ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਮੁਖੀਆ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ’ਚ ਮੁੱਖ ਮੰਤਰੀ ਦੀ ਹੈਸੀਅਤ ਤੋਂ ’ਪਹਿਲੇ ਨੰਬਰ’ ਦੀ ਸੀਟ ’ਤੇ ਬੈਠੇ ਸਨ ਪਰ ਵੀਰਵਾਰ ਨੂੰ ਉਨ੍ਹਾਂ ਨੂੰ ਸਦਨ ’ਚ 41 ਨੰਬਰ ਦੀ ਸੀਟ ਅਲਾਟ ਕੀਤੀ ਗਈ। ਇਹ ਸੀਟ ਮੁੱਖ ਮੰਤਰੀ ਦੀ ਸੀਟ ਤੋਂ ਕੁਝ ਦੂਰੀ ’ਤੇ ਹੈ। ਉਨ੍ਹਾਂ ਦੀ ਜਗ੍ਹਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਆਤਿਸ਼ੀ ਨੂੰ ’ਪਹਿਲੇ ਨੰਬਰ’ ਦੀ ਸੀਟ ਮਿਲੀ ਹੈ। ਉੱਥੇ ਹੀ ਕੇਜਰੀਵਾਲ ਦੇ ਵਿਸ਼ਵਾਸਪਾਤਰ ਅਤੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ’ਆਪ’ ਦੇ ਪ੍ਰਮੁੱਖ ਦੇ ਨਾਲ ਦੀ ਸੀਟ ਦਿੱਤੀ ਗਈ ਹੈ। ਉਨ੍ਹਾਂ ਨੂੰ 40 ਨੰਬਰ ਦੀ ਸੀਟ ਅਲਾਟ ਕੀਤੀ ਗਈ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਆਤਿਸ਼ੀ ਨੇ ਮੁੱਖ ਮੰਤਰੀ ਦਫ਼ਤਰ ’ਚ ਕੇਜਰੀਵਾਲ ਵਲੋਂ ਇਸਤੇਮਾਲ ਕੀਤੀ ਜਾਣ ਵਾਲੀ ਕੁਰਸੀ ਖ਼ਾਲੀ ਰੱਖੀ ਸੀ, ਜਿਸ ਨੂੰ ਭਾਜਪਾ ਅਤੇ ਕਾਂਗਰਸ ਨੇ ਅਹੁਦੇ ਦਾ ’ਅਪਮਾਨ’ ਦੱਸਿਆ ਸੀ। ਆਬਕਾਰੀ ਨੀਤੀ ਮਾਮਲੇ ’ਚ ਜ਼ਮਾਨਤ ’ਤੇ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਦੇ ਕੁਝ ਦਿਨਾਂ ਬਾਅਦ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਫਰਵਰੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦਿੱਲੀ ਦੀ ਜਨਤਾ ਤੋਂ ’ਈਮਾਨਦਾਰੀ ਦਾ ਪ੍ਰਮਾਣ ਪੱਤਰ’ ਮਿਲਣ ਤੋਂ ਬਾਅਦ ਉਹ ਅਹੁਦੇ ’ਤੇ ਵਾਪਸ ਆਉਣਗੇ।
previous post