ਸ੍ਰੀਨਗਰ – ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਅਮਰਨਾਥ ਯਾਤਰਾ ਲਈ ਤਿਆਰ ਕੀਤੀ ਜਾ ਰਹੀ ਸੁਰੱਖਿਆ ਛੱਤਰੀ ਨੂੰ ਅਭੇਦ ਬਣਾਉਣ ਲਈ ਲੋਡ਼ੀਂਦੀ ਗਿਣਤੀ ’ਚ ਜਵਾਨ ਅਤੇ ਅਧਿਕਾਰੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਯਾਤਰਾ ਦੌਰਾਨ ਕਾਨੂੰਨ ਵਿਵਸਥਾ ਬਣਾਏ ਰੱਖਣ ਤੋਂ ਲੈ ਕੇ ਅੱਤਵਾਦ ਰੋਕੂ ਮੁਹਿੰਮਾਂ ਦਾ ਸੰਚਾਲਨ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਵੱਡੀ ਜ਼ਿੰਮੇਵਾਰੀ ਹੈ। ਪੁਲਿਸ ਨੇ ਜ਼ਿੰਮੇਵਾਰੀ ਨੂੰ ਪਹਿਲਾਂ ਵੀ ਸਫਲਤਾ ਨਾਲ ਪੂਰਾ ਕੀਤਾ ਅਤੇ ਇਸ ਵਾਰ ਵੀ ਸੁਰੱਖਿਅਤ ਅਤੇ ਵਿਸ਼ਵਾਸਪੂਰਨ ਮਾਹੌਲ ’ਚ ਸੰਪੰਨ ਕਰਵਾਇਆ ਜਾਵੇਗਾ।
ਡੀਜੀਪੀ ਬੁੱਧਵਾਰ ਨੂੰ ਪੁਲਿਸ ਹੈੱਡਕੁਆਰਟਰ ’ਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ’ਚ 30 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਸਨ। ਡੀਜੀਪੀ ਨੇ ਕਿਹਾ ਕਿ ਯਾਤਰਾ ਮਾਰਗ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਵੱਖ-ਵੱਖ ਜ਼ੋਨਾਂ ’ਚ ਵੰਡਿਆ ਜਾਵੇ। ਉਨ੍ਹਾਂ ਫ਼ੌਜ, ਸੀਆਰਪੀਐੱਫ, ਬੀਐੱਸਐੱਫ, ਸੀਆਈਐੱਸਐੱਫ ਤੇ ਹੋਰ ਸਬੰਧਤ ਸੁਰੱਖਿਆ ਏਜੰਸੀਆਂ ਤੇ ਖ਼ੁਫ਼ੀਆ ਏਜੰਸੀਆਂ ਨਾਲ ਪੂਰਾ ਤਾਲਮੇਲ ਬਣਾਏ ਰੱਖਣ ’ਤੇ ਜ਼ੋਰ ਦਿੱਤਾ।