ਮੁੰਬਈ – ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਕੋਚਿੰਗ ਵਿੱਚ ਪਿਛਲੇ ਹੀ ਮਹੀਨੇ ਟੀ-20 ਵਿਸ਼ਵ ਕੱਪ 2024 ਜਿਤਾਉਣ ਵਾਲੇ ਰਾਹੁਲ ਦ੍ਰਵਿੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਵਿਸ਼ਵ ਕੱਪ ਇਤਿਹਾਸਿਕ ਜਿੱਤ ਦੇ ਬਾਅਦ ਬੀ.ਸੀ.ਸੀ.ਆਈ ਨੇ ਦ੍ਰਵਿੜ ਨੂੰ ਬਤੌਰ ਬੋਨਸ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।
ਇੰਨੀ ਹੀ ਰਾਸ਼ੀ ਵਿਸ਼ਵ ਕੱਪ ਚੈਂਪੀਅਨ ਬਾਕੀ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਗਈ ਹੈ। ਪਰ ਹੁਣ ਦ੍ਰਵਿੜ ਨੇ ਦਰਿਆਦਿਲੀ ਦਿਖਾਉਂਦੇ ਹੋਏ ਉਸ ਵਿੱਚੋਂ ਸਿਰਫ਼ 2.5 ਕਰੋੜ ਹੀ ਲਏ ਹਨ ਤੇ ਬਾਕੀ ਰਕਮ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।ਦਰਅਸਲ, ਬਾਕੀ ਕੋਚਿੰਗ ਸਟਾਫ਼ ਨੂੰ 2.5-2.5 ਕਰੋੜ ਰੁਪਏ ਹੀ ਦਿੱਤੇ ਗਏ ਸਨ। ਅਜਿਹੇ ਵਿੱਚ 51 ਸਾਲ ਦੇ ਦ੍ਰਵਿੜ ਦਾ ਮੰਨਣਾ ਹੈ ਕਿ ਜਾਂ ਤਾਂ ਸਭ ਨੂੰ ਬਰਾਬਰ ਰਾਸ਼ੀ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਨੂੰ ਵੀ ਉਨੀ ਹੀ ਰਕਮ ਮਨਜ਼ੂਰ ਹੋਵੇਗੀ, ਜਿੰਨੀ ਬਾਕੀਆਂ ਨੂੰ ਮਿਲੀ ਹੈ। ਸੂਤਰਾਂ ਅਨੁਸਾਰ ਸਾਬਕਾ ਭਾਰਤੀ ਕੋਚ ਰਾਹੁਲ ਦ੍ਰਵਿੜ ਨੂੰ ਵੀ ਬਾਕੀ ਸਪੋਰਟ ਸਟਾਫ ਦੇ ਬਰਾਬਰ ਹੀ ਬੋਨਸ ਚਾਹੀਦਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਬੀ.ਸੀ.ਸੀ.ਆਈ. ਵੱਲੋਂ ਦਿੱਤੇ ਗਏ ਬੋਨਸ ਵਿੱਚੋਂ 2.5 ਕਰੋੜ ਰੁਪਏ ਕੁਰਬਾਨ ਕਰ ਦਿੱਤੇ ਹਨ। ਬਾਕੀ ਸਟਾਫ ਵਿੱਚ ਬਾਲਿੰਗ ਕੋਚ, ਫ਼ੀਲਡਿੰਗ ਕੋਚ ਤੇ ਬੈਟਿੰਗ ਕੋਚ ਦਾ ਨਾਮ ਸ਼ਾਮਿਲ ਹੈ।ਗੌਰਤਲਬ ਹੈ ਕਿ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਬਾਅਦ ਖਤਮ ਹੋ ਗਿਆ ਹੈ। ਦ੍ਰਵਿੜ ਨੇ ਟੀ-20 ਵਿਸ਼ਵ ਕੱਪ 2021 ਦੇ ਬਾਅਦ ਹੈੱਡ ਕੋਚ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਵਨਡੇ ਵਿਸ਼ਵ ਕੱਪ 2023 ਤੱਕ ਹੀ ਸੀ, ਪਰ ਬੀ.ਸੀ.ਸੀ.ਆਈ ਨੇ ਇਸਨੂੰ ਵਧਾ ਦਿੱਤਾ ਸੀ। ਹੁਣ ਉਨ੍ਹਾਂ ਦੀ ਜਗ੍ਹਾ ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਨੇ ਲੈ ਲਈ ਹੈ।
previous post