ਕੇਪ ਕੈਨਾਵੇਰਲ – ਬੋਇੰਗ ਇਸ ਹਫਤੇ ਦੇ ਅੰਤ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਆਪਣੇ ਖਰਾਬ ਹੋਏ ਕੈਪਸੂਲ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ ਪਰ ਇਸ ਕੈਪਸੂਲ ਨਾਲ ਗਏ ਦੋ ਪੁਲਾੜ ਯਾਤਰੀ ਵਾਪਸ ਨਹੀਂ ਆਉਣਗੇ, ਜਿਨ੍ਹਾਂ ਨੂੰ ਇਹ ਲੈ ਕੇ ਗਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਬੁੱਧਵਾਰ ਨੂੰ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬੋਇੰਗ ਦੇ ਸਟਾਰਲਾਈਨਰ ਕੈਪਸੂਲ ਦੀ ਵਾਪਸੀ ਲਈ ਸਾਰੀਆਂ ਤਿਆਰੀਆਂ ਟ੍ਰੈਕ ‘ਤੇ ਹਨ। ਪੂਰੀ ਤਰ੍ਹਾਂ ਆਟੋਮੇਟਿਡ ਕੈਪਸੂਲ ਦੇ ਛੇ ਘੰਟੇ ਬਾਅਦ ਨਿਊ ਮੈਕਸੀਕੋ ਵਿਚ ਵ੍ਹਾਈਟ ਸੈਂਡਜ਼ ਮਿਜ਼ਾਈਲ ਰੇਂਜ ‘ਤੇ ਉਤਰਨ ਦੀ ਉਮੀਦ ਹੈ। ਨਾਸਾ ਦੇ ਦੋ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਜੋ ਸਟਾਰਲਾਈਨਰ ਦੁਆਰਾ ਗਏ ਸਨ, ਫਿਲਹਾਲ ਵਾਪਸ ਨਹੀਂ ਆਉਣਗੇ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਹੀ ਰਹਿਣਗੇ। ਉਨ੍ਹਾਂ ਨੂੰ ਫਰਵਰੀ ਵਿਚ ਸਪੇਸਐਕਸ ਦੀ ਉਡਾਣ ਵਿਚ ਵਾਪਸ ਲਿਆਂਦਾ ਜਾਵੇਗਾ। ਪੁਲਾੜ ਯਾਤਰੀ ਇਕ ਹਫਤੇ ਦੀ ਟੈਸਟ ਫਲਾਈਟ ‘ਤੇ ਗਏ ਸਨ ਪਰ ਕੈਪਸੂਲ ਦੇ ਥਰਸਟਰ ‘ਚ ਸਮੱਸਿਆ ਅਤੇ ਹੀਲੀਅਮ ਲੀਕ ਹੋਣ ਕਾਰਨ ਉਨ੍ਹਾਂ ਦੀ ਵਾਪਸੀ ‘ਚ ਦੇਰੀ ਹੋ ਰਹੀ ਹੈ। ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਮੈਨੇਜਰ ਸਟੀਵ ਸਟਿਚ ਨੇ ਕਿਹਾ “ਅਸੀਂ ਸਟਾਰਲਾਈਨਰ ਦੀ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਹਾਂ।”