Punjab

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੈਨੇਡਾ ਬੈਠੇ ਸਾਥੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ

ਮਾਨਸਾ – ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਏ ਕੇ-47 ਨਾਲ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਵਿਚ ਮੂਸੇਵਾਲਾ ਦੀ ਜਾਨ ਚਲੀ ਗਈ ਅਤੇ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ। ਪੰਜਾਬ ਵਿੱਚ ਮੁੱਖ-ਮੰਤਰੀੰ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰ ਦਿੱਤੀ ਸੀ। ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਉਸੇ ਸਮੇਂ ਕਾਲੇ ਰੰਗ ਦੀ ਕਾਰ ‘ਚ ਸਵਾਰ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਮੂਸੇਵਾਲਾ ਨੂੰ ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਗੋਲੀਆਂ ਮਾਰੀਆਂ ਗਈਆਂ। ਮੂਸੇਵਾਲਾ ਖੁਦ ਹੀ ਮਹਿੰਦਰਾ ਥਾਰ ਜੀਪ ਚਲਾ ਰਿਹਾ ਸੀ। ਮੂਸੇਵਾਲਾ ‘ਤੇ ਕਰੀਬ 30 ਤੋਂ 40 ਗੋਲੀਆਂ ਚਲਾਈਆਂ ਗਈਆਂ ਅਤੇ ਗੋਲੀਬਾਰੀ ਇੰਨੀ ਤੇਜ਼ ਸੀ ਕਿ ਮੂਸੇਵਾਲਾ ਆਪਣੀ ਸੀਟ ਤੋਂ ਹਿੱਲ ਵੀ ਨਹੀਂ ਸਕਿਆ।

ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਗੰਨਮੈਨ ਸਨ। ਮਾਨ ਸਰਕਾਰ ਨੇ ਆਪਣੇ ਨਾਲ ਸਿਰਫ਼ 2 ਗੰਨਮੈਨ ਹੀ ਛੱਡੇ ਸਨ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਉਸੇ ਸਮੇਂ ਕਾਲੇ ਰੰਗ ਦੀ ਕਾਰ ‘ਚ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮੂਸੇਵਾਲਾ ਨੂੰ ਘਰ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਹੀ ਗੋਲੀ ਮਾਰ ਦਿੱਤੀ ਗਈ ਸੀ। ਥਾਰ ਗੱਡੀ ਨੂੰ ਮੂਸੇਵਾਲਾ ਖੁਦ ਹੀ ਚਲਾ ਰਿਹਾ ਸੀ।
ਸਿੱਧੂ ਮੂਸੇਵਾਲਾ ਨੇ ਮਾਨਸਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਖਿਲਾਫ ਕਾਂਗਰਸ ਦੀ ਟਿਕਟ ‘ਤੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਮੂਸੇਵਾਲਾ ਨੂੰ ਹਰਾਇਆ ਸੀ ਅਤੇ ਉਸ ਨੂੰ ਹਰਾਉਣ ਵਾਲੇ ਵਿਜੇ ਸਿੰਗਲਾ ਸੂਬੇ ਦੇ ਸਿਹਤ ਮੰਤਰੀ ਬਣ ਗਏ ਸਨ। ਹਾਲ ਹੀ ‘ਚ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।

ਸਿੱਧੂ ਮੂਸੇਵਾਲਾ ਨੇ ਕੱਲ੍ਹ ਹੀ ਆਪਣੇ ਵਕੀਲ ਨਾਲ ਗੱਲ ਕੀਤੀ ਸੀ। ਜਿਸ ਵਿੱਚ ਉਸ ਨੇ ਜਾਨ ਦਾ ਖਤਰਾ ਦੱਸਿਆ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਅਚਾਨਕ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ। ਇਸ ਲਈ ਕੋਈ ਹੋਰ ਪ੍ਰਬੰਧ ਕਰਨਾ ਪਵੇਗਾ।

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ!

ਚਰਚਾ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ। ਗੈਂਗਸਟਰ ਬਿਸ਼ਨੋਈ ਦੇ ਸਾਥੀ ਰਹੇ ਮਿੱਡੂਖੇੜਾ ਦਾ ਮੋਹਾਲੀ ‘ਚ ਕਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਮੈਨੇਜਰ ਆਸਟ੍ਰੇਲੀਆ ਭੱਜ ਗਿਆ ਸੀ। ਉਹ ਦਿੱਲੀ ਪੁਲਿਸ ਨੂੰ ਲੋੜੀਂਦਾ ਹੈ। ਇਸ ਵਿੱਚ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਦੇ ਨਾਂ ਸਾਹਮਣੇ ਆ ਰਹੇ ਹਨ।

ਗੈਂਗ ਵਾਰ ਚੱਲ ਰਹੀ ਹੈ – ਐੱਸ ਐੱਸ ਪੀ ਮਾਨਸਾ

ਮਾਨਸਾ ਦੇ ਐਸਐਸਪੀ ਨੇ ਇਸ ਘਟਨਾ ਨੂੰ ਗੈਂਗ ਵਾਰ ਦੱਸਿਆ ਹੈ। ਉਨ੍ਹਾਂ ਮੁਤਾਬਕ ਸਿੱਧੂ ਮੂਸੇਵਾਲਾ ਸੁਰੱਖਿਆ ਵਿੱਚ ਤਾਇਨਾਤ ਗੰਨਮੈਨ ਦੇ ਨਾਲ ਨਹੀਂ ਗਿਆ ਸੀ। ਬੋਲੈਰੋ ਸਮੇਤ ਦੋ ਗੱਡੀਆਂ ਪਿੱਛੇ ਆ ਰਹੀਆਂ ਸਨ। ਜਿਵੇਂ ਹੀ ਉਹ ਪਿੰਡ ਪਹੁੰਚੇ ਤਾਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਲੱਗਦਾ ਹੈ ਕਿ ਏ ਕੇ-47 ਦੀ ਵਰਤੋਂ ਕੀਤੀ ਗਈ ਹੈ। ਮੌਕੇ ਤੋਂ 9 ਐਮਐਮ ਪਿਸਤੌਲ ਦੇ ਖੋਲ ਵੀ ਮਿਲੇ ਹਨ। ਐੱਸਐੱਸਪੀ ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਮੂਸੇਵਾਲਾ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਕਿਤੇ ਜਾ ਰਿਹਾ ਸੀ। ਜਵਾਹਰਕੇ ਵਿੱਚ ਸਾਹਮਣੇ ਤੋਂ ਬੋਲੈਰੋ ਅਤੇ ਸਕਾਰਪੀਓ ਸਵਾਰ ਗੈਂਗਸਟਰਾਂ ਨੇ ਆ ਕੇ ਉਨ੍ਹਾਂ ਦੀ ਥਾਰ ਜੀਪ ਨੂੰ ਰੋਕ ਲਿਆ। ਇਸ ਤੋਂ ਬਾਅਦ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਗਈਆਂ। ਕਤਲ ਵਿੱਚ ਕਰੀਬ 6 ਤੋਂ 8 ਲੋਕ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗ ਵਾਰ ਹੋ ਸਕਦਾ ਹੈ।

ਵਰਨਣਯੋਗ ਹੈ ਕਿ ਮੂਸੇਵਾਲਾ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ ਪੁਲਸ ਨੇ ਇਸ ਮਾਮਲੇ ‘ਚ ਅਜੇ ਤੱਕ ਕੁਝ ਸਪੱਸ਼ਟ ਨਹੀਂ ਕੀਤਾ ਹੈ ਪਰ ਲਾਰੇਂਸ ਵਿਸ਼ਨੋਈ ਗੈਂਗ ਦਾ ਨਾਂ ਚਰਚਾ ‘ਚ ਹੈ। ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਗੰਨਮੈਨ ਸਨ, ਜੋ ਪਹਿਲਾਂ ਘਟਾ ਕੇ 4 ਰਹਿ ਗਏ ਹਨ। ਸ਼ਨੀਵਾਰ ਨੂੰ ਸਰਕਾਰ ਨੇ ਉਸਦੇ ਕੋਲ ਸਿਰਫ ਦੋ ਗੰਨਮੈਨ ਹੀ ਛੱਡੇ ਸਨ। ਕਤਲ ਸਮੇਂ ਉਹ ਦੋਵੇਂ ਵੀ ਉਸ ਦੇ ਨਾਲ ਨਹੀਂ ਸਨ।

ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ – ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕਾਤਲਾਂ ਦੀ ਭਾਲ ਜਾਰੀ ਹੈ। ਮੈਂ ਇਸ ਕਤਲ ਤੋਂ ਬਹੁਤ ਦੁਖੀ ਹਾਂ। ਹਮਲਾਵਰ ਕੋਈ ਵੀ ਹੋਣ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ।

ਸਿੱਧੂ ਮੂਸੇਵਾਲਾ ਦਾ ਵਿਵਾਦਾਂ ਨਾਲ ਨਾਤਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਮਾਨਸਾ ‘ਚ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ। ਲਾਰੈਂਸ ਗੈਂਗ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗਾਇਕ ਦਾ ਪੂਰਾ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ, ਜਿਸ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲਾ ਵਿਖੇ ਸਾਬਕਾ ਫੌਜੀ ਦੇ ਘਰ ਹੋਇਆ। ਸ਼ੁਭਦੀਪ ਨੇ ਪੰਜਾਬੀ ਸਿਨੇਮਾ ਨਾਲ ਜੁੜੇ ਇੱਕ ਪੰਜਾਬੀ ਗਾਇਕ, ਰੈਪਰ, ਗੀਤਕਾਰ ਅਤੇ ਅਦਾਕਾਰ ਵਜੋਂ ਆਪਣੀ ਪਛਾਣ ਬਣਾਈ। “ਨਿੰਜਾ ਲਾਇਸੈਂਸ” ਗੀਤ ਲਿਖ ਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਮੂਸੇਵਾਲਾ ਆਪਣੇ ਗੀਤਾਂ ਲਈ ਕਈ ਵਿਵਾਦਾਂ ਵਿੱਚ ਘਿਰੇ ਸਨ। ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਇੱਕ ਡਿਗਰੀ ਧਾਰਕ, ਸ਼ੁਭਦੀਪ ਸਿੰਘ ਨੇ ਇੱਕ ਗਾਇਕ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ “ਜ਼ੀ ਵੈਗਨ” ਨਾਲ ਕੀਤੀ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਸ਼ੁਰੂ ਤੋਂ ਹੀ ਆਪਣੇ ਗੀਤਾਂ ‘ਚ ਬੰਦੂਕ-ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਉਹ ਪੰਜਾਬ ਚੋਣਾਂ ਤੋਂ ਪਹਿਲਾਂ 3 ਦਸੰਬਰ 2021 ਨੂੰ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਸ ਨੇ ਮਾਨਸਾ ਤੋਂ ਚੋਣ ਲੜੀ ਅਤੇ ਹਾਰਨ ਤੋਂ ਬਾਅਦ ਉਹ ਆਪਣੇ ਗੀਤ ‘ਚ ‘ਗੱਦਾਰ’ ਸ਼ਬਦ ਦੀ ਵਰਤੋਂ ਕਰਕੇ ਸੁਰਖੀਆਂ ‘ਚ ਆ ਗਿਆ ਅਤੇ ਇਸ ਗੀਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਘੇਰ ਲਿਆ।

2020 ‘ਚ ਪੰਜਾਬ ਪੁਲਿਸ ਦੀ ਸ਼ੂਟਿੰਗ ਰੇਂਜ ‘ਤੇ ਸਿੱਧੂ ਮੂਸੇਵਾਲਾ ਦੀ ਗੋਲੀਬਾਰੀ ਦੀ ਵੀਡੀਓ ਵਾਇਰਲ ਹੋਈ ਸੀ। ਉਸ ‘ਤੇ ਕੋਰੋਨਾ ਲੌਕਡਾਊਨ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਾਇਰਲ ਵੀਡੀਓ ‘ਚ ਸਿੱਧੂ ਮੂਸੇਵਾਲਾ ਬੰਦੂਕ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਉਸ ਨੂੰ ਏਕੇ-47 ਰਾਈਫਲ ਨਾਲ ਟ੍ਰੇਨਿੰਗ ਲੈਂਦੇ ਵੀ ਦੇਖਿਆ ਗਿਆ। ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਡੀਐਸਪੀ ਹੈੱਡਕੁਆਰਟਰ ਨੂੰ ਮੁਅੱਤਲ ਕਰਕੇ ਪੰਜ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

2020 ‘ਚ ਹੀ ‘ਪਖੀਆਂ-2’ ਗੀਤ ਦੀ ਸ਼ੂਟਿੰਗ ਦੌਰਾਨ ਉਸ ‘ਤੇ ਨੌਜਵਾਨਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਸੀ। ਸਿੱਧੂ ਦੇ ਨਾਲ-ਨਾਲ ਗਾਇਕ ਮਨਕੀਰਤ ਔਲਖ ਸਮੇਤ ਪੰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸੰਜੂ ਗੀਤ ‘ਚ ਸਿੱਧੂ ਮੂਸੇਵਾਲਾ ਦੀ ਸੰਜੇ ਦੱਤ ਨਾਲ ਤੁਲਨਾ ਕਰਨ ‘ਤੇ ਵੀ ਸਵਾਲ ਉਠਾਏ ਗਏ ਸਨ। ਉਸ ਦੇ ਗੀਤ ਦੇ ਬੋਲ ਸਨ ‘ਜੱਟ ਤੇ ਵੀ ਓਹੀ ਕੇਸ ਜੇਹੜਾ ਸੰਜੇ ਦੱਤ ‘ਤੇ’। ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਨੇ ਵੀ ਇਸ ਗੀਤ ਵਿੱਚ ਆਪਣੇ ਖ਼ਿਲਾਫ਼ ਦਰਜ ਐਫਆਈਆਰ ਨੂੰ ‘ਬੈਜ ਆਫ਼ ਆਨਰ’ ਕਹਿਣ ਲਈ ਉਸ ਦੀ ਆਲੋਚਨਾ ਕੀਤੀ। ਇਸ ਮਾਮਲੇ ਵਿੱਚ ਮੂਸੇਵਾਲਾ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਸੀ। ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ। ਦਸੰਬਰ 2020 ਵਿੱਚ, ਮੂਸੇਵਾਲਾ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਡਿਆਈ ਵਾਲੇ ਇੱਕ ਹੋਰ ਗੀਤ ‘ਪੰਜਾਬ’ ਕਰਕੇ ਵਿਵਾਦ ਪੈਦਾ ਹੋ ਗਿਆ ਸੀ।
ਸਤੰਬਰ 2019 ਵਿੱਚ ਰਿਲੀਜ਼ ਹੋਏ ਉਸ ਦੇ ਗੀਤ ‘ਜੱਟੀ ਜਿਉਣੇ ਮੋੜ ਦੀ’ ਨੇ ਸਿੱਖ ਇਤਿਹਾਸ ਵਿੱਚ ਖਾਸ ਥਾਂ ਰੱਖਣ ਵਾਲੀ ਮਾਈ ਭਾਗੋ ਬਾਰੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਮੂਸੇਵਾਲਾ ਨੇ ਵਿਵਾਦ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫ਼ੀ ਮੰਗ ਲਈ ਸੀ।

ਫਿਲਮ ਇੰਡਸਟਰੀ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਦੁੱਖ ਦਾ ਪ੍ਰਗਟਾਵਾ

ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਸੰਗੀਤ ਅਤੇ ਫਿਲਮ ਜਗਤ ਵਿੱਚ ਨਿਰਾਸ਼ਾ ਦਾ ਆਲਮ ਹੈ। ਛੋਟੀ ਉਮਰੇ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਹਰ ਕੋਈ ਹੈਰਾਨ ਹੈ। ਪਰ ਕਲਾਕਾਰਾਂ ਨੇ ਮਾਨਸਾ ਦੇ ਪਿੰਡ ਜਵਾਹਰਕੇ ‘ਚ ਏ ਕੇ-47 ਨਾਲ ਹੋਈ ਹੱਤਿਆ ਕਾਰਨ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਖਰ ‘ਤੇ ਪਹੁੰਚ ਗਿਆ ਸੀ। ਉਨ੍ਹਾਂ ਦੀ ਮੌਤ ਨਾਲ ਪੂਰੀ ਫਿਲਮ ਇੰਡਸਟਰੀ ਸਦਮੇ ‘ਚ ਹੈ। ਮਹਿਜ਼ 28 ਸਾਲ ਦੀ ਉਮਰ ‘ਚ ਅਜਿਹੀ ਮੌਤ ‘ਤੇ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਹੈ। ਕਲਾਕਾਰਾਂ ਨੇ ਇਸ ਦੌਰਾਨ ਆਪਣੀ ਘਟੀ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਕੁਝ ਨੇ ਸਪੱਸ਼ਟ ਤੌਰ ‘ਤੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ।

ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ – ਵਿਰੋਧੀ ਧਿਰ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ। ਮੂਸੇਵਾਲਾ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ ਸੂਬੇ ‘ਚ ਹੰਗਾਮਾ ਮਚ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਾਰਿਆਂ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਸੁਰੱਖਿਆ ਵਾਪਸ ਨਾ ਲਈ ਗਈ ਹੁੰਦੀ ਤਾਂ ਅੱਜ ਉਹ ਸਭ ਦੇ ਵਿਚਕਾਰ ਹੁੰਦਾ। ਕੱਲ੍ਹ ਹੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਅਤੇ ਅੱਜ ਦਿਨ ਦਿਹਾੜੇ ਕਤਲ ਹੋ ਗਿਆ।

ਪੰਜਾਬ ਲੋਕ ਕਾਂਗਰਸ ਦੇ ਮੁਖੀ ਅਤੇ ਸਮਰਥਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੇ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਅਪਰਾਧੀਆਂ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਟੈਗ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ।

ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਨੇ ਮੂਸੇਵਾਲਾ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਫੜਿਆ ਜਾਣਾ ਚਾਹੀਦਾ ਹੈ। ਇਹ ਨਿਰਾਸ਼ਾਜਨਕ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨਹੀਂ ਹੈ।

ਭਾਜਪਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਕਿ ‘ਆਪ’ ਸਰਕਾਰ ਨੇ ਜਿਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਸੀ, ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕਿਸ ਨੇ ਲੀਕ ਕੀਤਾ। ਉਨ੍ਹਾਂ ਇਸ ਕਤਲ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਨੇ ਕੱਲ੍ਹ ਹੀ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈ ਲਈ ਸੀ।

ਭਾਜਪਾ ਆਗੂ ਸੁਨੀਲ ਜਾਖੜ ਨੇ ਟਵੀਟ ਕੀਤਾ ਕਿ ਮੂਸੇਵਾਲਾ ਦਾ ਕਤਲ ਹੈਰਾਨ ਕਰਨ ਵਾਲਾ ਹੈ। ਆਮ ਆਦਮੀ ਪਾਰਟੀ ਨੂੰ ਘਟੀਆ ਸੁਰੱਖਿਆ ਦੇ ਮੁੱਦੇ ‘ਤੇ ਘਟੀਆ ਤਰੀਕਿਆਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।

ਅਕਾਲੀ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਇਆ ਕਤਲ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਕੇ ਅਗਲੇ ਹੀ ਦਿਨ ਉਨ੍ਹਾਂ ਨੂੰ ਮਾਰਨਾ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਿਹਾ ਹੈ।

ਤਹਿਸੀਲ ਪੂਨਾਵਾਲਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਕਾਂਗਰਸੀ ਉਮੀਦਵਾਰ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ। ਆਖ਼ਰ ਪੰਜਾਬ ਵਿੱਚ ਕੀ ਹੋ ਰਿਹਾ ਹੈ। ਹੁਣ ਕਾਂਗਰਸ ਨੂੰ ਪੰਜਾਬ ਵਿੱਚ ਘਰਾਂ ਵਿੱਚੋਂ ਨਿਕਲ ਕੇ ਗਲੀਆਂ ਵਿੱਚ ਆਉਣ ਦੀ ਲੋੜ ਹੈ। ਕੇਸੀ ਵੇਣੂਗੋਪਾਲ ਅਤੇ ਅਜੇ ਮਾਕਨ ਤੁਰੰਤ ਪੰਜਾਬ ਪਹੁੰਚ ਗਏ ਹਨ।

ਸਾਬਕਾ ਮੰਤਰੀ ਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ। ਇੱਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਜਾਂਦੀ ਹੈ ਅਤੇ ਅਗਲੇ ਹੀ ਦਿਨ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕੋਈ ਸ਼ਬਦ ਨਹੀਂ ਹੈ। ਦਿਨ-ਦਿਹਾੜੇ ਅਪਰਾਧ ਹੋ ਰਹੇ ਹਨ। ਕਾਨੂੰਨ ਵਿਵਸਥਾ ਮਜ਼ਾਕ ਬਣ ਗਈ ਹੈ।

ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਪੂਰਾ ਦੇਸ਼ ਸੋਗ ਵਿੱਚ ਹੈ। ਇਸ ਨੂੰ ਰਾਜ ਸਪਾਂਸਰਡ ਕਤਲ ਮੰਨਿਆ ਜਾਣਾ ਚਾਹੀਦਾ ਹੈ। ਪਹਿਲਾਂ ਸੂਬੇ ਦੇ 400 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ, ਫਿਰ ਉਨ੍ਹਾਂ ਦੇ ਨਾਂ ਸੋਸ਼ਲ ਮੀਡੀਆ ‘ਤੇ ਨਸ਼ਰ ਕੀਤੇ ਗਏ। ਇਹ ਅਪਰਾਧਿਕ ਲਾਪਰਵਾਹੀ ਹੈ। ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

Related posts

ਖ਼ਾਲਸਾ ਕਾਲਜ ਵਿਖੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਦੂਜਾ ਦਿਨ ਸੰਤਾਲੀ ਦੀ ਵੰਡ ਨੂੰ ਸਮਰਪਿਤ ਸੰਤਾਲੀ ਦੇ ਜ਼ਖ਼ਮ ਹਰੇ ਕਰ ਗਿਆ !

admin

ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ਦਾ ਮੁੜ ਵਿਰੋਧ

editor

ਪੀ.ਐਸ.ਡੀ.ਐਮ. ਵੱਲੋਂ ਸਿਹਤ ਸੰਭਾਲ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨਾਲ ਸਮਝੌਤਾ ਸਹੀਬੱਧ

editor