ਜੰਮੂ – ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਨਾਲ ਮੁਕਾਬਲੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਇਕ ਅਧਿਕਾਰੀ ਸਣੇ ਫ਼ੌਜ ਦੇ 5 ਜਵਾਨ ਮੰਗਲਵਾਰ ਤੜਕਸਾਰ ਸ਼ਹੀਦ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਸ ਤੇ ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਮੁਹਿੰਮ ਦੇ ਜਵਾਨਾਂ ਨੇ ਸੋਮਵਾਰ ਦੇਰ ਸ਼ਾਮ ਦੇਸਾ ਵਨ ਖੇਤਰ ਦੇ ਧਾਰੀ ਗੋਟੇ ਉਰਬਾਗੀ ਵਿਚ ਸਾਂਝੇ ਤੌਰ ’ਤੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਮਗਰੋਂ ਅੱਤਵਾਦੀਆਂ ਨਾਲ ਮੁੱਠਭੇੜ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਕੁਝ ਦੇਰ ਦੀ ਗੋਲ਼ੀਬਾਰੀ ਮਗਰੋਂ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਕ ਅਧਿਕਾਰੀ ਦੀ ਅਗਵਾਈ ਵਿਚ ਬਹਾਦਰ ਜਵਾਨਾਂ ਨੇ ਸੰਘਣੇ ਜੰਗਲਾਂ ਵਿਚ ਉਨ੍ਹਾਂ ਦਾ ਪਿੱਛਾ ਕੀਤਾ, ਜਿਸ ਮਗਰੋਂ ਰਾਤ ਨੂੰ ਤਕਰੀਬਨ 9 ਵਜੇ ਜੰਗਲ ਵਿਚ ਮੁੜ ਤੋਂ ਗੋਲ਼ੀਬਾਰੀ ਹੋਈ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨੇ ਲੈ ਲਈ ਹੈ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਫੌਜ ਦੇ ਜਵਾਨਾਂ ਵੱਲ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਦਹਿਸ਼ਤਗਰਦਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਹੈ। ਇਸ ਤੋਂ ਪਹਿਲਾਂ ਬੀਤੇ ਕਈ ਦਿਨਾਂ ਤੋਂ ਦਹਿਸ਼ਤੀ ਹਮਲੇ ਜਾਰੀ ਹਨ।