ਸਿਡਨੀ – ਭਾਰਤੀ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਕੱਲ੍ਹ ਰਾਤ ਸਿਡਨੀ ਓਪੇਰਾ ਹਾਊਸ ਦੀ ਇਮਾਰਤ ਨੂੰ ਭਾਰਤੀ ਰਾਸ਼ਟਰੀ ਝੰਡੇ ਦੇ
ਤਿੰਨ ਰੰਗਾਂ ਦਾ ਚੋਗਾ ਪੁਆਇਆ ਗਿਆ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੌਮੀਨਿਕ ਪੈਰੋਟੇਟ ਅਤੇ ਬਹੁ-ਸੱਭਿਆਚਾਰਕਤਾ ਮੰਤਰੀ ਮਾਰਕ ਕੋਰ ਨੇ ਇਸਦੀ ਜਾਣਕਾਰੀ ਦਿੰਦਿਆਂ ਇਸਦਾ ਸੁਆਗਤ ਕੀਤਾ ਕਿ ਭਾਰਤ ਦੀ ਇਸ ਮੀਲ ਪੱਥਰ ਵਾਲੀ ਵਰ੍ਹੇਗੰਢ ਨੂੰ ਮਨਾਉਣ ਲਈ ਸਿਡਨੀ ਦੇ ਇਸ ਪ੍ਰਤੀਕ ਲੈਂਡਮਾਰਕ ਨੂੰ ਸੰਤਰੀ, ਚਿੱਟੇ ਅਤੇ ਹਰੇ ਰੰਗ ਵਿੱਚ ਰੌਸ਼ਨ ਕੀਤਾ ਗਿਆ।
ਪ੍ਰੀਮੀਅਰ ਡੌਮੀਨਿਕ ਪੈਰੋਟੇਟ ਨੇ ਕਿਹਾ ਕਿ, “ਭਾਰਤ ਨਿਊ ਸਾਊਥ ਵੇਲਜ਼ ਦਾ ਚੰਗਾ ਮਿੱਤਰ ਹੈ ਅਤੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਬੰਧ ਲਗਾਤਾਰ
ਮਜ਼ਬੂਤ ਹੁੰਦੇ ਹੀ ਜਾ ਰਹੇ ਹਨ। ਲੰਬੇ ਸਮੇਂ ਤੋਂ ਸਾਡੀ ਦੋਸਤੀ ਸਾਂਝੇ ਆਦਰਸ਼ਾਂ ਅਤੇ ਹਿੱਤਾਂ ‘ਤੇ ਅਧਾਰਤ ਰਹੀ ਹੈ, ਜੋ ਕਿ ਮੈਂ ਆਪਣੇ ਆਪ ਦੇ ਤਜ਼ਰਬੇ ਤੋਂ ਦੇਖਿਆ ਹੈ ਅਤੇ ਹੁਣ ਅਸੀਂ ਨਿਵੇਸ਼ ਅਤੇ ਵਪਾਰ ਰਾਹੀਂ ਇਸ ਰਿਸ਼ਤੇ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦਾ ਦੇਖਾਂਗੇ। ਭਾਰਤ ਦੇ ਇਸ ਇਤਿਹਾਸਕ ਮੌਕੇ ਨੂੰ ਮਾਨਤਾ ਦੇ ਕੇ ਅੱਜ ਰਾਤ ਅਸੀਂ ਉਸ ਦੋਸਤੀ ਦਾ ਅਤੇ ਮਿਲ ਕੇ ਕੰਮ ਕਰਨ ਦੀਆਂ ਸਾਡੀਆਂ ਨਵੀਆਂ ਵਚਨਬੱਧਤਾਵਾਂ ਦਾ ਜਸ਼ਨ ਮਨਾਵਾਂਗੇ।”
ਬਹੁ-ਸੱਭਿਆਚਾਰਕਤਾ ਮੰਤਰੀ ਮਾਰਕ ਕੋਰ ਨੇ ਕਿਹਾ ਕਿ, “ਅਜਿਹੀਆਂ ਕਈ ਚੀਜ਼ਾਂ ਹਨ ਜੋ ਨਿਊ ਸਾਊਥ ਵੇਲਜ਼ ਅਤੇ ਭਾਰਤ ਨੂੰ ਜੋੜਦੀਆਂ ਹਨ, ਪਰ ਇੱਕ ਚੀਜ਼ ਅਜਿਹੀ ਹੈ ਜੋ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਅਤੇ ਜੇਕਰ ਤੁਸੀਂ ਸੋਚਿਆ ਕਿ ਉਹ ਚੀਜ਼, ਕ੍ਰਿਕੇਟ ਲਈ ਸਾਡਾ ਦੋਨਾਂ ਦਾ ਪਿਆਰ ਹੈ, ਤਾਂ ਤੁਹਾਨੂੰ ਮਾਫ਼ ਕਰ ਦਿੱਤਾ ਜਾਵੇਗਾ। ਨਵੀਨਤਮ ਜਨਗਣਨਾ ਦੇ ਅੰਕੜੇ ਸਾਨੂੰ ਦਿਖਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ, ਦੂਜੇ ਦੇਸ਼ਾਂ ਵਿੱਚ ਜਨਮ ਲੈਣ ਵਾਲੇ ਸਭ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਮਾਮਲੇ ਵਿੱਚ, ਭਾਰਤ ਦੂਜੇ ਸਥਾਨ ‘ਤੇ ਆਉਂਦਾ ਹੈ, ਅਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਦੇ ਹਾਂ ਕਿ ਭਾਰਤ ਨਿਊ ਸਾਊਥ ਵੇਲਜ਼ ਦਾ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਤੀਜਾ ਸਭ ਤੋਂ ਵੱਡਾ ਸਰੋਤ ਹੈ ਅਤੇ ਸਾਡੇ ਸੈਲਾਨੀਆਂ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ। ਜੋ ਗੱਲ ਇੱਥੇ ਸਾਂਝੀ ਹੈ, ਉਹ ਹੈ ਸਾਡੇ ਲੋਕ, ਅਤੇ ਅਸੀਂ ਮੰਨਦੇ ਹਾਂ ਕਿ ਭਾਰਤ ਅਤੇ ਹੋਰ ਸਾਰੇ ਦੇਸ਼ਾਂ ਨਾਲ ਕੰਮ ਕਰਨ ਵਿੱਚ ਸਾਡੀ ਭਵਿੱਖ ਦੀ ਸਫਲਤਾ ਦੀ ਕੁੰਜੀ ਸਾਡੇ ਲੋਕ ਹੀ ਹਨ। ਇਹੀ ਉਹ ਸ਼ਕਤੀ ਹੈ ਜੋ ਸਾਡਾ ਬਹੁ-ਸੱਭਿਆਚਾਰਕ ਸਮਾਜ ਸਾਨੂੰ ਦਿੰਦਾ ਹੈ – ਸਾਡੇ ਰਾਜ ਦੇ ਲੋਕਾਂ ਕਾਰਨ ਦੁਨੀਆ ਭਰ ਦੇ ਦੇਸ਼ਾਂ ਨਾਲ ਜੁੜਨ ਦੀ ਸਾਡੀ ਸਮਰੱਥਾ।”