ਨਵੀਂ ਦਿੱਲੀ – ਭਾਰਤ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀਆਂ ਰਾਸ਼ਟਰਮੰਲ ਖੇਡਾਂ ਵਿਚ 293 ਮੈਂਬਰੀ ਟੀਮ ਭੇਜੇਗਾ। ਇਸ ਟੀਮ ਤੋਂ ਇਲਾਵਾ ਪੈਰਾ ਖੇਡਾਂ ਦੀ 33 ਮੈਂਬਰੀ ਟੀਮ ਵੀ ਬਰਮਿੰਘਮ ਜਾਵੇਗੀ ਜਿੱਥੇ 28 ਜੁਲਾਈ ਤੋਂ ਇਹ ਖੇਡਾਂ ਹੋਣਗੀਆਂ।
ਭਾਰਤੀ ਅਥਲੈਟਿਕਸ ਟੀਮ ਦੀ ਅਗਵਾਈ ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੇਜ਼ਾ ਸੁੱਟ ਅਥਲੀਟ ਨੀਰਜ ਚੋਪੜਾ ਕਰਨਗੇ ਜਦਕਿ 293 ਮੈਂਬਰੀ ਭਾਰਤੀ ਟੀਮ ਵਿਚ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਅਥਲੈਟਿਕਸ ਵਿਚ ਹਿਮਾ ਦਾਸ, ਮਨਪ੍ਰਰੀਤ ਕੌਰ ਤੇ ਅਵਿਨਾਸ਼ ਸਾਬਲੇ ਵਰਗੇ ਅਥਲੀਟ ਵੀ ਹੋਣਗੇ। ਉਥੇ ਹਰਮਨਪ੍ਰਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਇਨ੍ਹਾਂ ਖੇਡਾਂ ਵਿਚ ਪਹਿਲੀ ਵਾਰ ਉਤਰੇਗੀ।
ਭਾਰਤੀ ਟੀਮ ਵਿਚ ਅਥਲੈਟਿਸ ਤੋਂ 17, ਤੈਰਾਕੀ ਤੋਂ ਪੰਜ, ਬੈਡਮਿੰਟਨ ਤੋਂ ਅੱਠ, ਮੁੱਕੇਬਾਜ਼ੀ ਤੋਂ ਅੱਠ, ਸਾਈਕਲਿੰਗ ਟ੍ਰੈਕ ਤੋਂ 19, ਮਹਿਲਾ ਕ੍ਰਿਕਟ ਤੋਂ 28, ਜਿਮਨਾਸਟਿਕਸ ਤੋਂ 10, ਮਰਦ ਤੇ ਮਹਿਲਾ ਹਾਕੀ ਟੀਮ ਮਿਲਾ ਕੇ 50, ਮਰਦ ਤੇ ਮਹਿਲਾ ਜੂਡੋ ਟੀਮ ਮਿਲਾ ਕੇ ਸੱਤ, ਲਾਅਨ ਬਾਲ ਤੋਂ 12, ਸਕੁਐਸ਼ ਤੋਂ 12, ਟੇਬਲ ਟੈਨਿਸ ਤੋਂ 14, ਟ੍ਰਾਇਥਲੋਨ ਤੋਂ ਪੰਜ, ਕੁਸ਼ਤੀ ਤੋ 19 ਤੇ ਵੇਟਲਿਫਟਿੰਗ ਤੋਂ 21 ਲੋਕ ਹਨ। ਇਨ੍ਹਾਂ ਵਿਚ ਖਿਡਾਰੀ ਤੇ ਸਹਿਯੋਗੀ ਸਟਾਫ ਦੋਵੇਂ ਸ਼ਾਮਲ ਹਨ।
ਦੂਜੇ ਪਾਸੇ ਪੈਰਾ ਸਪੋਰਟਸ ਵਿਚ ਪੈਰਾ ਤੈਰਾਕੀ ਤੋਂ ਚਾਰ, ਪੈਰਾ ਅਥਲੈਟਿਕਸ ਤੋਂ ਅੱਠ, ਟੇਬਲ ਟੈਨਿਸ ਤੋਂ ਛੇ ਤੇ ਪਾਵਰਲਿਫਟਿੰਗ ਤੋਂ ਸੱਤ ਮੈਂਬਰ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਸੱਤ ਸਟਾਫ ਮੈਂਬਰ ਵੀ ਹੋਣਗੇ ਜਿਨ੍ਹਾਂ ਵਿਚ ਟੀਮ ਮੁਖੀ ਰਾਜੇਸ਼ ਭੰਡਾਰੀ ਦੇ ਨਾਲ ਮਨਿੰਦਰ ਪਾਲ ਸਿੰਘ, ਅਨਿਲ ਧੂਪਰ ਤੇ ਪ੍ਰਸ਼ਾਂਤ ਕੁਸ਼ਵਾਹਾ ਦੇ ਰੂਪ ਵਿਚ ਤਿੰਨ ਜਨਰਲ ਟੀਮ ਮੈਨੇਜਰ ਤੇ ਜਾਰਜ ਮੈਥਿਊ, ਪੁਸ਼ਕਰ ਸਿੰਘ ਨੇਗੀ ਤੇ ਨਾਜਿਮਾ ਖ਼ਾਨ ਵਜੋਂ ਤਿੰਨ ਪ੍ਰਬੰਧਕੀ ਅਧਿਕਾਰੀ ਵੀ ਸ਼ਾਮਲ ਹੋਣਗੇ।