ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇਕ ਅਜੀਬ ਪਟੀਸ਼ਨ ਦਾਇਰ ਕੀਤੀ ਗਈ ਹੈ। ਦੋਸ਼ ਲਾਇਆ ਗਿਆ ਹੈ ਕਿ ਰੋਹਤਕ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਫਰਜ਼ੀ ਹੈ, ਉਹ ਅਸਲੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਹੀਂ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਅਸਲ ਡੇਰਾ ਮੁਖੀ ਨੂੰ ਅਗਵਾ ਕਰ ਲਿਆ ਗਿਆ ਹੈ। ਹਾਈ ਕੋਰਟ ਅੱਜ ਸੋਮਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰੇਗਾ।
ਚੰਡੀਗੜ੍ਹ ਵਾਸੀ ਅਸ਼ੋਕ ਕੁਮਾਰ ਅਤੇ ਡੇਰੇ ਦੇ ਕਰੀਬ ਇਕ ਦਰਜਨ ਫਾਲੋਅਰਜ਼ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਡੇਰੇ ਦੀ ਗੱਦੀ ‘ਤੇ ਕਾਬਜ਼ ਹੋਣ ਲਈ ਅਸਲ ਡੇਰਾ ਮੁਖੀ ਨੂੰ ਅਗਵਾ ਕਰ ਕੇ ਮਾਰ ਦਿੱਤਾ ਗਿਆ ਜਾਂ ਫਿਰ ਮਾਰ ਦਿੱਤਾ ਜਾਵੇਗਾ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਜਿਸ ਡੇਰਾ ਮੁਖੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ, ਉਹ ਨਕਲੀ ਹੈ। ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਹਰਿਆਣਾ ਸਰਕਾਰ, ਹਨੀਪ੍ਰੀਤ ਤੇ ਸਿਰਸਾ ਡੇਰਾ ਪ੍ਰਬੰਧਕ ਪੀਆਰ ਨੈਨ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ।
ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਅਗਵਾ ਕੀਤਾ ਗਿਆ ਸੀ ਤੇ ਹੁਣ ਉਹ ਨਕਲੀ ਵਿਅਕਤੀ ਨੂੰ ਅਸਲੀ ਨਾਲ ਬਦਲਣ ਦੀ ਯੋਜਨਾ ਬਣਾ ਰਹੇ ਹਨ ਜਾਂ ਬਦਲ ਦਿੱਤਾ ਗਿਆ ਹੈ। ਪਟੀਸ਼ਨ ਅਨੁਸਾਰ, ਪਟੀਸ਼ਨਕਰਤਾਵਾਂ ਦੇ ਨਾਲ-ਨਾਲ ਹੋਰ ਪੈਰੋਕਾਰਾਂ ਨੇ ਡੇਰਾ ਮੁਖੀ ਦੀ ਸ਼ਖਸੀਅਤ ਆਦਿ ‘ਚ ਕਈ ਬਦਲਾਅ ਨੋਟ ਕੀਤੇ ਹਨ। ਕੱਦ ਇਕ ਇੰਚ ਵਧ ਗਿਆ ਸੀ, ਉਂਗਲਾਂ ਦੀ ਲੰਬਾਈ ਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਸੀ। ਮੌਜੂਦਾ ਪੈਰੋਲ ਦੀ ਮਿਆਦ ਦੌਰਾਨ ਕਥਿਤ ਡੇਰਾ ਮੁਖੀ ਜਾਂ ਡੰਮੀ ਵਿਅਕਤੀ ਵੱਲੋਂ ਪ੍ਰਕਾਸ਼ਿਤ ਵੀਡੀਓ ਤੇ ਤਸਵੀਰਾਂ ਦੀ ਪੜਚੋਲ ਤੋਂ ਸਪੱਸ਼ਟ ਹੈ ਕਿ ਉਸ ਦੇ ਆਪਣੇ ਚਿਹਰੇ ਤੇ ਹੱਥਾਂ ‘ਚ ਮੇਕਓਵਰ ਜਾਂ ਮਾਸਕਿੰਗ ਸੀ ਜੋ ਵੀਡੀਓ ਤੋਂ ਵੀਡੀਓ ‘ਚ ਬਦਲ ਗਈ।