ਨਵੀਂ ਦਿੱਲੀ -1984 ਦੇ ਸਿੱਖ ਕਤਲੇਆਮ ਕੇਸਾਂ ਦੀ ਲੜਾਈ ਲੜ ਰਹੀ ਸਿੱਖ ਕੌਮ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ ਦਿੱਲੀ ਹਾਈ ਕੋਰਟ ਨੇ ਇਹਨਾਂ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੂੰ ਕਾਂਗਰਸ ਆਗੂ, ਸਾਬਕਾ ਮੁੱਖ ਮੰਤਰੀ ਤੇ ਗਾਂਧੀ ਪਰਿਵਾਰ ਦੇ ਕਰੀਬੀ ਕਮਲਨਾਥ ਖਿਲਾਫ ਕੇਸ ਦੀ ਸਟੇਟ ਰਿਪੋਰਟ 23 ਅਪ੍ਰੈਲ 2024 ਤੱਕ ਦਾਇਰ ਕਰਨ ਦੀ ਹਦਾਇਤ ਕੀਤੀ।ਇਹ ਜਾਣਕਾਰੀ ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਨਿੱਜੀ ਤੌਰ ’ਤੇ ਪੈਰਵੀ ਕਰ ਰਹੇ ਹਨ ਤੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਮਲਨਾਥ ਤੇ ਹੋਰ ਦੋਸ਼ੀਆਂ ਖਿਲਾਫਬੰਦ ਕੀਤੇ ਕੇਸ ਮੁੜ ਖੋਲ੍ਹਣ ਦੀ ਅਪੀਲ ਕੀਤੀ ਸੀ । ਇਸ ਮਗਰੋਂ ਉਹਨਾਂ ਅਦਾਲਤਾਂ ਵਿਚ ਵੀ ਕੇਸਾਂ ਦੀ ਪੈਰਵੀ ਕੀਤੀ।
ਉਹਨਾਂ ਕਿਹਾ ਕਿ ਉਹ ਨਿਆਂਪਾਲਿਕਾ ਦੇ ਧੰਨਵਾਦੀ ਹਨ ਕਿਉਂਕਿ ਦਿੱਲੀ ਹਾਈ ਕੋਰਟ ਨੇ ਅੱਜ ਐਸ ਆਈ ਟੀ ਨੂੰ ਕਮਲਨਾਥ ਖਿਲਾਫ ਕੇਸ ਵਿਚ ਸਟੇਟਸ ਰਿਪੋਰਟ 23 ਅਪ੍ਰੈਲ 2024 ਤੱਕ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਕਮਲਨਾਥ ’ਤੇ ਦੋਸ਼ ਹੈ ਕਿ ਉਸਨੇ 1984 ਦੇ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇਕੋ ਪਰਿਵਾਰ ਦੇ ਦੋ ਜੀਆਂ ਦਾ ਕਤਲ ਕਰਵਾਇਆ।
ਸਰਦਾਰ ਸਿਰਸਾ ਨੇ ਦੱਸਿਆ ਕਿ ਉਹਨਾਂ ਵੱਲੋਂ ਦਾਇਰ ਪਟੀਸ਼ਨ ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਨੇ ਇਹ ਸਟੇਟਸ ਰਿਪੋਰਟ 23 ਅਪ੍ਰੈਲ 2024 ਤੱਕ ਦਾਇਰ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਕਿ ਕਮਲਨਾਥ ਇਕ ਕਾਤਲ ਹੈ ਜਿਸਨੁੰ ਹੁਣ ਤੱਕ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਬਚਾਉਂਦੀ ਆਈ ਹੈ ਪਰ ਹੁਣ ਉਸਦੇ ਦਿਨ ਪੂਰੇ ਹੋ ਗੲ ਹਨ ਤੇ ਉਸਨੂੰ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਣੀ ਹੀ ਪਵੇਗੀ।
ਉਹਨਾਂ ਨੇ ਆਸ ਪ੍ਰਗਟਾਈ ਕਿ ਆਖਿਰਕਾਰ 1984 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀ ਕਾਨੂੰਨ ਮੁਤਾਬਕ ਸਲਾਖਾਂ ਪਿੱਛੇ ਹੋਣਗੇ ਤੇ ਉਹਨਾਂ ਮੁੜ ਦੁਹਰਾਇਆ ਕਿ ਉਹ ਇਹਨਾਂ ਕੇਸਾਂ ਨੂੰ ਇਹਨਾਂ ਦੇ ਤਰਕਸੰਗਤ ਅੰਤ ਤੱਕ ਲੈ ਕੇ ਜਾਣ ਲਈ ਦ੍ਰਿੜ ਸੰਕਲਪ ਹਨ।