ਇੰਫ਼ਾਲ – ਮਨੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਗਈ ਹੈ। ਸੂਬੇ ਦੇ ਜਿਰੀਬਾਮ ’ਚ ਹਥਿਆਰਬੰਦ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਅੱਜ ਸਵੇਰੇ ਜਿਰੀਬਾਮ ਵਿੱਚ ਤਾਜ਼ਾ ਹਿੰਸਾ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਸੌਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੋ ਵਿਰੋਧੀ ਗੁੱਟਾਂ ਦੇ ਹਥਿਆਰਬੰਦ ਵਿਅਕਤੀਆਂ ਵਿਚਾਲੇ ਹੋਈ ਗੋਲੀਬਾਰੀ ’ਚ 4 ਹੋਰ ਲੋਕ ਮਾਰੇ ਗਏ।
ਪੁਲਿਸ ਅਨੁਸਾਰ ਉਗਰਵਾਦੀਆਂ ਨੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 5 ਕਿਲੋਮੀਟਰ ਦੂਰ ਇੱਕ ਸੁੰਨਸਾਨ ਜਗ੍ਹਾ ’ਤੇ ਇਕੱਲੇ ਰਹਿਣ ਵਾਲੇ ਵਿਅਕਤੀ ਦੇ ਘਰ ਵਿਚ ਦਾਖਲ ਹੋ ਕੇ ਉਸਨੂੰ ਸੌਂਦੇ ਸਮੇਂ ਗੋਲੀ ਮਾਰ ਦਿੱਤੀ। ਕਤਲ ਤੋਂ ਬਾਅਦ ਕਰੀਬ 7 ਕਿਲੋਮੀਟਰ ਦੂਰ ਪਹਾੜੀਆਂ ’ਚ
ਲੜਾਕੂ ਭਾਈਚਾਰਿਆਂ ਦੇ ਹਥਿਆਰਬੰਦ ਵਿਅਕਤੀਆਂ ਵਿਚਾਲੇ ਭਿਆਨਕ ਗੋਲੀਬਾਰੀ ਹੋਈ, ਜਿਸ ’ਚ 3 ਪਹਾੜੀ ਉਗਰਵਾਦੀਆਂ ਸਮੇਤ 4 ਹਥਿਆਰਬੰਦ ਵਿਅਕਤੀ ਮਾਰੇ ਗਏ।
ਇਸ ਹਫ਼ਤੇ ਦੇ ਸ਼ੁਰੂ ਵਿੱਚ ਜ਼ਿਲ੍ਹੇ ਵਿੱਚ ਅੱਗਜ਼ਨੀ ਦੀ ਘਟਨਾ ਵੀ ਵਾਪਰੀ ਸੀ। ਇੱਥੇ ਬੋਰੋਬੇਕਰਾ ਥਾਣੇ ਦੇ ਜਾਕੁਰਾਧੋਰ ਵਿੱਚ ਕੁਝ ਲੋਕਾਂ ਨੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ 3 ਕਮਰਿਆਂ ਵਾਲੇ ਖਾਲੀ ਘਰ ਨੂੰ ਅੱਗ ਲਗਾ ਦਿੱਤੀ ਸੀ। ਹਾਲਾਂਕਿ, ਕਬਾਇਲੀ ਸੰਸਥਾ ਸਵਦੇਸ਼ੀ ਟ੍ਰਾਈਬ ਐਡਵੋਕੇਸੀ ਕਮੇਟੀ (ਫੇਰਜਾਵਲ ਅਤੇ ਜੀਰੀਬਾਮ) ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।
ਦਰਅਸਲ, 1 ਅਗਸਤ ਨੂੰ ਆਸਾਮ ਦੇ ਕਛਾਰ ਵਿੱਚ ਸੀਆਰਪੀਐਫ ਦੀ ਨਿਗਰਾਨੀ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ। ਮੀਟਿੰਗ ਵਿੱਚ ਦੋ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਆਮ ਸਥਿਤੀ ਬਹਾਲ ਕਰਨ ਅਤੇ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਮਝੌਤਾ ਕੀਤਾ। ਹਾਲਾਂਕਿ ਇਸ ਦੇ ਬਾਵਜੂਦ ਜ਼ਿਲੇ ’ਚ ਫਿਰ ਤੋਂ ਹਿੰਸਾ ਦੇਖਣ ਨੂੰ ਮਿਲੀ।