ਉਦਗੀਰ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨਾਲ ਦੇਸ਼ ਦੀ ਤਰੱਕੀ ਅਤੇ ਵਿਕਾਸ ਹੋਵੇਗਾ। ਉਨ੍ਹਾਂ ਨੇ ਔਰਤਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਲਿਆਣਕਾਰੀ ਸਕੀਮਾਂ ਦਾ ਲਾਭ ਚੁੱਕਣ ਨੂੰ ਵੀ ਕਿਹਾ। ਮੁਰਮੂ ਇੱਥੇ ਇਕ ਸਭਾ ਨੂੰ ਸੰਬੋਧਿਤ ਕਰ ਰਹੀ ਸੀ, ਜਿੱਥੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਦੀ ‘ਮੁੱਖ ਮੰਤਰੀ ਮਾਝੀ ਲਾਡਲੀ ਭੈਣ ਸਕੀਮ’ ਅਤੇ ‘ਸ਼ਾਸਨ ਆਪਲਯਾ ਦਾਰੀ’ ਪ੍ਰੋਗਰਾਮਾਂ ਦੇ ਲਾਭਪਾਤਰੀਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਸਸ਼ਕਤੀਕਰਨ ਨਾਲ ਔਰਤਾਂ ਦਾ ਵਿਅਕਤੀਗਤ ਵਿਕਾਸ ਹੋਵੇਗਾ, ਜੋ ਦੇਸ਼ ਦੀ ਆਬਾਦੀ ਦਾ ਅੱਧਾ ਹਿੱਸਾ ਹਨ। ਮੁਰਮੂ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਮਹਾਰਾਸ਼ਟਰ ਸਰਕਾਰ ਨੇ 25 ਲੱਖ ਔਰਤਾਂ ਨੂੰ ਲੱਖਪਤੀ ਦੀਦੀ (ਹਰ ਸਾਲ ਇਕ ਲੱਖ ਰੁਪਏ ਤੋਂ ਵੱਧ ਕਮਾਉਣ ਵਾਲੀਆਂ ਔਰਤਾਂ) ਬਣਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ 13 ਲੱਖ ਔਰਤਾਂ ਪਹਿਲਾਂ ਹੀ ਲਖਪਤੀ ਦੀਦੀ ਬਣ ਚੁੱਕੀਆਂ ਹਨ।ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੱਖਪਤੀ ਦੀਦੀਆਂ ਦਾ ਟੀਚਾ ਇਕ ਕਰੋੜ ਤੋਂ ਸੋਧ ਕੇ ਤਿੰਨ ਕਰੋੜ ਕਰ ਦਿੱਤਾ ਹੈ। ਮੁਰਮੂ ਨੇ ਔਰਤਾਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਖ਼ੁਸ਼ਹਾਲ ਹੋਵੋਗੇ ਤਾਂ ਦੇਸ਼ ਵਿਕਾਸ ਅਤੇ ਤਰੱਕੀ ਕਰੇਗਾ। ਰਾਸ਼ਟਰਪਤੀ ਨੇ ਕਿਹਾ ਕਿ ਪੁਰਸ਼ਾਂ ਨੂੰ ਔਰਤਾਂ ਦੀ ਸਮਰੱਥਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੁਫ਼ਨਿਆਂ ਅਤੇ ਉਮੀਦਾਂ ਨੂੰ ਹਾਸਲ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ।