ਭੁਬਨੇਸ਼ਵਰ – ਰਾਸ਼ਟਰਪਤੀ ਦਰੋਪਦੀ ਮੁਰਮੂ ਭਾਰਤੀ ਹਵਾਈ ਸੈਨਾ ਦੇ ਇਕ ਵਿਸ਼ੇਸ਼ ਜਹਾਜ਼ ਵਿੱਚ ਉੜੀਸਾ ਦੇ ਚਾਰ ਦਿਨਾ ਦੌਰੇ ’ਤੇ ਅੱਜ ਇੱਥੇ ਪਹੁੰਚੇ। ਰਾਜਪਾਲ ਰਘੁਬਰ ਦਾਸ ਅਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਵੱਲੋਂ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ’ਤੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕੀਤਾ ਗਿਆ।ਉਪਰੰਤ ਰਾਸ਼ਟਰਪਤੀ ਮੁਰਮੂ ‘ਉਤਕਲਮਨੀ’ ਪੰਡਤ ਗੋਪਾਬੰਧੂ ਦਾਸ ਦੀ 96ਵੀਂ ਬਰਸੀ ਸਬੰਧੀ ਹੋਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪੰਡਤ ਗੋਪਾਬੰਧੂ ਦਾਸ ਨੇ 1936 ਵਿੱਚ ਇਕ ਵੱਖਰੇ ਸੂਬੇ ਵਜੋਂ ਉੜੀਸਾ ਦੇ ਗਠਨ ਵਿੱਚ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਸੀ। ਮੁਰਮੂ ਜੋ ਕਿ ਸੂਬੇ ਦੇ ਮਯੂਰਭੰਜ ਜ਼ਿਲ੍ਹੇ ਦੇ ਰਹਿਣ ਵਾਲੇ ਹਨ, 7 ਜੁਲਾਈ ਨੂੰ ਪੁਰੀ ਵਿੱਚ ਰੱਥ ਯਾਤਰਾ ’ਚ ਵੀ ਸ਼ਾਮਲ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਦਿਨ ਰਾਸ਼ਟਰਪਤੀ ਵੱਲੋਂ ਉਦੈਗਿਰੀ ਦੀਆਂ ਗੁਫ਼ਾਵਾਂ ਦਾ ਦੌਰਾ ਵੀ ਕੀਤਾ ਜਾਵੇਗਾ ਅਤੇ ਬਿਭੂਤੀ ਕਾਨੂੰਨਗੋ ਕਾਲਜ ਆਫ਼ ਆਰਟ ਐਂਡ ਕਰਾਫਟ ਅਤੇ ਉਤਕਲ ਯੂਨੀਵਰਸਿਟੀ ਆਫ਼ ਕਲਚਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਵੇਗੀ। 8 ਜੁਲਾਈ ਨੂੰ ਰਾਸ਼ਟਰਪਤੀ ਵੱਲੋਂ ਭੁਬਨੇਸ਼ਵਰ ਨੇੜਲੇ ਪਿੰਡ ਹਰਿਦਾਮਾਦਾ ਵਿੱਚ ਸਥਿਤ ਬ੍ਰਹਮ ਕੁਮਾਰੀਆਂ ਦੇ ਬ੍ਰਹਮ ਰੀਟਰੀਟ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ ਅਤੇ ‘ਸਥਿਰਤਾ ਲਈ ਜੀਵਨਸ਼ੈਲੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। 9 ਜੁਲਾਈ ਨੂੰ ਮੁਰਮੂ ਵੱਲੋਂ ਭੁਬਨੇਸ਼ਵਰ ਵਿੱਚ ਕੌਮੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ (ਨਾਇਸਰ) ਦੀ 13ਵੇਂ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ ਅਤੇ ਉਸੇ ਦਿਨ ਉਹ ਉੜੀਸਾ ਤੋਂ ਪਰਤਣਗੇ।