India

188 ਪਾਕਿਸਤਾਨੀ ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਤਹਿਤ 188 ਪਾਕਿਸਤਾਨੀ ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਹਿਮਦਾਬਾਦ ਵਿਚ ਆਯੋਜਿਤ ਇਕ ਪ੍ਰੋਗਰਾਮ ’ਚ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਸ਼ਾਹ ਨੇ ਕਿਹਾ ਕਿ ਇਹ ਪਲ ਪਾਕਿਸਤਾਨ ’ਚ ਧਾਰਮਿਕ ਅੱਤਿਆਚਾਰ ਤੋਂ ਬਚਣ ਮਗਰੋਂ ਭਾਰਤ ਵਿਚ ਸ਼ਰਨ ਲੈਣ ਵਾਲਿਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਸਰਕਾਰ ਗੁਆਂਢੀ ਦੇਸ਼ਾਂ ਦੇ ਹਿੰਦੂਆਂ, ਜੈਨੀਆਂ, ਬੌਧ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਲਈ ਸੰਕਲਪਬੱਧ ਹੈ। ਅਸੀਂ 2019 ਵਿਚ ਸੀ.ਏ.ਏ. ਲੈ ਕੇ ਆਏ। ਸੀ.ਏ.ਏ. ਤੋਂ ਕਰੋੜਾਂ ਹਿੰਦੂ, ਜੈਨ ਅਤੇ ਸਿੱਖ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਮਿਲੇਗੀ।
ਸ਼ਾਹ ਨੇ ਅੱਗੇ ਕਿਹਾ ਕਿ ਮੈਂ ਇਨ੍ਹਾਂ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੂੰ ਨਾਗਰਿਕਤਾ ਮਿਲੀ ਹੈ। ਮੈਨੂੰ ਹੋਰ ਵੀ ਖੁਸ਼ੀ ਹੈ ਕਿ ਇਹ ਗੁਜਰਾਤ ਵਿਚ ਹੋ ਰਿਹਾ ਹੈ।ਸੀ.ਏ.ਏ. ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਨਿਆਂ ਦਿਵਾਉਣ ਦੀ ਪਹਿਲ ਹੈ। ਕਾਂਗਰਸ ਪਾਰਟੀ ਨੇ 2014 ਤੱਕ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਦਿੱਤੇ। ਦੱਸ ਦੇਈਏ ਕਿ ਗੁਜਰਾਤ ਸਰਕਾਰ ਨੇ ਹੁਣ ਤੱਕ ਸੀ.ਏ.ਏ. ਤਹਿਤ ਅਹਿਮਦਾਬਾਦ ਜ਼ਿਲ੍ਹੇ ਦੇ 1,167 ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਹੈ।
ਸੀ.ਏ.ਏ. ਦਾ ਇਤਿਹਾਸਕ ਸੰਦਰਭ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਕਰੋੜਾਂ ਭਾਰਤੀ ਧਰਮ ਦੇ ਆਧਾਰ ’ਤੇ ਵੰਡ ਦੌਰਾਨ ਹੋਈਆਂ ਸਮੱਸਿਆਵਾਂ ਨੂੰ ਨਹੀਂ ਭੁੱਲ ਸਕਦੇ। ਕਾਂਗਰਸ ਨੇ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਲੋਕਾਂ ਨੂੰ ਨਾਗਰਿਕਤਾ ਨਹੀਂ ਦਿੱਤੀ। ਸਾਡਾ ਇਤਿਹਾਸ ਇਸ ਨੂੰ ਹਮੇਸ਼ਾ ਯਾਦ ਰੱਖੇਗਾ। ਸੀ.ਏ.ਏ. ਇਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਹੈ। ਪਹਿਲਾਂ ਇਸ ਕਾਨੂੰਨ ਖਿਲਾਫ਼ ਕਈ ਲੋਕਾਂ ਨੂੰ ਭੜਕਾਇਆ ਗਿਆ ਸੀ। ਕਿਸੇ ਨੂੰ ਵੀ ਆਪਣੀ ਨਾਗਰਿਕਤਾ ਨਹੀਂ ਛੱਡਣੀ ਪਵੇਗੀ। ਤੁਹਾਡੀ ਨੌਕਰੀ, ਘਰ ਅਤੇ ਨਾਗਰਿਕਤਾ ਸੁਰੱਖਿਅਤ ਹਨ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਮੁਸਲਮਾਨਾਂ ਨੂੰ ਭੜਕਾਇਆ ਗਿਆ। ਮੈਂ ਆਪਣੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ ਸਗੋਂ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਹੈ।

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin