ਨਵੀਂ ਦਿੱਲੀ – ਬਰਮਿੰਘਮ ‘ਚ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਹੇ ਹੀ ਭਾਰਤ ਚੌਥੇ ਸਥਾਨ ‘ਤੇ ਰਿਹਾ ਤੇ ਉਸ ਨੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਨਾ ਹੋਣ ਦੇ ਬਾਵਜੂਦ ਬਿਹਤਰ ਪ੍ਰਦਰਸ਼ਨ ਕੀਤਾ ਪਰ ਭਵਿੱਖ ਦੇ ਟੂਰਨਾਮੈਂਟਾਂ ਲਈ ਹੁਣ ਹੋਰ ਸੁਧਾਰ ਦੀ ਲੋੜ ਹੈ। ਅੱਗੇ ਹੋਰ ਵੀ ਵੱਧ ਮੈਡਲ ਜਿੱਤਣ ਲਈ ਉੱਤਰ ਪ੍ਰਦੇਸ਼, ਰਾਜਸਥਾਨ, ਬੰਗਾਲ, ਮੱਧ ਪ੍ਰਦੇਸ਼ ਤੇ ਬਿਹਾਰ ਵਰਗੇ ਵੱਡੇ ਸੂਬਿਆਂ ਤੋਂ ਵੱਧ ਖਿਡਾਰੀਆਂ ਦੇ ਨਿਕਲਣ ਤੇ ਵੱਡੇ ਟੂਰਨਾਮੈਂਟਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਸਖ਼ਤ ਲੋੜ ਹੈ।
ਭਾਰਤ ਨੇ ਬਰਿਮੰਘਮ ਖੇਡਾਂ ਵਿਚ 22 ਗੋਲਡ ਸਮੇਤ ਕੁੱਲ 61 ਮੈਡਲ ਜਿੱਤ ਕੇ ਆਪਣਾ ਪੰਜਵਾਂ ਸਰਬੋਤਮ ਪ੍ਰਦਰਸ਼ਨ ਕੀਤਾ। ਭਾਰਤ ਨੂੰ ਮਰਦ ਖਿਡਾਰੀਆਂ ਨੇ 13 ਗੋਲਡ ਸਮੇਤ 35 ਮੈਡਲ, ਜਦਕਿ ਮਹਿਲਾ ਖਿਡਾਰੀਆਂ ਨੇ ਅੱਠ ਗੋਲਡ ਸਮੇਤ 23 ਮੈਡਲ ਦਿਵਾਏ। ਭਾਰਤ ਨੇ ਮਿਕਸਡ ਮੁਕਾਬਲਿਆਂ ਵਿਚ ਤਿੰਨ ਮੈਡਲ ਹਾਸਲ ਕੀਤੇ ਜਿਸ ਵਿਚ ਇਕ ਗੋਲਡ ਵੀ ਸ਼ਾਮਲ ਹੈ।
ਭਾਰਤ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਸਭ ਤੋਂ ਵੱਧ ਮੈਡਲ ਹਰਿਆਣਾ ਤੇ ਪੰਜਾਬ ਨੇ ਦਿਵਾਏ। ਹਰਿਆਣਾ ਦੇ ਖਿਡਾਰੀਆਂ ਨੇ ਨਿੱਜੀ ਤੇ ਟੀਮ ਮੁਕਾਬਲੇ ਮਿਲਾ ਕੇ ਕੁੱਲ 27 ਮੈਡਲ ਜਦਕਿ ਪੰਜਾਬ ਦੇ ਖਿਡਾਰੀਆਂ ਨੇ 20 ਮੈਡਲ ਜਿੱਤੇ। ਪਰ ਜਨਸੰਖਿਆ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਇਸ ਮਾਮਲੇ ਵਿਚ ਥੋੜ੍ਹਾ ਪਿੱਛੇ ਰਿਹਾ। ਨਿੱਜੀ ਤੇ ਟੀਮ ਮੁਕਾਬਲੇ ਮਿਲਾ ਕੇ ਉੱਤਰ ਪ੍ਰਦੇਸ਼ ਦੇ ਕੁੱਲ ਸੱਤ ਖਿਡਾਰੀ ਬਰਮਿੰਘਮ ਵਿਚ ਮੈਡਲ ਲਿਆਉਣ ਵਿਚ ਕਾਮਯਾਬ ਹੋਏ। ਮੱਧ ਪ੍ਰਦੇਸ਼ ਦਾ ਪ੍ਰਦਰਸ਼ਨ ਅਜਿਹਾ ਹੀ ਰਿਹਾ ਹੈ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ਤੋਂ ਜੇ ਹੋਰ ਵੀ ਅਥਲੀਟ ਨਿਕਲਦੇ ਹਨ ਤਾਂ ਇਹ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਵਰਗੇ ਵੱਡੇ ਟੂਰਨਾਮੈਂਟ ਵਿਚ ਹਿੱਸਾ ਲੈਂਦੇ ਹਨ ਤੇ ਬਿਹਤਰ ਕਰਨ ਵਿਚ ਕਾਮਯਾਬ ਹੁੰਦੇ ਹਨ ਤਾਂ ਭਾਰਤ ਇਨ੍ਹਾਂ ਖੇਡਾਂ ਵਿਚ ਵੱਧ ਮੈਡਲ ਹਾਸਲ ਕਰ ਸਕਦਾ ਹੈ।
ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤੀ ਅਥਲੀਟ ਹੁਣ ਅਗਲੇ ਸਾਲ ਹੋਣ ਵਾਲੀਆਂ ਏਸ਼ੀਅਨ ਖੇਡਾਂ ਤੇ 2024 ਵਿਚ ਹੋਣ ਵਾਲੇ ਪੈਰਿਸ ਓਲੰਪਿਕ ‘ਤੇ ਧਿਆਨ ਕੇਂਦਰਤ ਕਰਨਗੇ। ਏਸ਼ੀਅਨ ਖੇਡਾਂ ਵਿਚ ਮੁਕਾਬਲਾ ਰਾਸ਼ਟਰਮੰਡਲ ਖੇਡਾਂ ਤੋਂ ਕਿਤੇ ਵੱਧ ਸਖ਼ਤ ਹੋਵੇਗਾ ਕਿਉਂਕਿ ਉਥੇ ਚੀਨ ਤੇ ਜਾਪਾਨ ਵਰਗੇ ਦੇਸ਼ ਵੀ ਹੋਣਗੇ। ਇਸ ਤੋਂ ਬਾਅਦ 2024 ਪੈਰਿਸ ਓਲੰਪਿਕ ਲਈ ਵੀ ਭਾਰਤੀ ਅਥਲੀਟਾਂ ਨੂੰ ਆਪਣੀ ਤਿਆਰੀ ਬਿਹਤਰ ਰੱਖਣੀ ਪਵੇਗੀ ਜਿਸ ਨਾਲ ਉਹ ਓਲੰਪਿਕ ਵਿਚ ਮੈਡਲਾਂ ਦੀ ਗਿਣਤੀ ਦਹਾਈ ਤਕ ਪਹੁੰਚਾ ਸਕਣ।
ਖੇਤਰਫਲ ਦੇ ਲਿਹਾਜ਼ ਨਾਲ ਮੱਧ ਪ੍ਰਦੇਸ਼ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੈ ਪਰ ਰਾਸ਼ਟਰਮੰਡਲ ਖੇਡਾਂ ਵਿਚ ਸੂਬੇ ਦੀ ਨੁਮਾਇੰਦਗੀ ਬਹੁਤ ਘੱਟ ਰਹੀ। ਮੱਧ ਪ੍ਰਦੇਸ਼ ਵਿਚ ਲਗਭਗ 242 ਕਰੋੜ ਰੁਪਏ ਦਾ ਬਜਟ ਖੇਡਾਂ ਲਈ ਹੈ। ਖੇਲੋ ਇੰਡੀਆ ਤਹਿਤ 100 ਕਰੋੜ ਰੁਪਏ ਵਾਧੂ ਮਿਲਦੇ ਹਨ। ਇਸ ਦੇ ਬਾਵਜੂਦ ਰਾਸ਼ਟਰਮੰਡਲ ਖੇਡਾਂ ਵਿਚ ਪੂਰੇ ਸੂਬੇ ਤੋਂ ਸਿਰਫ਼ ਤਿੰਨ ਖਿਡਾਰੀ ਸ਼ਾਮਲ ਹੋਏ। ਇਨ੍ਹਾਂ ਵਿਚ ਵੀ ਤੈਰਾਕ ਅਦਵੈਤ ਪਾਗੇ ਸਾਲ 2019 ਤੋਂ ਅਮਰੀਕਾ (ਫਲੋਰਿਡਾ) ਵਿਚ ਰਹਿ ਕੇ ਤਿਆਰੀ ਕਰ ਰਹੇ ਸਨ। ਮਹਿਲਾ ਕ੍ਰਿਕਟਰ ਪੂਜਾ ਵਸਤ੍ਕਾਰ ਦੀ ਸਿਖਲਾਈ ਦਾ ਪੂਰਾ ਖ਼ਰਚਾ ਮੱਧ ਪ੍ਰਦੇਸ਼ ਕ੍ਰਿਕਟ ਸੰਗਠਨ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਚੁੱਕਿਆ। ਹਾਕੀ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਜ਼ਰੂਰ ਮੱਧ ਪ੍ਰਦੇਸ਼ ਸਰਕਾਰ ਦੀ ਹਾਕੀ ਅਕੈਡਮੀ ਤੋਂ ਨਿਕਲੇ ਹਨ। ਪ੍ਰਦੇਸ਼ ਵਿਚ ਖੇਡ ਵਿਭਾਗ ਦੀਆਂ ਵੱਖ-ਵੱਖ ਖੇਡਾਂ ਦੀਆਂ ਅਕੈਡਮੀਆਂ ਹਨ ਜਿਨ੍ਹਾਂ ਵਿਚ ਮੋਟੀ ਤਨਖ਼ਾਹ ‘ਤੇ ਕੋਚਾਂ ਦੀ ਭੀੜ ਹੈ। ਪਰ ਨਤੀਜੇ ਬਹੁਤ ਘੱਟ ਨਿਕਲ ਰਹੇ ਹਨ। ਇੰਦੌਰ ਵਰਗੇ ਪ੍ਰਦੇਸ਼ ਦੇ ਸਭ ਤੋਂ ਮੁੱਖ ਸ਼ਹਿਰ ਵਿਚ ਖੇਡ ਵਿਭਾਗ ਦੀ ਅਕੈਡਮੀ ਤਾਂ ਦੂਰ ਆਪਣਾ ਦਫ਼ਤਰ ਤਕ ਨਹੀਂ ਹੈ। ਅਕੈਡਮੀਆਂ ਵਿਚ ਵੀ ਬਾਹਰੀ ਸੂਬਿਆਂ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂਕਿ ਨਤੀਜੇ ਦਿਖਾਏ ਜਾ ਸਕਣ। ਇਸ ਨਾਲ ਸਥਾਨਕ ਖਿਡਾਰੀਆਂ ਨੂੰ ਵਾਜਬ ਮੌਕੇ ਨਹੀਂ ਮਿਲਦੇ।