ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਉੱਤਰੀ ਸਰਹੱਦਾਂ ’ਤੇ ਭਾਰਤ ਨੂੰ ‘ਕਾਫ਼ੀ ਮੁਸ਼ਕਲ’ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਦੇਸ਼ ਨੇ ਇਨ੍ਹਾਂ ਚੁਣੌਤੀਆਂ ਨਾਲ ਦ੍ਰਿੜ੍ਹਤਾ ਨਾਲ ਨਜਿੱਠਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਲਈ ਲੋੜੀਂਦੀ ਫੌਜ ਦੀ ਤਾਇਨਾਤੀ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਅੱਜ ‘ਫਿਕੀ’ ਦੇ ਇਕ ਸਮਾਗਮ ਵਿਚ ਪੂਰਬੀ ਲੱਦਾਖ ਵਿਚ ਚੀਨ ਨਾਲ ਬਣੇ ਟਕਰਾਅ ’ਤੇ ਬੋਲ ਰਹੇ ਸਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਨੇ ਭਰੋਸੇ ਨਾਲ ਇਕ ਤੋਂ ਬਾਅਦ ਇਕ ਰਾਹ ਚੁਣਿਆ ਭਾਵੇਂ ਉਹ ਕਿੰਨੇ ਵੀ ਮੁਸ਼ਕਲ ਜਾਂ ਸਖ਼ਤ ਸਨ। ਜੈਸ਼ੰਕਰ ਨੇ ਕਿਹਾ, ‘ਭਾਵੇਂ ਇਹ ਘਟਨਾ ਕੋਵਿਡ ਦੌਰਾਨ ਵਾਪਰੀ, ਫਿਰ ਵੀ ਅਸੀਂ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ ਤੇ ਹਾਲੇ ਤੱਕ ਵੀ ਕੌਮੀ ਸੁਰੱਖਿਆ ਖਾਤਰ ਲੋੜੀਂਦੀ ਤਾਇਨਾਤੀ ਅਸੀਂ ਕਾਇਮ ਰੱਖੀ ਹੋਈ ਹੈ।’ ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੀ ਸੈਨਾ ਵਿਚਾਲੇ ਤਿੰਨ ਸਾਲਾਂ ਤੋਂ ਪੂਰਬੀ ਲੱਦਾਖ ਦੀਆਂ ਕਈ ਥਾਵਾਂ ’ਤੇ ਟਕਰਾਅ ਬਣਿਆ ਹੋਇਆ ਹੈ। ਹਾਲਾਂਕਿ ਦੋਵਾਂ ਮੁਲਕਾਂ ਨੇ ਸੈਨਿਕ ਤੇ ਕੂਟਨੀਤਕ ਵਾਰਤਾ ਤੋਂ ਬਾਅਦ ਕਈ ਥਾਵਾਂ ਤੋਂ ਸੈਨਾ ਨੂੰ ਪਿੱਛੇ ਵੀ ਸੱਦਿਆ ਹੈ। ਜੈਸ਼ੰਕਰ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਆਲਮੀ ਪੱਧਰ ’ਤੇ ਅਤਿਵਾਦ ਵਿਰੁੱਧ ਜਾਗਰੂਕਤਾ ਫੈਲਾਈ ਹੈ। ਵਿਦੇਸ਼ ਮੰਤਰੀ ਨੇ ਇਸ ਮੌਕੇ ਭਾਰਤ ਵੱਲੋਂ ਅਤਿਵਾਦ ਦੀ ਚੁਣੌਤੀ ਨਾਲ ਨਜਿੱਠਣ ਬਾਰੇ ਵੀ ਆਪਣੇ ਵਿਚਾਰ ਰੱਖੇ।
previous post