ਨਵੀਂ ਦਿੱਲੀ – ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਅ੍ਰਪੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਈਡੀ ਨੇ ਕੋਰਟ ਵਿਚ ਕਿਹਾ ਕਿ ਅਸੀਂ ਨਿਆਂਇਕ ਹਿਰਾਸਤ ਦੀ ਮੰਗ ਕਰਦੇ ਹਾਂ। ਕੇਜਰੀਵਾਲ ਸਾਡੇ ਨਾਲ ਕੋਈ ਸਹਿਯੋਗ ਨਹੀਂ ਕਰ ਰਹੇ। ਉਹ ਸਾਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਿਜੇ ਨਾਇਰ ਉਨ੍ਹਾਂ ਨੂੰ ਰਿਪੋਰਟ ਨਹੀਂ ਕਰਦੇ ਆਤਿਸ਼ੀ ਨੂੰ ਕਰਦੇ ਹਨ।
ਇਸ ਦੇ ਜਵਾਬ ਵਿਚ ਅਦਾਲਤ ਨੇ ਕਿਹਾ ਕਿ ਨਿਆਂਇਕ ਹਿਰਾਸਤ ਲਈ ਇਹ ਦਲੀਲਾਂ ਕਿੰਨੀਆਂ ਕੁ ਸਹੀ ਹਨ। ਈਡੀ ਨੇ ਕਿਹਾ ਕਿ ਕੇਜਰੀਵਾਲ ਅਪਣੇ ਫੋਨ ਦਾ ਪਾਸਵਰਡ ਨਹੀਂ ਦੇ ਰਹੇ ਹਨ ਅਸੀਂ ਬਾਅਦ ਵਿਚ ਉਹਨਾਂ ਦੀ ਈਡੀ ਦੀ ਕਸਟਡੀ ਦੀ ਮੰਗ ਕਰਾਂਗੇ ਜੋ ਕਿ ਸਾਡਾ ਅਧਿਕਾਰ ਹੈ। ਇਸ ਤੋਂ ਬਾਅਦ ਕੋਰਟ ਨੇ ਕੇਜਰੀਵਾਲ ਨੂੰ ਨਿਆਂਇਕ ਹਿਸਾਰਤ ਵਿਚ ਭੇਜਣ ਦਾ ਫੈਸਲਾ ਸੁਣਾ ਦਿੱਤਾ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੇਜਰੀਵਾਲ ਦੇ ਵਕੀਲ ਨੇ ਜੇਲ੍ਹ ਵਿਚ ਕੁਝ ਜ਼ਰੂਰੀ ਦਵਾਈਆਂ ਅਤੇ ਤਿੰਨ ਕਿਤਾਬਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਮੰਗੀਆਂ ਗਈਆਂ ਤਿੰਨ ਕਿਤਾਬਾਂ ਦੇ ਨਾਮ ਰਾਮਾਇਣ, ਭਗਵਤ ਗੀਤਾ ਅਤੇ ਹਾਉ ਪ੍ਰਾਈਮ ਮਿਨਿਸਟਰ ਡਿਸਾਈਡਜ਼ (ਪੱਤਰਕਾਰ ਨੀਰਜਾ ਚੌਧਰੀ ਦੁਆਰਾ ਲਿਖੀ ਗਈ) ਹਨ। ਅਰਵਿੰਦ ਕੇਜਰੀਵਾਲ ਨੇ ਬਿਮਾਰੀ ਦੇ ਮੱਦੇਨਜ਼ਰ ਜੇਲ੍ਹ ਦੇ ਅੰਦਰ ਵਿਸ਼ੇਸ਼ ਖੁਰਾਕ ਦੀ ਮੰਗ ਵੀ ਕੀਤੀ ਹੈ।
ਇਸ ਤੋਂ ਪਹਿਲਾਂ ਅਦਾਲਤ ’ਚ ਪੇਸ਼ੀ ਦੌਰਾਨ ਕੇਜਰੀਵਾਲ ਨੇ ਮੀਡੀਆ ਨੂੰ ਕਿਹਾ- ਮੋਦੀ ਜੀ ਜੋ ਕਰ ਰਹੇ ਹਨ, ਉਹ ਦੇਸ਼ ਲਈ ਚੰਗਾ ਨਹੀਂ ਹੈ। ਸੁਣਵਾਈ ਦੌਰਾਨ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਦਿੱਲੀ ਦੇ ਮੰਤਰੀ ਆਤਿਸ਼ੀ, ਗੋਪਾਲ ਰਾਏ ਅਤੇ ਸੌਰਭ ਭਾਰਦਵਾਜ ਵੀ ਅਦਾਲਤ ਵਿਚ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ’ਚ ਪਹੁੰਚ ਚੁੱਕੇ ਹਨ ਤੇ ਉਹ ਜੇਲ ਵਿਚ ਟੀ.ਵੀ. ਦੇਖ ਸਕਣਗੇ।
ਹਫ਼ਤੇ ਵਿਚ 2 ਵਾਰ ਉਨ੍ਹਾਂ ਨੂੰ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦੇ ਨਾਂ ਪਹਿਲਾਂ ਹੀ ਲਿਖੇ ਹਨ। ਹੁਣ ਤੱਕ ਕੇਜਰੀਵਾਲ ਦੇ ਪਤਨੀ ਅਤੇ ਵਕੀਲ ਉਸ ਨੂੰ ਮਿਲਣ ਆਏ ਹਨ। ਅਰਵਿੰਦ ਸ਼ੂਗਰ ਦੇ ਮਰੀਜ਼ ਹਨ। ਇਸੇ ਲਈ ਬਿਸਕੁਟ ਅਤੇ ਹੋਰ ਅਜਿਹੇ ਹਲਕੇ ਸਨੈਕਸ ਆਪਣੇ ਨਾਲ ਰੱਖੇ ਜਾਣਗੇ ਤਾਂ ਜੋ ਉਹ ਹਰ 2-3 ਘੰਟੇ ਬਾਅਦ ਖਾਂਦੇ ਰਹਿਣ। ਉਹਨਾਂ ਦੀ ਖੁਰਾਕ ਵਿਚ ਸ਼ੂਗਰ ਹੋਣ ਨੂੰ ਧਿਆਨ ਵਿਚ ਰੱਖਿਆ ਗਿਆ।