ਜੈਪੁਰ – ਭਾਰਤ-ਅਮਰੀਕਾ ਸੰਯੁਕਤ ਫੌਜੀ ਅਭਿਆਸ ‘ਯੁੱਧ ਅਭਿਆਸ-2024’ ਦਾ 20ਵਾਂ ਸੰਸਕਰਣ ਅੱਜ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿਖੇ ਵਿਦੇਸ਼ੀ ਸਿਖਲਾਈ ਨੋਡ ’ਚ ਸ਼ੁਰੂ ਹੋਇਆ। ਇਹ ਅਭਿਆਸ 9 ਤੋਂ 22 ਸਤੰਬਰ 2024 ਤੱਕ ਕੀਤਾ ਜਾਣਾ ਹੈ। ਯੁਧ ਅਭਿਆਸ 2004 ਤੋਂ ਹਰ ਸਾਲ ਭਾਰਤ ਅਤੇ ਅਮਰੀਕਾ ਵਿਚਕਾਰ ਵਾਰੀ- ਵਾਰੀ ਆਯੋਜਿਤ ਕੀਤਾ ਜਾਂਦਾ ਹੈ।
ਇਸ ਐਡੀਸ਼ਨ ਵਿੱਚ ਫੌਜੀ ਤਾਕਤ ਅਤੇ ਸਾਜ਼ੋ-ਸਾਮਾਨ ਦੇ ਸੰਦਰਭ ਵਿੱਚ ਸੰਯੁਕਤ ਅਭਿਆਸ ਦੇ ਦਾਇਰੇ ਅਤੇ ਕੌਸ਼ਲ ਵਿੱਚ ਮਹੱਤਵਪੂਰਨ ਵਾਧਾ ਕੀਤਾ ਗਿਆ ਹੈ। 600 ਸੈਨਿਕਾਂ ਦੀ ਭਾਰਤੀ ਫੌਜ ਦੀ ਟੁਕੜੀ ਦੀ ਨੁਮਾਇੰਦਗੀ ਰਾਜਪੂਤ ਰੈਜੀਮੈਂਟ ਦੀ ਇੱਕ ਬਟਾਲੀਅਨ ਅਤੇ ਹੋਰ ਹਥਿਆਰਬੰਦ ਸੇਵਾਵਾਂ ਦੇ ਜਵਾਨਾਂ ਦੁਆਰਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਮਰੀਕੀ ਫੌਜ ਦੀ ਅਲਾਸਕਾ ਸਥਿਤ 11ਵੀਂ ਏਅਰਬੋਰਨ ਡਿਵੀਜ਼ਨ ਦੀ 1-24 ਬਟਾਲੀਅਨ ਦੇ ਸੈਨਿਕਾਂ ਦੁਆਰਾ ਅਮਰੀਕੀ ਟੁਕੜੀ ਦੀ ਨੁਮਾਇੰਦਗੀ ਕੀਤੀ ਜਾ ਰਹੀ ਹੈ।
ਸੰਯੁਕਤ ਅਭਿਆਸ ਦਾ ਉਦੇਸ਼ ਦੋਵਾਂ ਪਾਸਿਆਂ ਦੀ ਸੰਯੁਕਤ ਫੌਜੀ ਸਮਰੱਥਾ ਨੂੰ ਵਧਾਉਣਾ ਹੈ, ਜੋ ਅਰਧ-ਮਾਰੂਥਲੀ ਵਾਤਾਵਰਣ ਵਿੱਚ ਸੰਚਾਲਨ ‘ਤੇ ਧਿਆਨ ਕੇਂਦਰਤ ਹੋਣਗੇ । ਇਸ ਦੌਰਾਨ ਕੀਤੇ ਗਏ ਰਣਨੀਤਕ ਅਭਿਆਸਾਂ ਵਿੱਚ ਅੱਤਵਾਦੀ ਕਾਰਵਾਈਆਂ ਦਾ ਸਾਂਝਾ ਜਵਾਬ, ਸੰਯੁਕਤ ਯੋਜਨਾਬੰਦੀ ਅਤੇ ਸੰਯੁਕਤ ਖੇਤਰੀ ਸਿਖਲਾਈ ਅਭਿਆਸ ਸ਼ਾਮਲ ਹਨ, ਜੋ ਅਸਲ ਅੱਤਵਾਦ ਵਿਰੋਧੀ ਮਿਸ਼ਨਾਂ ਵਾਂਗ ਹੀ ਹਨ।
ਇਹ ਯੁੱਧ ਅਭਿਆਸ ਦੋਵਾਂ ਧਿਰਾਂ ਨੂੰ ਸੰਯੁਕਤ ਅਭਿਆਨ ਚਲਾਉਣ ਦੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਵਿੱਚ ਵਧੀਆ ਅਨੁਭਵ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਨਾਲ ਦੋਵਾਂ ਫੌਜਾਂ ਦਰਮਿਆਨ ਆਪਸੀ ਤਾਲਮੇਲ ਅਤੇ ਸਦਭਾਵਨਾ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ। ਸੰਯੁਕਤ ਅਭਿਆਸ ਨਾਲ ਰੱਖਿਆ ਸਹਿਯੋਗ ਨੂੰ ਵੀ ਵਧੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਦੋਸਤਾਨਾ ਸਬੰਧਾਂ ਨੂੰ ਹੋਰ ਵਧਾਇਆ ਜਾਵੇਗਾ।