India

ਨਵੀਂ ਮੋਦੀ ਕੈਬਨਿਟ ’ਚ ਪਿਛਲੀ ਸਰਕਾਰ ਦੇ 37 ਮੰਤਰੀਆਂ ਨੂੰ ਨਹੀਂ ਮਿਲੀ ਥਾਂ

ਨਵੀਂ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਤਵਾਰ ਨੂੰ ਸਹੁੰ ਚੁੱਕਣ ਵਾਲੀ ਨਵੀਂ ਕੈਬਨਿਟ ਵਿਚ ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ ਅਤੇ ਨਰਾਇਣ ਰਾਣੇ ਸਮੇਤ ਪਿਛਲੀ ਸਰਕਾਰ ਦੇ 37 ਮੰਤਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਪੁਰਸ਼ੋਤਮ ਰੁਪਾਲਾ, ਅਰਜੁਨ ਮੁੰਡਾ, ਆਰ.ਕੇ.ਸਿੰਘ ਅਤੇ ਮਹਿੰਦਰ ਨਾਥ ਪਾਂਡੇ ਮੋਦੀ ਦੇ ਦੂਜੇ ਕਾਰਜਕਾਲ ਵਿਚ ਕੈਬਨਿਟ ਮੰਤਰੀ ਸਨ ਪਰ ਉਨ੍ਹਾਂ ਨੂੰ ਨਵੀਂ ਕੈਬਨਿਟ ’ਚ ਸ਼ਾਮਲ ਨਹੀਂ ਕੀਤਾ ਗਿਆ। ਆਜ਼ਾਦ ਚਾਰਜ ਵਾਲੇ ਤਿੰਨੋਂ ਮੰਤਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ ਜਦਕਿ ਪਿਛਲੀ ਸਰਕਾਰ ਦੇ 42 ਰਾਜ ਮੰਤਰੀਆਂ ‘ਚੋਂ 30 ਨੂੰ ਇਸ ਵਾਰ ਹਟਾ ਦਿੱਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਮੰਤਰੀ ਪ੍ਰੀਸ਼ਦ ਵਿਚ ਮੁੜ ਸ਼ਾਮਲ ਨਹੀਂ ਕੀਤਾ ਗਿਆ ਹੈ, ਉਨ੍ਹਾਂ ਵਿਚ ਵੀ.ਕੇ. ਸਿੰਘ, ਫੱਗਣ ਸਿੰਘ ਕੁਲਸਤੇ, ਅਸ਼ਵਨੀ ਚੌਬੇ, ਰਾਓਸਾਹਿਬ ਦਾਨਵੇ, ਸਾਧਵੀ ਨਿਰੰਜਨ ਜੋਤੀ, ਸੰਜੀਵ ਬਲਿਆਨ, ਰਾਜੀਵ ਚੰਦਰਸ਼ੇਖਰ, ਸੁਭਾਸ਼ ਸਰਕਾਰ, ਨਿਸਿਥ ਪ੍ਰਮਾਨਿਕ, ਰਾਜਕੁਮਾਰ ਰੰਜਨ ਸਿੰਘ ਅਤੇ ਪ੍ਰਤਿਮਾ ਭੌਮਿਕ ਸ਼ਾਮਲ ਹਨ। ਮੀਨਾਕਸ਼ੀ ਲੇਖੀ, ਮੁੰਜਪਾਰਾ ਮਹਿੰਦਰਭਾਈ, ਅਜੈ ਕੁਮਾਰ ਮਿਸ਼ਰਾ, ਕੈਲਾਸ਼ ਚੌਧਰੀ, ਕਪਿਲ ਮੋਰੇਸ਼ਵਰ ਪਾਟਿਲ, ਭਾਰਤੀ ਪ੍ਰਵੀਨ ਪਵਾਰ, ਕੌਸ਼ਲ ਕਿਸ਼ੋਰ, ਭਗਵੰਤ ਖੁਬਾ ਅਤੇ ਵੀ. ਮੁਰਲੀਧਰਨ ਨੂੰ ਵੀ ਕੈਬਨਿਟ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਨਵੀਂ ਕੈਬਨਿਟ ‘’ਚ ਸ਼ਾਮਲ ਨਹੀਂ ਕੀਤੇ ਗਏ ਇਨ੍ਹਾਂ ਮੰਤਰੀਆਂ ‘ਚੋਂ 18 ਚੋਣ ਹਾਰ ਗਏ ਹਨ। ਐੱਲ. ਮੁਰੂਗਨ ਪਿਛਲੀ ਸਰਕਾਰ ਦੇ ਇਕਲੌਤੇ ਰਾਜ ਮੰਤਰੀ ਹਨ ਜੋ ਚੋਣ ਹਾਰ ਗਏ ਸਨ ਪਰ ਉਨ੍ਹਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਉਹ ਪਹਿਲਾਂ ਤੋਂ ਹੀ ਰਾਜ ਸਭਾ ਦੇ ਮੈਂਬਰ ਹਨ। ਮੋਦੀ ਸਰਕਾਰ ਦੇ ਦੋਵੇਂ ਕਾਰਜਕਾਲ ‘ਚ ਕੈਬਨਿਟ ਮੰਤਰੀ ਰਹੀ ਸਮ੍ਰਿਤੀ ਇਰਾਨੀ ਅਮੇਠੀ ਤੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਹਿਯੋਗੀ ਕਿਸ਼ੋਰੀ ਲਾਲ ਸ਼ਰਮਾ ਤੋਂ 1.69 ਲੱਖ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਚੋਣ ਹਾਰ ਗਈ। ਇਰਾਨੀ ਪਹਿਲੇ ਕਾਰਜਕਾਲ ‘ਚ ਮਨੁੱਖੀ ਸਰੋਤ ਵਿਕਾਸ ਮੰਤਰੀ ਅਤੇ ਕੱਪੜਾ ਮੰਤਰੀ ਸਨ, ਜਦੋਂ ਕਿ ਮੋਦੀ ਦੇ ਦੂਜੇ ਕਾਰਜਕਾਲ ‘ਚ ਉਨ੍ਹਾਂ ਨੇ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਦਾ ਵਿਭਾਗ ਸੰਭਾਲਿਆ ਸੀ। ਪੁਰਸ਼ੋਤਮ ਰੂਪਾਲਾ ਪਿਛਲੀ ਸਰਕਾਰ ‘ਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮਾਮਲਿਆਂ ਦੇ ਮੰਤਰੀ ਸੀ। ਰੂਪਾਲਾ ਨੇ ਗੁਜਰਾਤ ਦੀ ਰਾਜਕੋਟ ਲੋਕ ਸਭਾ ਸੀਟ ਤੋਂ ਲਗਭਗ 5 ਲੱਖ ਵੋਟਾਂ ਦੇ ਰਿਕਾਰਡ ਅੰਤਰ ਨਾਲ ਜਿੱਤ ਦਰਜ ਕੀਤੀ। ਮੱਛੀ ਪਾਲਣ ਮੰਤਰਾਲਾ ‘ਚ ਉਨ੍ਹਾਂ ਦੇ ਸਹਿਯੋਗੀ ਸੰਜੀਵ ਕੁਮਾਰ ਬਾਲਿਆਨ ਨੂੰ ਵੀ ਹਟਾ ਦਿੱਤਾ ਗਿਆ ਹੈ। ਮੁਜ਼ੱਫਰਨਗਰ ਤੋਂ 2 ਵਾਰ ਸੰਸਦ ਮੈਂਬਰ ਰਹੇ ਬਾਲਿਆਨ ਇਸ ਵਾਰ 24 ਹਜ਼ਾਰ ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਏ ਸਨ। ਹਮੀਰਪੁਰ ਲੋਕ ਸਭਾ ਖੇਤਰ ਤੋਂ ਲਗਾਤਾਰ 5ਵੀਂ ਵਾਰ ਜਿੱਤਣ ਵਾਲੇ ਅਨੁਰਾਗ ਠਾਕੁਰ ਨੇ ਮੋਦੀ ਦੇ ਦੂਜੇ ਕਾਰਜਕਾਲ ’ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੋਵੇਂ ਵਿਭਾਗ ਸੰਭਾਲੇ ਸਨ। ਸੂਖਮ, ਲਘੁ ਅਤੇ ਮੱਧਮ ਉੱਦਮ ਮੰਤਰੀ ਰਹੇ ਨਾਰਾਇਣ ਰਾਣੇ ਨੇ ਰਤਨਾਗਿਰੀ-ਸਿੰਧੁਦੁਰਗ ਲੋਕ ਸਭਾ ਸੀਟ ’ਤੇ ਜਿੱਤ ਦਰਜ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਨੇ ਤੱਟਵਰਤੀ ਕੋਂਕਣ ਖੇਤਰ ’ਚ ਸੰਸਦੀ ਸੀਟ ਜਿੱਤੀ ਹੈ, ਇਹ ਸ਼ਿਵ ਸੈਨਾ (ਅਣਵੰਡੇ ਦਾ ਰਵਾਇਤੀ ਗੜ੍ਹ ਰਿਹਾ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਰਾਣੇ 2019 ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਏ ਤੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਇਹ ਉਨ੍ਹਾਂ ਦੀ ਪਹਿਲੀ ਲੋਕ ਸਭਾ ਚੋਣ ਸੀ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ 2040 ਦੀ ਚੰਦਰਮਾ ‘ਤੇ ਲੈਂਡਿੰਗ ਦਾ ਸੁਨੇਹਾ ਦਿੱਤਾ !

admin

ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਹੈ !

admin