ਪੁਣੇ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਵਿੱਚ 11,200 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਮੋਦੀ ਦਾ 26 ਸਤੰਬਰ ਨੂੰ ਨਿਰਧਾਰਤ ਪੁਣੇ ਦੌਰਾ ਸ਼ਹਿਰ ਵਿੱਚ ਭਾਰੀ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜ਼ਿਲ੍ਹਾ ਅਦਾਲਤ ਤੋਂ ਸਵਾਰਗੇਟ ਤੱਕ ਪੁਣੇ ਮੈਟਰੋ ਦੇ ਹਿੱਸੇ ਦਾ ਉਦਘਾਟਨ ਆਨਲਾਈਨ ਕੀਤਾ। ਅਧਿਕਾਰੀਆਂ ਮੁਤਾਬਕ, ਮੋਦੀ ਨੇ ਪੁਣੇ ਮੈਟਰੋ ਫੇਜ਼-1 ਸਵਾਰਗੇਟ ਤੋਂ ਕਟਰਾਜ ਵਿਸਤਾਰ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਬਿਡਕਿਨ ਉਦਯੋਗਿਕ ਖੇਤਰ ਦਾ ਉਦਘਾਟਨ ਵੀ ਕੀਤਾ ਜੋ ਕੌਮੀ ਉਦਯੋਗਿਕ ਕੌਰੀਡੋਰ ਵਿਕਾਸ ਪ੍ਰੋਗਰਾਮ ਤਹਿਤ 7855 ਏਕੜ ਖੇਤਰ ਵਿੱਚ ਫੈਲਿਆ ਇਕ ਪ੍ਰਾਜੈਕਟ ਹੈ। ਇਹ ਮਹਾਰਾਸ਼ਟਰ ਵਿੱਚ ਛਤਰਪਤੀ ਸੰਭਾਜੀਨਗਰ ਤੋਂ 20 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਪ੍ਰਧਾਨ ਮੰਤਰੀ ਨੇ ਸੋਲਾਪੁਰ ਹਵਾਈ ਅੱਡੇ ਦਾ ਉਦਘਾਟਨ ਵੀ ਕੀਤਾ।