ਦੁਬਈ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਆਈਸੀਸੀ ਵਨਡੇ ਰੈਂਕਿੰਗ ‘ਚ ਗੇਂਦਬਾਜ਼ਾਂ ਦੀ ਸੂਚੀ ‘ਚ ਇਕ ਸਥਾਨ ਹੇਠਾਂ ਦੂਜੀ ਥਾਂ ‘ਤੇ ਆ ਗਿਆ, ਜਦਕਿ ਹਾਰਦਿਕ ਪਾਂਡਿਆ ਆਲਰਾਊਂਡਰਾਂ ਦੀ ਸੂਚੀ ‘ਚ 13 ਸਥਾਨ ਚੜ੍ਹ ਕੇ ਅੱਠਵੀਂ ਥਾਂ ‘ਤੇ ਪਹੁੰਚ ਗਿਆ।
ਭਾਰਤ ਨੇ ਇੰਗਲੈਂਡ ਨੂੰ ਵਨਡੇ ਲੜੀ ‘ਚ 2-1 ਨਾਲ ਹਰਾਇਆ। ਬੁਮਰਾਹ ਲੱਕ ਦੀ ਤਕਲੀਫ ਕਰਕੇ ਆਖਰੀ ਮੈਚ ਨਹੀਂ ਖੇਡ ਸਕਿਆ, ਜਿਸ ਕਰਕੇ ਉਸਨੂੰ ਸਿਖਰਲੀ ਥਾਂ ਗਵਾਉਣੀ ਪਈ। ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਟਰੇਂਟ ਬੋਲਟ 704 ਰੇਟਿੰਗ ਅੰਕ ਲੈ ਕੇ ਸਿਖਰ ‘ਤੇ ਹੈ, ਜਦਕਿ ਬੁਮਰਾਹ ਉਸ ਤੋਂ ਇਕ ਅੰਕ ਪਿੱਛੇ ਹੈ। ਯੁਜਵੇਂਦਰ ਸਿੰਘ ਚਹਿਲ ਚਾਰ ਸਥਾਨ ਉੱਪਰ ਚੜ੍ਰ੍ਹ ਕੇ ਚੌਥੀ ਥਾਂ ‘ਤੇ ਹੈ। ਇੰਗਲੈਂਡ ਖਿਲਾਫ ਛੇ ਵਿਕਟ ਤੇ 100 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਾਂਡਿਆ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਅੱਠ ਸਥਾਨ ਚੜ੍ਹ ਕੇ 24ਵੇਂ ਨੰਬਰ ‘ਤੇ ਹੈ। ਆਖਰੀ ਵਨਡੇ ‘ਚ ਨਾਬਾਦ 125 ਦੌੜਾਂ ਬਣਾਉਣ ਵਾਲਾ ਰਿਸ਼ਭ ਪੰਤ 25 ਸਥਾਨ ਚੜ੍ਹ ਕੇ 52ਵੇਂ ਨੰਬਰ ‘ਤੇ ਹੈ। ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਬੱਲੇਬਾਜ਼ਾਂ ‘ਚ ਸਿਖਰ ‘ਤੇ ਹੈ। ਵਿਰਾਟ ਕੋਹਲੀ ਚੌਥੇ ਤੇ ਰੋਹਿਤ ਸ਼ਰਮਾ ਪੰਜਵੇਂ ਨੰਬਰ ‘ਤੇ ਹੈ। ਆਲਰਾਊਂਡਰਾਂ ਦੀ ਸੂਚੀ ‘ਚ ਇੰਗਲੈਂਡ ਦਾ ਬੇਨ ਸਟੋਕਸ ਚਾਰ ਸਥਾਨ ਡਿਗ ਕੇ ਸਿਖਰ 10 ਤੋਂ ਬਾਹਰ ਹੋ ਗਿਆ ਹੈ। ਟੈਸਟ ਰੈਂਕਿੰਗ ‘ਚ ਇਸ ਹਫਤੇ ਕੋਈ ਬਦਲਾਅ ਨਹੀਂ ਹੋਇਆ।