ਸੰਗਰੂਰ – ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਕੁਝ ਹੀ ਦਿਨ ਪਹਿਲਾਂ ਇੱਕ ਨਿੱਜੀ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਪੱਗੜੀ ਨੂੰ ਲੈ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਗਿਆ ਕਿ “ਭਗਵੰਤ ਮਾਨ ਜਦੋਂ ਪੰਜਾਬ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਲਈ ਪੱਗ ਬੰਨ੍ਹ ਕੇ ਜਾਂਦਾ ਸੀ ਤਾਂ ਲੰਮਾ ਸਮਾਂ ਪੱਗ ਬੰਨਣ ਨਾਲ ਉਸ ਦੇ ਸਿਰ ਵਿੱਚੋਂ ਖੂਨ ਨਿੱਕਲਣ ਲੱਗ ਜਾਂਦਾ ਸੀ ਜਿਸ ਕਰਕੇ ਉਸ ਨੂੰ ਬਹੁਤ ਕਸ਼ਟ ਸਹਿਣਾ ਪੈਂਦਾ ਸੀ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਦੇ ਸਰਪ੍ਰਸਤ ਸ.ਈਮਾਨ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਾਂ ਦੀਆ ਪੱਗਾਂ ਬਾਰੇ ਅਜਿਹੀ ਅਪਮਾਨਜਨਕ ਟਿੱਪਣੀ ਕੋਈ ਧਰਮ ਨਿਰਪੱਖ ਸ਼ਖਸੀਅਤ ਜਾਂ ਸਮਝਦਾਰ ਬੰਦਾ ਕਦੇ ਵੀ ਨਹੀਂ ਕਰਦਾ ਪਰ ਰਾਘਵ ਚੱਡਾ ਵੱਲੋਂ ਆਰ.ਐਸ.ਐਸ. ਦੇ ਇਸ਼ਾਰੇ ਤੇ ਜਾਣ ਬੁੱਝ ਕੇ ਅਜਿਹੀ ਵਿਵਾਦਤ ਟਿੱਪਣੀ ਕੀਤੀ ਗਈ ਹੈ ਜਿਸ ਨਾਲ ਸਿੱਖਾਂ ਦੇ ਧਾਰਮਿਕ ਚਿੰਨਾਂ ਦਾ ਸ਼ਰੇਆਮ ਨਿਰਾਦਰ ਕਰਦਿਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਝੀ ਹਰਕਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੱਗ ਸਿੱਖੀ ਦੀ ਪਹਿਚਾਣ ਦੇ ਨਾਲ ਨਾਲ ਸਭ ਤੋਂ ਮਹੱਤਵਪੂਰਨ ਤੇ ਅਟੁੱਟ ਅੰਗ ਹੈ ਜਿਸ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਸੰਬੰਧੀ ਸ.ਈਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਉਨ੍ਹਾਂ ਦੇ ਵਕੀਲ ਜਗਮੀਤ ਸਿੰਘ ਵਲੋਂ ਆਪ ਆਗੂ ਰਾਘਵ ਚੱਢਾ ਖਿਲਾਫ ਇੱਕ ਲਿਖਤੀ ਸ਼ਿਕਾਇਤ ਐਸ.ਐਸ.ਪੀ ਦਫਤਰ ਸੰਗਰੂਰ ਵਿਖੇ ਦਿੱਤੀ ਗਈ ਜਿਸ ਵਿੱਚ ਰਾਘਵ ਚੱਡਾ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਨਾਲ ਸਬੰਧਤ 295 ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕਰਨ ਧਿ ਮੰਗ ਕੀਤੀ ਗਈ। ਇਸ ਮੌਕੇ ਸ. ਮਾਨ ਨੇ ਕਿਹਾ ਕਿ ਜੇਕਰ ਸਥਾਨਕ ਪੁਲਿਸ ਵਲੋਂ ਰਾਘਵ ਚੱਡਾ ਖਿਲਾਫ 15 ਦਿਨ ਦੇ ਅੰਦਰ ਅੰਦਰ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਨੂੰ ਅੰਜਾਮ ਤੱਕ ਪੁਚਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਹਰ ਸੰਭਵ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਦੌਰਾਨ ਪਾਰਟੀ ਦੇ ਵੱਖ ਵੱਖ ਆਗੂ ਅਤੇ ਵਰਕਰ ਮੌਕੇ ਤੇ ਮੌਜੂਦ ਸਨ।
