ਚੰਡੀਗੜ੍ਹ – ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਝਟਕਾ ਲੱਗਾ ਹੈ। ਸ਼ਗਨਪ੍ਰੀਤ ਨੂੰ ਮੋਹਾਲੀ ਦੇ ਵਿੱਕੀ ਮਿੱਢੂਖੇੜਾ ਕਤਲਕਾਂਡ ਵਿਚ ਅੰਤਰਿਮ ਜ਼ਮਾਨਤ ਨਹੀਂ ਮਿਲੀ। ਸ਼ਗਨਪ੍ਰੀਤ ਇਸ ਸਮੇਂ ਆਸਟ੍ਰੇਲੀਆ ਵਿਚ ਹੈ। ਉਥੋਂ ਹੀ ਸ਼ਗਨਪ੍ਰੀਤ ਨੇ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਪਾਈ ਸੀ। ਮਾਮਲੇ ’ਤੇ ਫਾਈਨਲ ਬਹਿਸ 6 ਜੁਲਾਈ ਨੂੰ ਹੋਵੇਗੀ। ਹਾਈਕੋਰਟ ਨੇ ਸ਼ਨਗਪ੍ਰੀਤ ਦੇ ਵਕੀਲ ਤੋਂ ਪੁੱਛਿਆ ਜੇਕਰ ਅਜੇ ਅੰਤਰਿਮ ਜ਼ਮਾਨਤ ਦੇ ਦਿੰਦੇ ਹਾਂ ਤੇ ਬਾਅਦ ਵਿਚ ਪਟੀਸ਼ਨ ਡਿਸਮਿਸ ਹੋ ਜਾਂਦੀ ਹੈ ਤਾਂ ਕੀ ਉਹ ਭਾਰਤ ਆਏਗਾ। ਇਸ ’ਤੇ ਵਕੀਲ ਨੇ ਹਾਮੀ ਭਰੀ ਪਰ ਹਾਈਕੋਰਟ ਨੇ ਇਕ ਵਾਰ ਸ਼ਗਨਪ੍ਰੀਤ ਤੋਂ ਪੁੱਛਣ ਨੂੰ ਕਿਹਾ। ਸ਼ਨਗਪ੍ਰੀਤ ਦੀ ਐਡਵੋਕੇਟ ਕਨਿਕਾ ਆਹੂਜਾ ਨੇ ਕਿਹਾ ਕਿ ਹਾਈਕੋਰਟ ਨੇ ਇਕ ਸਵਾਲ ਕੀਤਾ ਕਿ ਜੇਕਰ ਸ਼ਗਨਪ੍ਰੀਤ ਨੂੰ ਅੰਤਰਿਮ ਜ਼ਮਾਨਤ ਦੇ ਦੇਣ ਅਤੇ ਉਸ ਦੇ ਭਾਰਤ ਆਉਣ ਤੋਂ ਬਾਅਦ ਪਟੀਸ਼ਨ ਦੀ ਸੁਣਵਾਈ ਪੂਰੀ ਹੋ ਜਾਵੇ ਤਾਂ ਕੀ ਉਹ ਆਉਣ ਨੂੰ ਤਿਆਰ ਹੈ। ਵਕੀਲ ਨੇ ਇਸ ਬਾਰੇ ਵਿਚ ਹਾਂ ਕਿਹਾ ਪਰ ਕੋਰਟ ਨੇ ਉਨ੍ਹਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਕਿ ਉਹ ਸ਼ਗਨਪ੍ਰੀਤ ਤੋਂ ਪੁੱਛਣ ਕਿ ਕੀ ਉਹ ਭਾਰਤ ਪਰਤੇਗਾ। ਹਾਈਕੋਰਟ ਵਿਚ ਸਰਕਾਰੀ ਵਕੀਲ ਨੇ ਕਿਹਾ ਕਿ ਸ਼ਗਨਪ੍ਰੀਤ ਦੇ ਮਿੱਢੂਖੇੜਾ ਕਤਲਕਾਂਡ ਵਿਚ ਸ਼ਾਮਲ ਹੋਣ ਦੇ ਪੂਰੇ ਸਬੂਤ ਹਨ। ਇਸੇ ਵਜ੍ਹਾ ਨਾਲ ਉਸ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਸ਼ਗਨ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਕੋਰਟ ਵਿਚ ਮਿੱਢੂਖੇੜਾ ਕਤਲ ਕੇਸ ਵਿਚ ਸਟੇਟ ਰਿਪੋਰਟ ਪੇਸ਼ ਨਹੀਂ ਕੀਤੀ ਹੈ।