ਅਹਿਮਦਾਬਾਦ – ਗੁਜਰਾਤ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਮੀਂਹ ਅਤੇ ਹੜ੍ਹ ਕਾਰਨ ਕਰੀਬ 35 ਲੋਕਾਂ ਦੀ ਮੌਤ ਹੋ ਗਈ ਹੈ। 24 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਕਈ ਇਲਾਕੇ 10-12 ਫੁੱਟ ਪਾਣੀ ਵਿੱਚ ਡੁੱਬੇ ਹੋਏ ਹਨ। ਕਾਰਾਂ ਸੜਕਾਂ ’ਤੇ ਤੈਰ ਰਹੀਆਂ ਹਨ। ਗੁਜਰਾਤ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਗੁਜਰਾਤ ਦੇ 18 ਜ਼ਿਲ੍ਹਿਆਂ ਵਿੱਚ ਰੈਡ ਅਲਰਟ ਅਤੇ 22 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਗੁਜਰਾਤ ’ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਭਾਰੀ ਮੀਂਹ ਕਾਰਨ ਕਈ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਹਨ। ਪਿਛਲੇ ਤਿੰਨ ਦਿਨਾਂ ’ਚ ਹੜ੍ਹ ਅਤੇ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ। ਇਹ ਮੌਤਾਂ ਰਾਜਕੋਟ, ਆਨੰਦ, ਮਹਿਸਾਗਰ, ਖੇੜਾ, ਅਹਿਮਦਾਬਾਦ, ਮੋਰਬੀ, ਜੂਨਾਗੜ੍ਹ ਅਤੇ ਭਰੂਚ ਜ਼ਿਲ੍ਹਿਆਂ ਵਿੱਚ ਹੋਈਆਂ ਹਨ।
ਇਸ ਦੇ ਨਾਲ ਹੀ 40 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। 17000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਬੁੱਧਵਾਰ ਨੂੰ ਚੌਥੇ ਦਿਨ ਵੀ ਲਗਾਤਾਰ ਮੀਂਹ ਪਿਆ। ਵਡੋਦਰਾ ਦੀ ਸਥਿਤੀ ਚਿੰਤਾਜਨਕ ਹੈ। ਇੱਥੋਂ ਦੇ ਕੁਝ ਇਲਾਕੇ 10 ਤੋਂ 12 ਫੁੱਟ ਤੱਕ ਪਾਣੀ ਵਿੱਚ ਡੁੱਬੇ ਹੋਏ ਹਨ। ਸੂਬਾ ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਐਨ.ਡੀ.ਆਰ.ਐਫ. -ਐਸ.ਡੀ.ਆਰ.ਐਫ. ਦਾ ਬਚਾਅ ਕਾਰਜ ਜਾਰੀ ਹੈ।ਮੌਸਮ ਵਿਭਾਗ ਨੇ ਗੁਜਰਾਤ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਲਈ ਰੈੱਡ ਅਲਰਟ ਅਤੇ 22 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ, ਉਨ੍ਹਾਂ ਵਿੱਚ ਕੱਛ, ਦਵਾਰਕਾ, ਜਾਮਨਗਰ, ਮੋਰਬੀ, ਸੁਰੇਂਦਰਨਗਰ, ਜੂਨਾਗੜ੍ਹ, ਰਾਜਕੋਟ, ਬੋਟਾਡ, ਗਿਰਸੋਮਨਾਥ, ਅਮਰੇਲੀ ਅਤੇ ਭਾਵਨਗਰ ਸ਼ਾਮਲ ਹਨ। ਇਸ ਦੇ ਨਾਲ ਹੀ ਉੱਤਰੀ ਗੁਜਰਾਤ, ਦੱਖਣੀ ਗੁਜਰਾਤ ਅਤੇ ਮੱਧ ਗੁਜਰਾਤ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਦਵਾਰਕਾ, ਜਾਮਨਗਰ, ਰਾਜਕੋਟ ਅਤੇ ਪੋਰਬੰਦਰ ਵਰਗੇ ਜ਼ਿਲ੍ਹਿਆਂ ਵਿੱਚ 50 ਤੋਂ 200 ਮਿਲੀਮੀਟਰ ਮੀਂਹ ਪਿਆ।
ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਭਾਨਵੜ ਵਿੱਚ 185 ਮਿਲੀਮੀਟਰ ਮੀਂਹ ਪਿਆ, ਜੋ ਰਾਜ ਵਿੱਚ ਸਭ ਤੋਂ ਵੱਧ ਹੈ। ਅੱਜ ਵੀ ਸੌਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਡੋਦਰਾ ’ਚ ਭਾਰੀ ਮੀਂਹ ਕਾਰਨ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਸੜਕਾਂ, ਇਮਾਰਤਾਂ ਅਤੇ ਵਾਹਨ ਪਾਣੀ ’ਚ ਡੁੱਬ ਗਏ। ਮੋਰਬੀ ਵਿੱਚ ਇੱਕ ਪੁਲ ਪਾਰ ਕਰਦੇ ਸਮੇਂ ਇੱਕ ਟਰੈਕਟਰ ਟਰਾਲੀ ਪਲਟ ਗਈ। ਇਸ ਵਿੱਚ ਸਵਾਰ ਲੋਕ ਲਾਪਤਾ ਹੋ ਗਏ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।ਗੁਜਰਾਤ ਵਿੱਚ ਭਿਆਨਕ ਹੜ੍ਹਾਂ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਫ਼ੋਨ ਉੱਤੇ ਗੱਲ ਕੀਤੀ, ਸਥਿਤੀ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
next post