ਕੈਨਬਰਾ – ਆਸਟ੍ਰੇਲੀਅਨ ਲੇਬਰ ਪਾਰਟੀ ਨੇ 21 ਮਈ ਨੂੰ ਹੋਈਆਂ ਚੋਣਾਂ ਦੇ ਵਿੱਚ 77 ਸੀਟਾਂ ਦਾ ਸਪੱਸ਼ਟ ਬਹੁਮਤ ਹਾਸਲ ਕਰਨ ਤੋਂ ਐਂਥਨੀ ਐਲਬਨੀਜ਼ ਦੀ ਅਗਵਾਈ ਦੇ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। ਐਂਥਨੀ ਐਲਬਨੀਜ਼ ਦੇ ਨਵੇਂ ਮੰਤਰੀ ਮੰਡਲ ਨੂੰ 1 ਜੂਨ ਨੂੰ ਗਵਰਨਰ ਹਾਊਸ ਵਿਖੇ ਆਸਟੇ੍ਰਲੀਆ ਦੇ ਗਵਰਨਰ ਜਨਰਲ ਡੇਵਿਡ ਹਰਲੀ ਦੇ ਵਲੋਂ ਸਹੁੰ ਚੁਕਾਈ ਗਈ। ਐਂਥਨੀ ਐਲਬਨੀਜ਼ ਦੇ ਵਲੋਂ ਆਪਣੀ ਨਵੀਂ ਕੈਬਨਿਟ ਦੇ ਵਿੱਚ ਔਰਤਾਂ ਨੂੰ ਰਿਕਾਰਡਤੋੜ ਥਾਂ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਵੇਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਜਾਪਾਨ ਵਿੱਚ ਕੁਐਡ ਲੀਡਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਉਣ ਲਈ ਅੰਤਰਿਮ ਮੰਤਰਾਲੇ ਲਈ ਸਹੁੰ ਚੁੱਕ ਸਮਾਗਮ ਕੀਤਾ ਗਿਆ ਸੀ ਅਤੇ ਕੱਲ੍ਹ ਦਾ ਸਹੁੰ ਚੁੱਕ ਸਮਾਗਮ ਦੂਜੀ ਵਾਰ ਕੀਤਾ ਗਿਆ। ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ, ਖਜ਼ਾਨਚੀ ਜਿਮ ਚੈਲਮਰਸ, ਵਿੱਤ ਮੰਤਰੀ ਅਤੇ ਮਹਿਲਾ ਮੰਤਰੀ ਕੈਟੀ ਗੈਲਾਗਰ ਦੇ ਨਾਲ-ਨਾਲ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਪੈਨੀ ਵੋਂਗ ਨੇ ਵੀ ਐਂਥਨੀ ਐਲਬਨੀਜ਼ ਦੇ ਨਾਲ ਪਿਛਲੇ ਹਫ਼ਤੇ ਸਹੁੰ ਚੁੱਕੀ ਸੀ ਅਤੇ ਕੱਲ੍ਹ ਉਨ੍ਹਾਂ ਦੀਆਂ ਭੂਮਿਕਾਵਾਂ ਦੀ ਦੁਬਾਰਾ ਸਹੁੰ ਚੁੱਕਾਈ ਗਈ।