੱਚ ਉਸ ਦਾ ਸੁਰਖ਼ ਲਾਲ ਚਿਹਰਾ ਦਗ਼ ਦਗ਼ ਕਰ ਰਿਹਾ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਜੇਕਰ ਉਹ ਥੋੜੀ ਦੇਰ ਹੋਰ ਧੁੱਪੇ ਖੜਾ ਰਿਹਾ ਤਾਂ ਉਸ ਦਾ ਉਬਾਲੇ ਮਾਰ ਰਿਹਾ ਲਹੂ ਉਸ ਦੀਆਂ ਰਕਤ ਕੋਸ਼ਿਕਾਵਾਂ ਨੂੰ ਚੀਰਕੇ ਧਰਤੀ ਨੂੰ ਤ੍ਰਿਪਤ ਕਰਕੇ ਹੀ ਦਮ ਲਵੇਗਾ। ਹਰਜੀਤ ਦਾ ਖੇਡਣ ਆਏ ਸਾਰੇ ਖਿਡਾਰੀਆਂ ਨਾਲੋਂ ਵੱਖਰਾ ਹੀ ਰੁਆਬ ਸੀ। ਮੇਰੇ ਸਣੇ ਸਾਰੇ ਵਿਦਿਆਰਥੀ ਉਸਦੇ ਮਿਹਨਤਾਂ ਨਾਲ ਕਮਾਏ ਜੁੱਸੇ ਵੱਲ ਦੇਖ ਰਹੇ ਸਨ ਹਰਜੀਤ ਨੇ ਇੱਕ ਚਿੱਟੇ ਨੀਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਜਦ ਵੀ ਉਹ ਆਪਣੀਆਂ ਬਾਹਾਂ ਨੂੰ ਮੋੜਦਾ ਤਾਂ ਉਸਦੇ 24-25 ਇੰਚ ਦੇ ਡੌਲੇ ਬਾਹਰ ਨਿਕਲ ਸਲਾਮੀ ਦੇਣ ਲੱਗ ਜਾਂਦੇ ਸਨ। ਉਸਦੇ ਮਜ਼ਬੂਤ ਮੋਢੇ ਉਸ ਵੱਲੋਂ ਲਾਈ ਸਖ਼ਤ ਮਿਹਨਤ ਦੀ ਗਵਾਹੀ ਭਰ ਰਹੇ ਸਨ। ਉਸਦੀ 52 ਇੰਚੀ ਚੌੜੀ ਛਾਤੀ ਦੀ ਦਾਬ ਨਾਲ ਟੀ ਸ਼ਰਟ ਦੇ ਬਟਣ ਟੁੱਟਣ ਕੰਢੇ ਆਏ ਹੋਏ ਸਨ। ਵਾਕਿਆ ਹੀ ਹਰਜੀਤ ਬਰਾੜ ਸਾਡੇ ਵਰਗੇ ਨਵੀਂ ਉਮਰ ਦੇ ਮੁੰਡਿਆਂ ਲਈ ਕਿਸੇ ਰੋਲ ਮੌਡਲ ਤੋਂ ਘੱਟ ਨਹੀਂ ਸੀ। ਮੈਂ ਤੇ ਸਾਡੇ ਕਾਲਜ ਦੇ ਕਈ ਖਿਡਾਰੀਆਂ ਨੇ ਹਰਜੀਤ ਕੋਲ ਜਾਕੇ ਫਤਿਹ ਬੁਲਾਈ। ਕਬੱਡੀ ਦੀਆਂ ਬੁਲੰਦੀਆਂ ਛੂਹਣ ਦੇ ਬਾਵਜੂਦ ਵੀ ਓਸ ਵਿੱਚ ਕੋਈ ਘੁਮੰਡ ਨਹੀਂ ਸੀ, ਉਹ ਸਾਨੂੰ ਬੜੇ ਨਿੱਘੇ ਸੁਭਾਅ ਨਾਲ ਮਿਲਿਆ ਅਤੇ ਗੱਲਬਾਤ ਕੀਤੀ ।

ਇੱਥੇ ਇਹ ਗੱਲ ਲਿਖਣੋ ਮੈਂ ਕੋਈ ਸੰਕੋਚ ਨਹੀਂ ਕਰਾਂਗਾ ਕਿ ਸਾਡੇ ਵੇਲੇ ਮੇਰੀ ਹਮ ਉਮਰ ਦੇ ਨੌਜਵਾਨ ਚੋਟੀ ਦੇ ਖਿਡਾਰੀਆਂ ਅਤੇ ਸੂਰਮਿਆਂ ਨੂੰ ਆਪਣਾ ਆਦਰਸ਼ ਮੰਨਦੇ ਸਨ ਨਾਂ ਕਿ ਮੌਜੂਦਾ ਪੀੜੀ ਵਾਂਗ ਬਿਨਾਂ ਸਿਰ ਪੈਰ ਦੇ ਗਾਉਣ ਵਾਲਿਆਂ ਅਤੇ ਗੈਂਗਸਟਰਾਂ ਮਗਰ ਲੱਗ ਕੇ ਆਪਣਾ ਸਮਾਂ ਬਰਬਾਦ ਕਰਦੇ ਸਨ।

ਸਿੰਗ ਫਸ ਗਏ ਕੁੰਡੀਆ ਦੇ

ਮਿੱਤਰਾ ਬਹਿਜਾ ਗੋਡੀ ਲਾ ਕੇ….!!

ਰੱਬ ਸਬੱਬੀਂ ਹਰਜੀਤ ਬਰਾੜ ਨਾਲ ਮੇਰੀ ਦੂਜੀ ਮੁਲਾਕਾਤ ਓਸ ਦੇ ਫੌਤ ਹੋਣ ਤੋਂ ਦੋ ਕੁ ਮਹੀਨੇ ਪਹਿਲਾਂ ਫ਼ਰਵਰੀ 1998 ਨੂੰ ਢੁਡੀਕੇ ਟੂਰਨਾਮੈਂਟ ਤੇ ਹੋਈ ਜਿੱਥੇ ਉਹ ਕਬੱਡੀ ਖੇਡਦਿਆਂ ਵੱਡੇ ਵੱਡੇ ਜਾਫੀਆਂ ਨੂੰ ਬਾਹਣੀ ਪਾ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਰਿਹਾ ਸੀ। ਉਸਦਾ ਫਾਈਨਲ ਮੈਚ ਨਾਮਵਰ ਜਾਫੀ ਬਾਜੀ ਜੰਡ ਦੀ ਟੀਮ ਦੇ ਖਿਲਾਫ਼ ਸੀ। ਉਸ ਮੈਚ ਦੀ ਕੱਲੀ ਕੱਲੀ ਰੇਡ ਤੇ ਹਜਾਰਾਂ ਦੇ ਇਨਾਮ ਲੱਗ ਰਹੇ ਸਨ। ਪ੍ਰਸਿੱਧ ਕਬੱਡੀ ਕੰਮੈਂਟੇਟਰ ਦਰਸ਼ਨ ਬੜੀ ਆਪਣੀ ਕਮੈਂਟਰੀ ਦੀ ਵਿਲੱਖਣ ਕਲਾ ਦੁਆਰਾ ਕਬੱਡੀ ਖਿਡਾਰੀਆਂ ਦਾ ਸ਼ਬਦੀ ਚਿੱਤਰਣ ਪੇਸ਼ ਕਰ ਰਹੇ ਸਨ। ਅਚਾਨਕ ਹੀ ਉਹਨਾਂ ਵੱਲੋਂ ਅਨਾਊਂਸਮੈਂਟ ਹੋਈ ਕੇ ਹਰਜੀਤ ਨੂੰ ਜਿਹੜਾ ਜਾਫੀ ਨੱਥ ਪਾਏਗਾ ਤਾਂ ਉਸ ਨੂੰ ਗਿਆਰਾਂ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਇਸ ਗੱਲ ਨੇ ਵਿਰੋਧੀ ਟੀਮ ਦੇ ਜਾਫੀਆਂ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕੀਤਾ। ਮੇਰੇ ਖਿਆਲ਼ ਨਾਲ ਜਦ ਹਰਜੀਤ ਆਪਣੀ ਨੌਵੀਂ ਜਾ ਦਸਵੀਂ ਰੇਡ ਪਾਉਣ ਗਿਆ ਤਾਂ ਬਾਜੀ ਜੰਡ ਨੇ ਭੁੱਖੇ ਸ਼ੇਰ ਵਾਂਗ ਉਸ ਦੀਆਂ ਲੱਤਾਂ ਵੱਲ ਝੱਪਟਿਆ ਅਤੇ ਨਾਲ ਹੀ ਕੈਂਚੀ ਜੜ ਦਿੱਤੀ। ਆਪ ਸਭ ਨੂੰ ਪਤਾ ਹੋਵੇਗਾ ਹਰਜੀਤ ਪੂਰੇ ਖੇਡ ਕਰਿਅਰ ਵਿੱਚ ਬਹੁਤ ਘੱਟ ਆਪਣੀਆ ਲੱਤਾਂ ਨੂੰ ਹੱਥ ਲਾਉਣ ਦਿੱਤਾ ਸੀ। ਬਾਜੀ ਜੰਡ ਦੀ ਲਾਈ ਕੈਂਚੀ ਨੇ ਉੱਥੇ ਖੜੇ ਦਰਸ਼ਕਾਂ ਨੂੰ ਉੱਚੀ ਉੱਚੀ ਗੂੰਜਣ ਲਾ ਦਿੱਤਾ ਸੀ। ਸਭ ਦੇ ਦਿਲਾਂ ਦੀਆਂ ਧੜਕਣਾ ਇੱਕ ਸਮੇਂ ਲਈ ਥੰਮ ਗਈਆਂ ਸਨ। ਸਾਰੇ ਸੋਚਦੇ ਸਨ ਰੇਡਾਂ ਦਾ ਬਾਦਸ਼ਾਹ ਹਰਜੀਤ ਬਾਜੀ ਜੰਡ ਵੱਲੋਂ ਲਾਏ ਗਏ ਨਾਗਪਾਸ਼ ‘ਚੋੰ ਬਾਹਰ ਨਹੀਂ ਨਿਕਲ ਸਕੇਗਾ ਪਰ ਹਰਜੀਤ ਤਾਂ ਹਰਜੀਤ ਹੀ ਸੀ ਐਵੇ ਹੀ ਨਹੀਂ ਉਸਦਾ ਨਾਂ ਜੱਗ ਤੇ ਅਮਰ ਹੋਇਆ ਫਿਰਦੈ। ਹਰਜੀਤ 5911 ਟਰੈਕਟਰ ਵਾਂਗ ਬਾਜੀ ਨੂੰ ਘੜੀਸਦਾ ਹੋਇਆ ਅੰਤ ਢੇਰੀ ਨੂੰ ਹੱਥ ਲਾਉਂਦੇ ਸਾਰ ਗਿਆਰਾਂ ਹਜ਼ਾਰ ਰੁਪਏ ਦਾ ਇਨਾਮ ਆਪਣੇ ਨਾਂ ਕਰ ਗਿਆ। ਜਿਹੜੇ ਪਾੜੇ ਵਿੱਚ ਦੋਹਾਂ ਸਾਹਨਾਂ ਦਾ ਭੇੜ ਹੋਇਆ ਸੀ ਉੱਥੇ ਹਰਜੀਤ ਵੱਲੋਂ ਬਾਜੀ ਜੰਡ ਨੂੰ ਲਾਏ ਘੜੀਸੇ ਦੀ ਚੌੜੀ ਲੀਹ ਬਣ ਗਈ ਸੀ। ਇੰਝ ਲੱਗਦਾ ਸੀ ਜਿਵੇੰ ਕੋਈ ਵੱਡਾ ਸਾਰਾ ਐਨਾਕੌਂਡਾ ਸੱਪ ਓਥੋਂ ਦੀ ਗੁਜਰਿਆ ਹੋਵੇ।

ਤਿੰਨੇ ਲੈ ਗਿਆ ਬਰਾਤੀ ਲਾੜੀ ਮੌਤ ਵਿਹਾਉਣ ਨੂੰ

ਤੇਰੀ ਭੁਲਣੀ ਬਰਾੜਾ ਨਹੀਂਓ ਯਾਦ ਵੇ…..!!

ਢੁਡੀਕੇ ਟੂਰਨਾਮੈਂਟ ਨੂੰ ਹਾਲੇ ਦੋ ਮਹੀਨੇ ਹੀ ਬੀਤੇ ਸਨ ਜਦੋਂ ਕਬੱਡੀ ਜਗਤ ਦੇ ਚੜ੍ਹਦੇ ਸੂਰਜ ਦੇ ਸਦਾ ਲਈ ਅਸਤ ਹੋਣ ਦੀ ਖ਼ਬਰ ਅਖ਼ਬਾਰ ਵਿੱਚ ਪੜੀ, ਮਨ ਬਹੁਤ ਉਦਾਸ ਹੋਇਆ।

16 ਅਪ੍ਰੈਲ 1998 ਨੂੰ ਹਰਜੀਤ ਬਰਾੜ ‘ਬਾਜਾਖਾਨਾ’ ਅਤੇ ਉਸਦੇ ਨਾਲ ਤਿੰਨ ਹੋਰ ਨਾਮਵਰ ਕਬੱਡੀ ਖਿਡਾਰੀ ਤਲਵਾਰ ਕਾਂਓਕੇ, ਕੇਵਲ ਲੋਪੋਕੇ ਅਤੇ ਕੇਵਲ ਸੇਖਾ ਇਕ ਸੜਕ ਹਾਦਸੇ ਵਿਚ ਮਾਰੇ ਗਏ। ਉਹਨਾਂ ਦਾ ਪੰਜਵਾ ਸਾਥੀ ਸੁਖਚੈਨ ਸਿੱਧਵਾਂ ਕਲਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿੱਚ ਦਾਖਿਲ ਕਰਵਾਇਆ ਗਿਆ ਅਤੇ ਇਲਾਜ ਤੋਂ ਬਾਅਦ ਓਸ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ, ਇਹ ਪੰਜੇ ਕਬੱਡੀ ਖਿਡਾਰੀ ਵਿਦੇਸ਼ਾਂ ‘ਚ ਕਬੱਡੀ ਟੂਰ ਲਈ ਵੀਜ਼ਾ ਅਪਲਾਈ ਕਰਨ ਨਵੀਂ ਦਿੱਲੀ ਜਾ ਰਹੇ ਸਨ। ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇਅ NH-95 ਤੇ ਜਾਂਦਿਆ ਸ਼ਹੀਦ ਕਾਂਸ਼ੀ ਰਾਮ, ਸ਼ਰੀਰਕ ਸਿੱਖਿਆ ਕਾਲਜ ਵੱਲ ਜਾਂਦੇ ਲਿੰਕ ਰੋਡ ਤੋਂ ਥੋੜਾ ਜਿਹਾ ਪਿੱਛੇ ਇਹ ਹਾਦਸਾ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਦੀ ਜਿਪਸੀ ਨੂੰ ਟੱਕਰ ਮਾਰੀ। ਇਸ ਨਾਮੁਰਾਦ ਟੱਕਰ ਨੇ ਕਬੱਡੀ ਜਗਤ ਦੇ ਚਾਰ ਚੋਟੀ ਦੇ ਖਿਡਾਰੀਆਂ ਨੂੰ ਮੌਕੇ ਤੇ ਹੀ ਮੌਤ ਦੀ ਆਗੋਸ਼ ਵਿੱਚ ਸੁਲਾ ਦਿੱਤਾ। ਥੋੜੇ ਸਮੇਂ ਬਾਅਦ ਹੀ ਚਾਰੇ ਕਬੱਡੀ ਸਿਤਾਰਿਆਂ ਨੂੰ ਖਰੜ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੋਸਟਮਾਰਟਮ ਦੀ ਜਾਂਚ ਤੋਂ ਬਾਅਦ, ਉਨ੍ਹਾਂ ਦੇ ਸਖ਼ਤ ਮਿਹਨਤਾਂ ਨਾਲ ਪਾਲੇ ਮ੍ਰਿਤਕ ਸ਼ਰੀਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ। ਹਰਜੀਤ ਬਰਾੜ ਅਤੇ ਉਹਨਾਂ ਦੇ ਸਾਥੀਆਂ ਦੀ ਮੌਤ ਨਾਲ ਕਬੱਡੀ ਦੇ ਇਕ ਸੁਨਹਿਰੀ ਯੁੱਗ ਦਾ ਅਚਾਨਕ ਅੰਤ ਹੋ ਗਿਆ। ਹਰਜੀਤ ਦਾ ਸੰਸਕਾਰ ਸ਼ਮਸ਼ਾਨ ਘਾਟ ਵਿੱਚ ਨਹੀਂ ਸਗੋਂ ਓਸੇ ਸਕੂਲ ਦੀ ਗਰਾਉਂਡ ਵਿੱਚ ਹੀ ਕੀਤਾ ਗਿਆ ਜਿਥੋਂ ਕਦੇ ਉਸਨੇ ਆਪਣੀ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਸੀ। ਹੁਣ ਓਸੇ ਜਗ੍ਹਾ ਉਸ ਮਹਾਨ ਕਬੱਡੀ ਖਿਡਾਰੀ ਦੀ ਯਾਦ ਵਿੱਚ ਉਸਦਾ ਬੁੱਤ ਲਗਾਇਆ ਗਿਆ ਅਤੇ ਸਮਾਧ ਬਣਾਈ ਗਈ ਤਾਂ ਕਿ ਆਉਣ ਵਾਲੀਆਂ ਨਸਲਾਂ ਉਸਦੇ ਖੇਡ ਜੀਵਨ ਤੋਂ ਪ੍ਰੇਰਣਾ ਲੈਂਦੀਆਂ ਰਹਿਣ। ਉਸਦੀ ਯਾਦ ਵਿੱਚ 10 ਲੱਖ ਦੀ ਸਰਕਾਰੀ ਮੱਦਦ ਨਾਲ ਬਾਜੇਖਾਨੇ ਇੱਕ ਖੇਡ ਸਟੇਡੀਅਮ ਵੀ ਬਣਾਇਆ ਗਿਆ ਜਿਥੇ ਓਹਦੀ ਯਾਦ ਵਿੱਚ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

ਹਰਜੀਤ ਬਜਾਖਾਨੇ ਨੇ ਬਹੁਤ ਥੋੜੇ ਸਮੇਂ ਵਿੱਚ ਉਹ ਮੁਕਾਮ ਹਾਸਿਲ ਕਰ ਲਿਆ ਸੀ ਜੋ ਇੱਕ ਖਿਡਾਰੀ ਦਾ ਸੁਫ਼ਨਾ ਹੁੰਦਾ ਹੈ। ਉਹ ਅੱਜ ਵੀ ਪੂਰੀ ਦੁਨੀਆਂ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਅਮਰ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin