ਹਨੋਈ – ਵੀਅਤਨਾਮ ਦੇ ਉੱਤਰੀ ਸੂਬੇ ਹਾ ਗਿਆਂਗ ‘ਚ ਜ਼ਮੀਨ ਖਿਸਕਣ ਕਾਰਨ ਇਕ ਮਿੰਨੀ ਬੱਸ ‘ਚ ਸਵਾਰ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਜਾਣਕਾਰੀ ਵੀਅਤਨਾਮ ਨਿਊਜ਼ ਏਜੰਸੀ ਨੇ ਦਿੱਤੀ। ਏਜੰਸੀ ਨੇ ਕਿਹਾ ਕਿ ਸਵੇਰੇ ਬਾਕ ਮੀ ਜ਼ਿਲੇ ਵਿਚ ਇਕ ਸੜਕ ‘ਤੇ ਜ਼ਮੀਨ ਖਿਸਕਣ ਕਾਰਨ ਵਾਹਨ ਫਸ ਗਿਆ ਤਾਂ ਸਾਰੇ ਯਾਤਰੀ ਮਦਦ ਲਈ ਬਾਹਰ ਨਿਕਲ ਆਏ। ਦੱਸਿਆ ਜਾ ਰਿਹਾ ਹੈ ਕਿ ਮਿੰਨੀ ਬੱਸ ‘ਚ ਕਰੀਬ 16 ਲੋਕ ਸਵਾਰ ਸਨ।ਉਪਰੋਂ ਹਜ਼ਾਰਾਂ ਕਿਊਬਿਕ ਮੀਟਰ ਮਿੱਟੀ ਸੜਕ ’ਤੇ ਆ ਗਈ, ਜਿਸ ਕਾਰਨ ਸਾਰੇ ਲੋਕ ਦੱਬੇ ਗਏ। ਨੈਸ਼ਨਲ ਸੈਂਟਰ ਫਾਰ ਹਾਈਡ੍ਰੋਮੀਟਿਓਰੋਲੋਜੀਕਲ ਫੋਰਕਾਸਟਿੰਗ ਅਨੁਸਾਰ ਜਿਸ ਖੇਤਰ ਵਿੱਚ ਇਹ ਹਾਦਸਾ ਹੋਇਆ, ਉੱਥੇ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਸ਼ਨੀਵਾਰ ਸਵੇਰੇ 7 ਵਜੇ ਤੱਕ 280-290 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਨਰਲ ਸਟੈਟਿਸਟਿਕਸ ਆਫਿਸ ਨੇ ਕਿਹਾ ਕਿ ਵੀਅਤਨਾਮ ਵਿੱਚ ਕੁਦਰਤੀ ਆਫਤਾਂ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 68 ਲੋਕਾਂ ਦੀ ਮੌਤ ਜਾਂ ਲਾਪਤਾ ਅਤੇ 56 ਹੋਰ ਜ਼ਖਮੀ ਹੋ ਗਏ।