ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਵੱਡੀ ਪੱਧਰ ’ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਇਹ ਸਾਰੀਆਂ ਸਾਜ਼ਿਸ਼ਾਂ ਮੂਧੇ ਮੂੰਹ ਡਿੱਗਣਗੀਆਂ। ਇਹ ਪ੍ਰਗਟਾਵਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ।
ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ 100ਵਾਂ ਜਨਮ ਦਿਹਾੜਾ ਵੱਡੀ ਪੱਧਰ ’ਤੇ ਮਨਾਉਣ ਲਈ ਕੀਤੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀਆਂ ਹੋਣਾ ਬਿਨਾਂ ਸ਼ੱਕ ਬਹੁਤ ਮੰਦਭਾਗੀਆਂ ਘਟਨਾਵਾਂ ਹਨ ਪਰ ਵਿਰੋਧੀਆਂ ਨੇ ਇਹਨਾਂ ਦਾ ਸਿਆਸੀਕਰਨ ਕਰ ਕੇ ਸਾਜ਼ਿਸ਼ ਤਹਿਤ ਅਕਾਲੀ ਦਲ ਦੀ ਬਦਨਾਮੀ ਕੀਤੀ।
ਅਖੌਤੀ ਪੰਥਕ ਆਗੂਆਂ ’ਤੇ ਵਰ੍ਹਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਇਕ ਵਿਅਕਤੀ ਬੇਅਦਬੀ ਕਰਨ ਵਾਸਤੇ ਦਾਖਲ ਹੋ ਗਿਆ ਜਿਸਨੂੰ ਸਮੇਂ ਸਿਰ ਫੜ ਕੇ ਬਾਹਰ ਕੱਢਿਆ ਗਿਆ। ਇਸੇ ਤਰੀਕੇ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਚ ਬੂਟ ਤੇ ਵਰਦੀ ਪਾ ਕੇ ਹਥਿਆਰਧਾਰੀ ਪੁਲਿਸ ਵੜੀ ਜਿਸਨੇ ਗੋਲੀਬਾਰੀ ਕੀਤੀ ਅਤੇ ਇਸ ਤੋਂ ਇਲਾਵਾ ਅਨੇਕਾਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਪਰ ਇਹਨਾਂ ਅਖੌਤੀ ਪੰਥਕ ਆਗੂਆਂ ਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਹੁਣ ਸੁਧਾਰ ਲਹਿਰ ਦੇ ਅਖੌਤੀ ਆਗੂ ਅਕਾਲੀ ਦਲ ਦੀ ਬਦਨਾਮੀ ਕਰਨ ’ਤੇ ਲੱਗੇ ਹਨ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਜਥੇਦਾਰ ਟੌਹੜਾ ਦਾ 100ਵਾਂ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮਨਾਇਆ ਜਾਵੇਗਾ ਜਿਸ ਲਈ 22 ਸਤੰਬਰ ਨੂੰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਹਨਾਂ ਦੇ ਭੋਗ 24 ਸਤੰਬਰ ਨੂੰ ਸਵੇਰੇ ਪੈਣਗੇ ਤੇ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ ਤੇ ਪੰਥਕ ਵਿਚਾਰਾਂ ਹੋਣਗੀਆਂ। ਉਹਨਾਂ ਦੱਸਿਆ ਕਿ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਸ਼ਮੂਲੀਅਤ ਕਰਨਗੇ ਅਤੇ ਇਸ ਪ੍ਰੋਗਰਾਮ ਦਾ ਮਕਸਦ ਆਪਣੇ ਅਮੀਰ ਇਤਿਹਾਸਕ ਵਿਰਸੇ ਤੇ ਪੰਥਕ ਸ਼ਖਸੀਅਤਾਂ ਵੱਲੋਂ ਪੰਥ ਲਈ ਪਾਏ ਯੋਗਦਾਨ ਤੋਂ ਨਵੀਂ ਪੀੜੀ ਨੂੰ ਜਾਣੂ ਕਰਵਾਉਣਾ ਹੈ।
ਮੀਟਿੰਗ ਵਿਚ ਮੰਚ ਸੰਚਾਲਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕੀਤਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਸ਼ਖਸੀਅਤਾਂ ਨੇ ਸੰਬੋਧਨ ਕੀਤਾ।
ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਦਰਬਾਰਾ ਸਿੰਘ ਗੁਰੂ, ਕਬੀਰ ਦਾਸ ਸ਼ੁਤਰਾਣਾ, ਮੱਖਣ ਸਿੰਘ ਲਾਲਕਾ ਨਾਭਾ, ਅਮਰਿੰਦਰ ਸਿੰਘ ਬਜਾਜ ਪਟਿਆਲਾ ਸ਼ਹਿਰੀ, ਅਮਿਤ ਰਾਠੀ ਸ਼ਹਿਰੀ ਪ੍ਰਧਾਨ, ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਤਿੰਨੋਂ ਸ਼੍ਰੋਮਣੀ ਕਮੇਟੀ ਮੈਂਬਰ,ਵਿੰਨਰਜੀਤ ਸਿੰਘ ਗੋਲਡੀ, ਸਾਬਕਾ ਚੇਅਰਮੈਨ ਲਖਬੀਰ ਸਿੰਘ ਲੌਟ,ਅੰਮ੍ਰਿਤਪਾਲ ਸਿੰਘ ਲੰਗ ਦਿਹਾਤੀ ਪ੍ਰਧਾਨ,
ਅਮਰਜੀਤ ਸਿੰਘ ਪੰਜਰਥ, ਚਰਨਜੀਤ ਸਿੰਘ ਕਾਲੇਵਾਲ ਐਸ ਜੀ ਪੀ ਸੀ, ਮਾਲਵਿੰਦਰ ਸਿੰਘ ਝਿੱਲ, ਸੁਖਵਿੰਦਰਪਾਲ ਸਿੰਘ ਮਿੰਟਾ, ਮਨਮਿੰਦਰ ਸਿੰਘ ਬਿੱਲਾ ਸ਼ਹਿਰੀ ਪ੍ਰਧਾਨ ਬੀ ਸੀ ਵਿੰਗ, ਡਾ. ਮਨਪ੍ਰੀਤ ਸਿੰਘ ਚੱਢਾ, ਗੁਰਵਿੰਦਰ ਸਿੰਘ ਧੀਮਾਨ, ਜਗਰੂਪ ਸਿੰਘ ਚੀਮਾ, ਮਨਜੀਤ ਸਿੰਘ ਚਹਿਲ, ਕ੍ਰਿਸ਼ਨ ਸਿੰਘ, ਕ੍ਰਿਸ਼ਨ ਸਿੰਘ ਸਨੌਰ, ਸ਼ਰਨਜੀਤ ਸਿੰਘ ਚਨਾਰਥਲ ਤੇ ਜਸਪਾਲ ਕੌਰ ਬਾਰਨ, ਮਲਕੀਤ ਸਿੰਘ ਚੀਮਾ, ਹਰਫੂਲ ਸਿੰਘ ਭੰਗੂ, ਅਮਰੀਕ ਸਿੰਘ ਲੰਗ, ਗੁਰਦਿਆਲ ਸਿੰਘ ਸਾਬਕਾ ਚੇਅਰਮੈਨ, ਗੁਰਚਰਨ ਸਿੰਘ ਘਮਰੌਦਾ, ਅਵਤਾਰ ਸਿੰਘ ਕਪੂਰੀ, ਸੋਨੂੰ ਮਾਜਰੀ, ਹਰਵਿੰਦਰ ਸਿੰਘ ਜੋਗੀਪੁਰ, ਹਰਬੰਸ ਸਿੰਘ ਗਲਵੱਟੀ, ਜਸਵਿੰਦਰ ਸਿੰਘ ਮੋਹਣੀ ਭਾਂਖਰ, ਰਾਜ ਕੁਮਾਰ ਤੇ ਗੋਪਾਲ ਸਿੰਗਲਾ ਸਮਾਣਾ, ਵੱਡੀ ਗਿਣਤੀ ਵਿਚ ਸ਼ਖਸੀਅਤਾਂ ਹਾਜ਼ਰ ਸਨ।