ਅੰਬਾਲਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਉਦਯੋਗਪਤੀਆਂ ਲਈ ਕੰਮ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ’ਜਿਵੇਂ ਸੁਨਾਮੀ ਆਉਂਦੀ ਹੈ, ਉਸੇ ਤਰ੍ਹਾਂ ਗੌਤਮ ਅਡਾਨੀ ਦੇ ਬੈਂਕ ਖਾਤਿਆਂ ਵਿਚ ਪੈਸਾ ਆਉਂਦਾ ਰਹਿੰਦਾ ਹੈ’, ਜਦਕਿ ਆਮ ਆਦਮੀ ਸੰਘਰਸ਼ ਕਰਦਾ ਰਹਿੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਬਦਲਾਅ ਲਿਆਏਗੀ। ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੜਾਈ ਕਾਂਗਰਸ ਅਤੇ ਭਾਜਪਾ ਅਤੇ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਵਿਚਾਲੇ ਹੈ। ਉਨ੍ਹਾਂ ਕਿਹਾ, ‘ਇਕ ਪਾਸੇ ਨਿਆਂ ਹੈ ਅਤੇ ਦੂਜੇ ਪਾਸੇ ਅਨਿਆਂ ਹੈ।’ ਰੈਲੀ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਅਤੇ ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਭੂਪੇਂਦਰ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜਾ ਵੀ ਮੌਜੂਦ ਸਨ। ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਰਕਾਰ ਵੱਡੇ ਉਦਯੋਗਪਤੀਆਂ ਦੀ ਹੈ। ਉਨ੍ਹਾਂ ਕਿਹਾ,’’ਹਰਿਆਣਾ ’ਚ ਸਾਨੂੰ ਅਜਿਹੀ ਸਰਕਾਰ ਨਹੀਂ ਚਾਹੀਦਾ, ਸਗੋਂ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਦੀ ਸਰਕਾਰ ਚਾਹੀਦੀ ਹੈ।’’
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਕਿਸਾਨਾਂ, ਗਰੀਬਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ, ਜਦੋਂ ਕਿ ਭਾਜਪਾ ਵੱਡੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਫਾਇਦੇ ਲਈ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ,’’ਜੇਕਰ ਕਿਸਾਨਾਂ ਲਈ ਕਾਨੂੰਨ ਬਣਾਏ ਗਏ ਹਨ ਤਾਂ ਦੇਸ਼ ’ਚ ਕਿਸਾਨ ਸੜਕਾਂ ’ਤੇ ਕਿਉਂ ਹਨ? ਕਿਉਂਕਿ ਕਿਸਾਨ ਜਾਣਦਾ ਹੈ ਕਿ ਇਕ ਹੋਰ ਤਰੀਕੇ ਨਾਲ ਉਨ੍ਹਾਂ ਦੀ ਜੇਬ ’ਚੋਂ ਪੈਸਾ ਕੱਢਿਆ ਜਾਵੇਗਾ।’’
ਕਾਂਗਰਸ ਆਗੂ ਨੇ ਕਿਹਾ ਕਿ ਵਿਕਾਸ ਦੇ ਨਾਂ ’ਤੇ ਕਿਸਾਨਾਂ ਅਤੇ ਗਰੀਬਾਂ ਦੀ ਜ਼ਮੀਨ ਲਈ ਜਾ ਰਹੀ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਉਦਯੋਗਪਤੀਆਂ ਦੀ ਜ਼ਮੀਨ ਲਈ ਗਈ ਹੋਵੇ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਨਹੀਂ ਦਿੱਤੀ ਜਾਂਦੀ ਅਤੇ ਫਿਰ ਜਦੋਂ ਉਹ ਫ਼ੌਜ ’ਚ ਜਾਣ ਦੀ ਸੋਚਦੇ ਹਨ ਤਾਂ ਉਨ੍ਹਾਂ ਨੂੰ ਅਗਨੀਪੱਥ ਯੋਜਨਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਮਰੀਕਾ ਦੀ ਆਪਣੀ ਹਾਲੀਆ ਯਾਤਰਾ ਦਾ ਜ਼ਿਕਰ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਹਰਿਆਣਾ ਦੇ ਕੁਝ ਪ੍ਰਵਾਸੀਆਂ ਨੂੰ ਮਿਲੇ ਹਨ ਜੋ ਬਿਹਤਰ ਭਵਿੱਖ ਦੀ ਭਾਲ ’ਚ ਉੱਥੇ ਗਏ ਸਨ, ਕਿਉਂਕਿ ਉਨ੍ਹਾਂ ਨੂੰ ਆਪਣੇ ਗ੍ਰਹਿ ਰਾਜ ’ਚ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ ਸਨ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਦੇਖਣਾ ਜ਼ਰੂਰੀ ਹੈ ਕਿ ਗਰੀਬ ਅਤੇ ਆਮ ਲੋਕਾਂ ਦੀਆਂ ਜੇਬਾਂ ’ਚ ਕਿੰਨਾ ਪੈਸਾ ਆ ਰਿਹਾ ਹੈ ਅਤੇ ਕਿੰਨਾ ਬਾਹਰ ਜਾ ਰਿਹਾ ਹੈ।