ਨਵੀਂ ਦਿੱਲੀ – ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੋਂ ਬਾਅਦ ਹੁਣ ਚਿੱਠੀਆਂ ਦੀ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ’ਤੇ ਇੱਕ ਪੱਤਰ ਲਿਖਿਆ ਸੀ। ਜਿਸ ਵਿਚ ਉਨ੍ਹਾਂ ਨੇ ਭਾਜਪਾ ਨੇਤਾ ਵਲੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਕੀਤੀ ਗਈ ਵਿਵਾਦਿਤ ਟਿੱਪਣੀ ਦਾ ਜ਼ਿਕਰ ਕੀਤਾ ਸੀ।
ਹੁਣ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਇੱਕ ਪੱਤਰ ਰਾਹੀਂ ਉਸ ਪੱਤਰ ਦਾ ਜਵਾਬ ਦਿੱਤਾ ਹੈ। ਖੜਗੇ ਨੂੰ ਆਪਣੇ ਜਵਾਬੀ ਪੱਤਰ ਵਿੱਚ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਪੁਰਾਣੇ ਬਿਆਨ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮੌਤ ਦਾ ਸੌਦਾਗਰ’ ਕਿਹਾ ਸੀ।
ਦਰਅਸਲ ਮੰਗਲਵਾਰ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅਤਿਵਾਦੀ ਕਹਿਣ ਦੇ ਵਿਰੋਧ ’ਚ ਪੀਐੱਮ ਨੂੰ ਪੱਤਰ ਲਿਖਿਆ ਸੀ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਰਵਨੀਤ ਬਿੱਟੂ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਇਸ ਨੂੰ ਖਤਰਨਾਕ ਵੀ ਕਿਹਾ ਸੀ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਖੜਗੇ ਦੇ ਇਸੇ ਪੱਤਰ ਦਾ ਜਵਾਬ ਦਿੱਤਾ ਹੈ। ਜਿਸ ’ਚ ਉਨ੍ਹਾਂ ਰਾਹੁਲ ਗਾਂਧੀ ਦੇ ਬਿਆਨਾਂ ’ਤੇ ਵੀ ਚਰਚਾ ਕੀਤੀ ਹੈ।
ਉਨ੍ਹਾਂ ਲਿਖਿਆ, ਇੱਕ ਅਜਿਹਾ ਵਿਅਕਤੀ ਜਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਸਮੁੱਚੇ ਓਬੀਸੀ ਭਾਈਚਾਰੇ ਨੂੰ ਚੋਰ ਕਹਿ ਕੇ ਦੁਰਵਿਵਹਾਰ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਬਹੁਤ ਹੀ ਭੱਦੇ ਸ਼ਬਦ ਵਰਤ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਵਿੱਚ ਡੰਡੇ ਨਾਲ ਕੁੱਟਣ ਦੀ ਗੱਲ ਕਰਨ ਵਾਲੇ ਅਤੇ ਜਿਸ ਦੀ ਹੰਕਾਰੀ ਮਾਨਸਿਕਤਾ ਤੋਂ ਪੂਰਾ ਦੇਸ਼ ਜਾਣੂ ਹੈ, ਤੁਸੀਂ ਕਿਸ ਮਜਬੂਰੀ ਵਿੱਚ ਰਾਹੁਲ ਗਾਂਧੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ?
ਜੇਪੀ ਨੱਡਾ ਨੇ ਲਿਖਿਆ, ਇਹ ਰਾਹੁਲ ਗਾਂਧੀ ਦੇ ਮਾਤਾ ਸੋਨੀਆ ਗਾਂਧੀ ਹੀ ਸੀ, ਜਿਨ੍ਹਾਂ ਨੇ ਮੋਦੀ ਜੀ ਲਈ ’ਮੌਤ ਦੇ ਸੌਦਾਗਰ’ ਵਰਗੀਆਂ ਭੱਦੀਆਂ ਗੱਲਾਂ ਕਹੀਆਂ ਸਨ?
ਤੁਸੀਂ ਅਤੇ ਤੁਹਾਡੀ ਪਾਰਟੀ ਦੇ ਆਗੂ ਇਨ੍ਹਾਂ ਸਾਰੇ ਮੰਦਭਾਗੇ ਅਤੇ ਸ਼ਰਮਨਾਕ ਬਿਆਨਾਂ ਦੀ ਵਡਿਆਈ ਕਰਦੇ ਰਹੇ। ਉਸ ਵੇਲੇ ਕਾਂਗਰਸ ਨੇ ਸਿਆਸੀ ਸ਼ੁੱਧਤਾ ਦੇ ਮੁੱਦੇ ਕਿਉਂ ਵਿਸਾਰ ਦਿੱਤੇ? ਜਦੋਂ ਰਾਹੁਲ ਗਾਂਧੀ ਨੇ ਖੁੱਲ੍ਹ ਕੇ ਕਿਹਾ ਸੀ ਕਿ ’ਮੋਦੀ ਦਾ ਅਕਸ ਖਰਾਬ ਕਰ ਦੇਵਾਂਗੇ। ਉਸ ਸਮੇਂ ਸਿਆਸੀ ਮਰਿਆਦਾ ਕਿਸ ਨੇ ਤੋੜੀ ਸੀ, ਖੜਗੇ ਜੀ?
ਮੈਂ ਇਹੀ ਸਮਝਦਾ ਹਾਂ ਖੜਗੇ ਜੀ ਕਿ ਆਪਣੇ ਅਸਫਲ ਉਤਪਾਦ ਦਾ ਲਗਾਤਾਰ ਬਚਾਅ ਕਰਨਾ ਅਤੇ ਵਡਿਆਈ ਕਰਨਾ ਤੁਹਾਡੀ ਮਜਬੂਰੀ ਹੈ, ਪਰ ਘੱਟੋ-ਘੱਟ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ, ਤੁਹਾਨੂੰ ਇਨ੍ਹਾਂ ਗੱਲਾਂ ’ਤੇ ਆਤਮ-ਪੜਚੋਲ ਕਰਨੀ ਚਾਹੀਦੀ ਸੀ।
ਉਨ੍ਹਾਂ ਨੇ ਆਪਣੀ ਚਿੱਠੀ ’ਚ ਲਿਖਿਆ, ’ਕਾਂਗਰਸ ਨੇਤਾਵਾਂ ਨੇ ਪੀਐੱਮ ਮੋਦੀ ਦੇ ਮਾਤਾ-ਪਿਤਾ ਨੂੰ ਵੀ ਨਹੀਂ ਬਖਸ਼ਿਆ, ਉਨ੍ਹਾਂ ਦਾ ਅਪਮਾਨ ਵੀ ਕੀਤਾ ਗਿਆ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕਿਸੇ ਵੀ ਜਨਤਕ ਆਗੂ ਦਾ ਇੰਨਾ ਅਪਮਾਨ ਨਹੀਂ ਹੋਇਆ ਜਿੰਨਾ ਤੁਹਾਡੀ ਪਾਰਟੀ ਦੇ ਨੇਤਾਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਹੈ।
ਇੰਨਾ ਹੀ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣ ਵਾਲੇ ਤੁਹਾਡੀ ਪਾਰਟੀ ਦੇ ਨੇਤਾਵਾਂ ਨੂੰ ਕਾਂਗਰਸ ਵਿੱਚ ਇੰਨੇ ਵੱਡੇ ਅਹੁਦੇ ਦਿੱਤੇ ਗਏ। ਜੇ ਮੈਂ ਅਜਿਹੀਆਂ ਉਦਾਹਰਣਾਂ ਗਿਣਨ ਲੱਗ ਪਵਾਂ ਤਾਂ ਤੁਹਾਨੂੰ ਵੀ ਪਤਾ ਹੈ ਕਿ ਉਨ੍ਹਾਂ ਲਈ ਵੱਖਰੀ ਕਿਤਾਬ ਲਿਖਣੀ ਪਵੇਗੀ।
ਕੀ ਅਜਿਹੇ ਬਿਆਨਾਂ ਅਤੇ ਕਾਰਵਾਈਆਂ ਨੇ ਦੇਸ਼ ਨੂੰ ਸ਼ਰਮਸਾਰ ਨਹੀਂ ਕੀਤਾ ਅਤੇ ਸਿਆਸੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ? ਤੁਸੀਂ ਇਹ ਕਿਵੇਂ ਭੁੱਲ ਗਏ, ਖੜਗੇ ਜੀ?