ਯੇਰੂਸ਼ਲਮ – ਮੱਧ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲਿਆਂ ’ਚ ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਮਾਰੇ ਗਏ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਕ ਦਿਨ ਪਹਿਲਾਂ, ਇਕ ਸਕੂਲ ਕੰਪਲੈਕਸ ’ਤੇ ਕੀਤੇ ਗਏ ਹਮਲੇ ਵਿਚ 33 ਲੋਕ ਮਾਰੇ ਗਏ ਸਨ, ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨ ਲੈ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਨੁਸੈਰਤ ਅਤੇ ਮਾਗਜੀ ਸ਼ਰਨਾਰਥੀ ਕੈਂਪਾਂ ਅਤੇ ਦੀਰ ਅਲ-ਬਾਲਾ ਅਤੇ ਜਾਵੀਦਾ ਕਸਬਿਆਂ ਵਿੱਚ ਸ਼ਰਨਾਰਥੀ ਕੈਂਪਾਂ ’ਤੇ ਕੀਤੇ ਗਏ ਸਨ।
ਹਸਪਤਾਲ ਦੇ ਰਿਕਾਰਡ ਅਨੁਸਾਰ ਹਮਲੇ ਵਿਚ ਮਰਨ ਵਾਲੇ ਲੋਕਾਂ ਵਿੱਚ ਚਾਰ ਬੱਚੇ ਅਤੇ ਇੱਕ ਔਰਤ ਅਤੇ ਨੁਸੈਰਤ ਸ਼ਰਨਾਰਥੀ ਕੈਂਪ ਦੇ ਮੇਅਰ ਸ਼ਾਮਲ ਹਨ।
ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੱਧ ਗਾਜ਼ਾ ਵਿੱਚ ਉਸਦੀ ਕਾਰਵਾਈ ਜਾਰੀ ਹੈ ਅਤੇ ਫੌਜਾਂ ਨੇ ਦਰਜਨਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ।
ਇਹ ਹਮਲਾ ਨੁਸੈਰਤ ਸ਼ਰਨਾਰਥੀ ਕੈਂਪ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਜਾ ਰਹੇ ਇੱਕ ਸਕੂਲ ਉੱਤੇ ਹੋਏ ਹਮਲੇ ਵਿੱਚ ਘੱਟੋ-ਘੱਟ 33 ਲੋਕਾਂ ਦੇ ਮਾਰੇ ਜਾਣ ਦੇ ਇੱਕ ਦਿਨ ਬਾਅਦ ਹੋਇਆ ਹੈ।
ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਇਸ ਕੈਂਪ ਦੀ ਵਰਤੋਂ ਕਰ ਰਿਹਾ ਸੀ। ਇਜ਼ਰਾਈਲ ’ਤੇ ਹਮਾਸ ਵਿਰੁੱਧ ਜੰਗ ’ਚ ਖੂਨ-ਖਰਾਬਾ ਰੋਕਣ ਲਈ ਦਬਾਅ ਵਧ ਰਿਹਾ ਹੈ।
ਸਪੇਨ ਦੇ ਵਿਦੇਸ਼ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਅਦਾਲਤ ਨੂੰ ਦੱਖਣੀ ਅਫਰੀਕਾ ਦੇ ਕੇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਵੇਗਾ ਜਿਸ ਵਿੱਚ ਇਜ਼ਰਾਈਲ ’ਤੇ ਗਾਜ਼ਾ ਵਿੱਚ ਨਸਲਕੁਸ਼ੀ ਕਰਨ ਦਾ ਦੋਸ਼ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਗਾਜ਼ਾ ਵਿੱਚ ਅੱਠ ਮਹੀਨਿਆਂ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 36,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ।