ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਜੀਵਨ-ਮੁਹਾਰਤ ਸਿੱਖਿਆ ਅਤੇ ਮਾਨਸਿਕ ਤੰਦਰੁਸਤੀ’ ਵਿਸ਼ੇ ’ਤੇ ਅੱਜ ਅਹਿਮ ਸੈਮੀਨਾਰ ਕਰਵਾਇਆ ਗਿਆ। ਇੰਡੀਅਨ ਕੌਂਸਲ ਫ਼ਾਰ ਸੋਸ਼ਲ ਸਾਇੰਸ ਰਿਸਰਚ (ਆਈ. ਸੀ. ਐੱਸ. ਐੱਸ. ਆਰ.) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਮੌਕੇ ਬਨਾਰਸ ਹਿੰਦੂ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਪ੍ਰੋ: ਡਾ. ਸੰਦੀਪ ਕੁਮਾਰ, ਜਾਮਾ ਮਿਲੀਆ ਇਸਲਾਮੀਆ, ਨਵੀਂ ਦਿੱਲੀ, ਮਨੋਵਿਗਿਆਨ ਵਿਭਾਗ ਪ੍ਰੋਫੈਸਰ ਡਾ. ਅਕਬਰ ਹੁਸੈਨ ਨੇ ਮੁੱਖ ਮਹਿਮਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਮਾਹਿਰਾਂ ਨੇ ਕੁੰਜੀਵਤ ਭਾਸ਼ਣ ’ਚ ਸਕਾਰਾਤਮਕ ਮਨੋਵਿਗਿਆਨ ਨੂੰ ਜੀਵਨ ਦੇ ਹੁਨਰਾਂ ਨਾਲ ਜੋੜ ਕੇ ਸਮਾਜਿਕ ਭਲਾਈ ਨੂੰ ਹੱਲ ਕਰਨ ਲਈ ਵਿਆਪਕ ਸੋਚ ਸਬੰਧੀ ਹੋਕਾ ਦਿੱਤਾ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਯਤਨਾਂ ਨਾਲ ਕਰਵਾਏ ਗਏ ਉਕਤ ਸੈਮੀਨਾਰ ਦੀ ਸ਼ੁਰੂਆਤ ’ਚ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਡਾ. ਹੁਸੈਨ, ਸ: ਛੀਨਾ, ਬਨਾਰਸ ਹਿੰਦੂ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਪ੍ਰੋ: ਡਾ. ਸੰਦੀਪ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮਨੋਵਿਗਿਆਨ ਸਾਬਕਾ ਐਸੋਸੀਏਟ ਪ੍ਰੋਫੈਸਰ ਡਾ. ਦਵਿੰਦਰ ਸਿੰਘ ਦੁਆਰਾ ਸ਼ਮ੍ਹਾ ਰੌਸ਼ਨ ਕਰਕੇ ਆਗਾਜ਼ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸਮਾਜ ਅਤੇ ਵਿਅਕਤੀਗਤ ਪੱਧਰ ’ਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਸਕਾਰਾਤਮਕ ਬੁੱਧੀ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਜਿਸ ’ਚ ਸਵੈ-ਜਾਗਰੂਕਤਾ, ਸਵੈ-ਅਨੁਸ਼ਾਸ਼ਨ, ਹਮਦਰਦੀ ਅਤੇ ਸਮਾਜਿਕ ਹੁਨਰ ਸ਼ਾਮਿਲ ਹਨ। ਜਦਕਿ ਡਾ. ਸੰਦੀਪ ਕੁਮਾਰ ਨੇ ਚੰਗੀ ਮਾਨਸਿਕ ਸਿਹਤ ਬਣਾਈ ਰੱਖਣ, ਤਣਾਅ ਪ੍ਰਬੰਧਨ ਦੀਆਂ ਰਣਨੀਤੀਆਂ, ਭਾਵਨਾਵਾਂ ਨੂੰ ਸਹੀ ਦਿਸ਼ਾ ’ਚ ਬਦਲਣ, ਸਵੈ ਲਈ ਸਮਾਂ ਕੱਢਣ, ਆਪਣੀ ਤਾਕਤ ਦਾ ਮੁਲਾਂਕਣ ਕਰਨ, ਚੰਗੀ ਤਰ੍ਹਾਂ ਖਾਣ ਤੇ ਸੌਣ, ਰੋਜ਼ਾਨਾ ਕਸਰਤ ਕਰਨ ਅਤੇ ਲੋੜ ਪੈਣ ’ਤੇ ਸਹਾਇਤਾ ਲਈ ’ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਹੁਸੈਨ ਅਤੇ ਪ੍ਰੋ: ਦਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਸਰੀਰਿਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਦੇ ਮਹੱਤਵ ਸਬੰਧੀ ਚਾਨਣਾ ਪਾਇਆ ਜੋ ਸਾਨੂੰ ਇਕ ਸੰਤੁਲਨ ਪ੍ਰਦਾਨ ਕਰ ਸਕਦਾ ਹੈ ਜਿਸ ਨਾਲ ਸਾਡੀ ਸਮੁੱਚੀ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਫ਼ਾਇਦਾ ਹੁੰਦਾ ਹੈ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੈਮੀਨਾਰ ਦਾ ਉਦੇਸ਼ ਰਵਾਇਤੀ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਸਮਕਾਲੀ ਸਿੱਖਿਆ ’ਚ ਸ਼ਾਮਿਲ ਕਰਨਾ ਸੀ। ਉਨ੍ਹਾਂ ਕਾਲਜ ਸਬੰਧੀ ਮਹੱਤਵਪੂਰਨ ਗਤੀਵਿਧੀਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।
