Punjab

ਵੇਰਕਾ ਦਾ ਨਿੱਜੀਕਾਰਨ ਬਰਦਾਸਤ ਕਰਨ ਯੋਗ ਨਹੀਂ: ਵੇਰਕਾ ਸਕੱਤਰ ਯੂਨੀਅਨ ਪੰਜਾਬ 

ਜਗਰਾਉਂ – ਅੱਜ ਪੰਜਾਬ ਰਾਜ ਸਹਿਕਾਰੀ ਸਕੱਤਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜਗਰਾਉਂ  ਵਿਖੇ ਹੋਈ। ਇਸ ਭਰਵੀਂ ਮੀਟਿੰਗ ਵਿੱਚ ਦੇ 15 ਜ਼ਿਲ੍ਹਿਆਂ ਤੋਂ ਸਕੱਤਰ ਅਤੇ ਦੁੱਧ ਉਤਪਾਦਕ ਹਾਜਰ ਹੋਏ। ਇਸ ਮੀਟਿੰਗ ਵਿੱਚ ਮਿਲਕਫੈਡ ਪੰਜਾਬ ਵੱਲੋਂ  ਸਮੇ ਸਮੇ ਤੇ ਜਾਰੀ ਕੀਤੀਆਂ ਦੁੱਧ ਉਤਪਾਦਨ ਵਿਰੋਧੀ ਨੀਤੀਆਂ ਦੀ ਜੰਮ ਕੇ ਆਲੋਚਨਾ ਕੀਤੀ ਗਈ। ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਆਗੂਆਂ ਨੇ ਕਿਹਾ ਕਿ ਮਿਲਕ ਫੈਡ ਪੰਜਾਬ ਨਾਦਰ ਸਾਹੀ ਨੀਤੀਆਂ ਜਾਰੀ ਕਰਕੇ ਦੁੱਧ ਉਤਪਾਦਕਾਂ ਦੇ ਜੜੀਂ ਤੇਲ ਦੇਣ ਵਾਲਾ ਕੰਮ ਕਰ ਰਿਹਾ ਹੈ। ਮਿਲਕ ਫੈਡ ਦੀਆਂ ਇਹਨਾਂ ਨੀਤੀਆਂ ਕਾਰਨ ਪੰਜਾਬ ਦੇ ਲੋਕ ਧੜਾਧੜ ਪਸ਼ੂ ਕਿੱਤੇ ਨੂੰ ਛੱਡ ਰਹੇ ਹਨ। ਆਗੂਆਂ ਨੇ ਕਿਹਾ ਕਿ ਮਿਲਕ ਫੈਡ ਦੀ ਸੰਥਾਪਨਾ ਪੰਜਾਬ ਵਿੱਚ ਚਿੱਟੀ ਕ੍ਰਾਂਤੀ ਲਿਆਉਣ ਲਈ ਕੀਤੀ ਗਈ ਸੀ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹੀ ਮਿਲਕ ਫੈਡ ਅੱਜ ਪੰਜਾਬ ਦੀਆਂ 7500 ਤੋਂ ਉੱਪਰ ਦੁੱਧ ਸੁਸਾਇਟੀਆਂ ਨੂੰ ਪ੍ਰਾਈਵੇਟ ਸੈਕਟਰ ਦੇ ਹਵਾਲੇ ਕਰਨ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ।  ਉਹਨਾਂ ਕਿਹਾ ਕਿ ਮਿਲਕ ਫੈਡ ਦੇ ਪਲਾਂਟਾਂ ਵਿੱਚ ਘਪਲੇ ਕਰਨ ਵਾਲੇ ਉੱਚ ਅਧਿਕਾਰੀਆਂ ਨੂੰ ਹੋਰ ਉੱਚੇ ਅਹੁਦੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ, ਇਸ ਤੋਂ ਪੰਜਾਬ ਸਰਕਾਰ ਦੇ ਪੰਜਾਬ ਨੂੰ ਭਰਿਸ਼ਟਾਚਾਰ ਮੁਕਤ ਕਰਨ ਦੇ ਦਾਅਵਿਆਂ ਦੀ ਵੀ ਫੂਕ ਨਿਕਲ ਗਈ ਹੈ। ਮਿਲਕਫੈਡ ਵਿੱਚ ਇਸ ਵੇਲੇ ਭਰਿਸ਼ਟਾਚਾਰ ਪੂਰੇ ਸਿਖਰਾਂ ਤੇ ਹੈ। ਉੱਚ ਅਧਿਕਾਰੀਆਂ ਦੇ ਘਪਲਿਆਂ ਕਾਰਨ ਪੰਜਾਬ ਦੇ ਸਾਰੇ ਮਿਲਕ ਪਲਾਂਟ ਇਸ ਵਕਤ ਘਾਟੇ ਵਿੱਚ ਜਾ ਰਹੇ ਹਨ। ਯੂਨੀਅਨ ਨੇ ਕਿਹਾ ਕਿ ਕਰੋੜਾਂ ਦੇ ਭਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਹਾਲੇ ਤੱਕ ਕਿਸੇ ਉੱਚ ਅਧਿਕਾਰੀ ਤੋਂ ਇੱਕ ਪੈਸੇ ਦੀ ਵੀ ਵਸੂਲੀ ਨਹੀਂ ਕੀਤੀ ਗਈ, ਸਗੋਂ ਮਾਮਲਾ ਸਾਹਮਣੇ ਆਉਣ ਤੇ ਇਸ ਨੂੰ ਦਬਾਇਆ ਜਾਂਦਾ ਹੈ। ਮਿਲਕਫੈਡ ਅਧਿਕਾਰੀਆਂ ਦੇ ਭਰਿਸ਼ਟਾਚਾਰ ਨੇ ਮਿਲਕਫੈਡ ਅਦਾਰੇ ਨੂੰ ਘਾਟੇ ਵਾਲਾ ਅਦਾਰਾ ਬਣਾ ਦਿੱਤਾ ਹੈ।  ਜਿਵੇ ਪੰਜਾਬ ਦੇ ਹੋਰ ਅਦਾਰਿਆਂ ਨਾਲ ਹੋਇਆ ਹੈ ਮਿਲਕ ਫੈਡ ਨੂੰ ਵੀ ਘਾਟੇ ਵਾਲਾ ਅਦਾਰਾ ਬਣਾ ਕੇ ਇਸ ਦੇ ਨਿਜੀਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ। ਲੋਕਾਂ ਦੇ ਚੁਣ ਕੇ ਭੇਜੇ ਹੋਏ ਡਾਇਰੈਕਟਰ ਇਸ ਮਾਮਲੇ ਤੇ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਹਨ। ਨਿਜੀਕਰਨ ਦੇ ਅਮਲ ਵਿੱਚ ਤੇਜ਼ੀ ਲਿਆਉਂਦੇ ਹੋਏ ਮਿਲਕਫੈਡ ਪੰਜਾਬ ਵੱਲੋਂ ਇਕ ਅਗਸਤ 2024 ਤੋਂ  ਦੁੱਧ ਖਰੀਦ ਦੇ ਮਾਪਦੰਡਾਂ ਵਿੱਚ ਭਾਰੀ ਬਦਲਾਅ ਕਰਕੇ ਪੂਰੇ ਸਿਸਟਮ ਨੂੰ ਆਨਲਾਈਨ ਕਰਨ ਦੇ ਬਹਾਨੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਖਿੱਚੀ ਜਾ ਚੁੱਕੀ ਹੈ। ਇਸ ਨਿਜੀਕਰਨ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਦੇ ਸਾਰੇ ਮਿਲਕ ਪਲਾਂਟਾਂ ਦੇ ਗੇਟ ਬੰਦ ਕਰਕੇ ਧਰਨੇ ਵੀ ਦਿੱਤੇ ਜਾ ਚੁੱਕੇ ਹਨ। ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਦੁੱਧ ਖਰੀਦ ਉੱਪਰ ਲਗਾਏ ਲਾਕ ਸਿਸਟਮ ਦਾ ਵਿਰੋਧ ਕਰਨ ਲਈ ਪੰਜਾਬ ਦੀਆਂ ਸਾਰੀਆਂ 7500 ਦੁੱਧ ਉਤਪਾਦਕ ਸੁਸਾਇਟੀਆਂ ਵੱਲੋਂ ਮਤੇ ਪਾ ਕੇ ਐਮ ਡੀ ਮਿਲਕਫੈਡ, ਮਿਲਕਫੈਡ ਚੇਅਰਮੈਨ ਅਤੇ ਪੰਜਾਬ ਸਰਕਾਰ ਵੱਲ ਭੇਜੇ ਜਾਣਗੇ। ਸੂਬਾ ਕਮੇਟੀ ਨੇ ਐਲਾਨ ਕੀਤਾ ਕਿ  23 ਸਤੰਬਰ ਨੂੰ ਪੰਜਾਬ ਦੇ ਸਾਰੇ ਮਿਲਕ ਪਲਾਂਟਾਂ ਦੇ ਚੇਅਰਮੈਨਾਂ ਨੂੰ ਲਾਕ ਸਿਸਟਮ ਹਟਾਉਣ ਬਾਰੇ ਯਾਦ ਪੱਤਰ ਦਿੱਤਾ ਜਾਵੇਗਾ। ਜੇਕਰ ਲਾਕ ਸਿਸਟਮ ਨਹੀਂ ਹਟਾਇਆ ਜਾਂਦਾ ਤਾਂ 27 ਸਤੰਬਰ ਨੂੰ ਮਿਲਕਫੈਡ ਚੇਅਰਮੈਨ ਨਰਿੰਦਰ ਸਿੰਘ ਸੇਰਗਿੱਲ ਦਾ ਘਿਰਾਓ ਕੀਤਾ ਜਾਵੇਗਾ। ਯੂਨੀਅਨ ਨੇ ਵੇਰਕਾ ਦੇ ਨਿਜੀਕਰਨ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ।  ਇਹ ਜਾਣਕਾਰੀ ਅੱਜ ਇੱਥੇ ਵੇਰਕਾ ਸੱਕਤਰ ਯੂਨੀਅਨ ਪੰਜਾਬ ਦੇ ਆਗੂ ਤਰਨਜੀਤ ਸਿੰਘ ਕੂਹਲੀ ਨੇ ਮੀਟਿੰਗ ਤੋਂ ਬਾਦ ਪ੍ਰੈਸ ਨਾਲ ਸਾਂਝੀ ਕੀਤੀ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor