
ਹਰ ਬੰਦਾ ਆਪਣੀ ਲੱਗਦੀ ਵਾਹ ਤੱਕ ਕੁੱਝ ਨਾ ਕੁੱਝ ਗਲਤ ਕਰ ਰਿਹਾ ਹੈ ਅਤੇ ਉਹ ਹਰ ਬੰਦਾਂ ਸਾਧਾਂ ਦੀ ਸ਼੍ਰੇਣੀ ਵਿੱਚ ਹੀ ਆਉਂਦਾਂ ਹੈ, ਉਹ ਚੋਰ ਓਦੋਂ ਕਹਾਇਆਂ ਜਾਏਗਾ ਜਦੋਂ ਫੜਿਆ ਜਾਊਗਾ ਕਿਉਂਕਿ ਬਹੁਤੀ ਵਾਰ ਪਰਦੇ ਪਿੱਛੇ ਹੀ ਸਾਡੀਆਂ ਭੈੜੀਆਂ ਕਰਤੂਤਾਂ ਲੁਕੀਆਂ ਰਹਿੰਦੀਆਂ ਹਨ। ਇਸ ਲੇਖ ਵਿੱਚ ਮੈਂ ਸਿਰਫ ਪੰਜਾਬ ਦੇ ਬਦ ਤੋਂ ਬਦਤਰ ਹੋਏ ਪਏ 2024 ਤੱਕ ਦੇ ਕੁੱਝ ਹਾਲਾਤਾਂ ਅਤੇ ਪੰਜਾਬੀਆਂ ਦੀ ਵਿਗੜ ਚੁੱਕੀ ਮਾਨਸਿਕਤਾ ਦਾ ਥੋੜਾ ਜਿਹਾ ਲੇਖਾ ਜੋਖਾ ਸਾਂਝਾ ਕਰ ਰਿਹਾ ਹਾਂ।
ਅਸੀਂ ਕਿਸੇ ਵੀ ਖਿੱਤੇ ਦੇ ਚੰਗੇ ਜਾਂ ਮਾੜੇ ਹਾਲਾਤਾਂ ਦੇ ਜਿੰਮੇਵਾਰ ਸਿਰਫ ਸਰਕਾਰਾਂ ਜਾਂ ਪ੍ਰਸ਼ਾਸ਼ਨ ਨੂੰ ਹੀ ਕਹਿੰਦੇ ਹਾਂ ਪਰ ਸਰਕਾਰਾਂ ਜਾਂ ਪ੍ਰਸ਼ਾਸਨ ਚਲਾਉਣ ਵਾਲੇ ਲੋਕ ਵੀ ਤਾਂ ਓਸੇ ਸਮਾਜ ਓਸੇ ਖਿੱਤੇ ਦੇ ਹੀ ਹੁੰਦੇ ਹਨ। ਇਸ ਕਰਕੇ ਕਦੀ ਵੀ ਸਿਰਫ ਸਰਕਾਰਾਂ ਜਾਂ ਪ੍ਰਸ਼ਾਸ਼ਨ ਨੂੰ ਹੀ ਮਾੜੇ ਹਾਲਾਤਾਂ ਦਾ ਜਿੰਮੇਵਾਰ ਨਹੀਂ ਕਿਹਾ ਜਾ ਸਕਦਾ। ਇਹ ਸਭ ਗੱਲਾਂ ਉਸ ਖਿੱਤੇ ਦੇ ਕੁੱਲ੍ਹ ਲੋਕਾਂ ਦੀ ਮਾਨਿਸਕਿਤਾ ‘ਤੇ ਨਿਰਭਰ ਕਰਦੀਆਂ ਹਨ।
ਸਾਡੇ ਪੰਜਾਬ ਦੇ ਬੱਚਿਆਂ, ਨੌਜੁਆਨਾਂ ਅਤੇ ਵਡੇਰਿਆਂ ਦੀ ਮਾਨਸਿਕਤਾ ਦਾ ਪੱਧਰ ਕਿਹੜੀਆਂ ਹੱਦਾਂ ਤੱਕ ਡਿੱਗ ਚੁੱਕਾ ਹੈ ਉਸ ਦਾ ਅਨੁਮਾਨ ਵੱਖ-ਵੱਖ ਅਖਬਾਰਾਂ ਵਿੱਚ ਸਿਰਫ 2024 ਦੇ ਅਗਸਤ ਮਹੀਨੇ ਦੀਆਂ ਪ੍ਰਕਾਸ਼ਿਤ ਹੋਈਆਂ ਕੁੱਝ-ਕੁ ਖਬਰਾਂ ਤੋਂ ਲਾਇਆ ਜਾ ਸਕਦੈ। ਫਿਰੋਜਪੁਰ ਦੇ ਇੱਕ ਪਿੰਡ ਵਿੱਚ ਰੱਖੜੀ ਵਾਲੇ ਦਿਨ 19 ਅਗਸਤ ਨੂੰ ਇੱਕ ਲੜਕੇ ਨੇ ਆਪਣੀ 14 ਸਾਲਾਂ ਮਤਰੇਈ ਭੈਣ ਦਾ ਬਲਾਤਕਾਰ ਕੀਤਾ। ਗੁਰਦਾਸਪੁਰ ਜਿਲ੍ਹੇ ਵਿੱਚ ਨਾਬਾਲਗ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ। ਬੀ.ਏ ਪਹਿਲੇ ਭਾਗ ਵਿੱਚ ਪੜ੍ਹਦੇ ਲੜਕੇ ਨੇ ਆਪਣੇ ਮਾਂ-ਪਿਓ ਨੂੰ ਪਹਿਲਾਂ ਰਾਤ ਨੂੰ ਲੱਸੀ ਵਿੱਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਜਦੋ ਉਹ ਸੌਂ ਗਏ ਤਾਂ ਬੜੇ ਵਹਿਸ਼ੀ ਢੰਗ ਨਾਲ ਅਪਣੇ ਮਾਂ-ਪਿਓ ਦੇ ਸਿਰ ਵਿੱਚ ਦਸ-ਦਸ ਪੰਦਰਾਂ-ਪੰਦਰਾਂ ਵਾਰ ਸੱਬਲ ਮਾਰ ਕੇ ਮਾਰ ਦਿੱਤਾ। ਮਾਂ-ਬਾਪ ਦਾ ਕਸੂਰ ਸਿਰਫ ਐਨਾ ਸੀ ਕਿ ਪੁੱਤ ਦੀ ਕਿਸੇ ਸਕੂਲ ਪੜ੍ਹਦੀ ਲੜਕੀ ਨਾਲ ਪ੍ਰੇਮ ਸੰਬੰਧਾਂ ਦੀ ਸ਼ਕਾਇਤ ਮਿਲਣ ‘ਤੇ ਉਹਨਾਂ ਆਪਣੇ ਪੁੱਤ ਤੋਂ ਮੋਬਾਇਲ ਫੋਨ ਵਾਪਸ ਲੈ ਲਿਆ ਸੀ। ਸਕੂਲਾਂ ਦੇ ਦਸਵੀਂ-ਗਿਆਰ੍ਹਵੀਂ ਵਿੱਚ ਪੜ੍ਹਦੇ ਬੱਚੇ 350 ਸੀ.ਸੀ. ਬੁੱਲਟ ਮੋਟਰਸਾਈਕਲਾਂ ‘ਤੇ ਮਨੁੱਖ ਦੇ ਕੰਨਾਂ ਦੀ ਸਹਿਣ ਕਰਨਯੋਗ ਸ਼ਕਤੀ (70 ਡੈਸੀਬਲ) ਤੋਂ ਕਿਤੇ ਵੱਧ ਵੱਡੇ ਹਾਰਨ ਲਵਾਈ ਬੈਠੇ ਹਨ। ਹਾਰਨਾਂ ਦੀ ਗੱਲ ਛੱਡੋ ਚੱਲਦੇ ਹੋਏ ਬੁੱਲਟ ਮੋਟਰਸਾਈਕਲ ਦੇ ਇਗਨੀਸ਼ਨ ਸਿਸਟਮ ਨਾਲ ਛੇੜ-ਛਾੜ ਕਰਕੇ ਹਾਈ ਡੈਸੀਬਲ ਤਾਕਤ ਦੇ ਪਟਾਕੇ ਪਵਾਉਂਦੇ ਹਨ। ਇਹਨਾਂ ਦੇ ਟਰੈਕਟਰਾਂ ‘ਤੇ ਲੱਗੇ ਡੈੱਕ ਦੀ ਅਵਾਜ ਕਿਸੇ ਤਕੜੇ ਡੀ.ਜੇ. ਵਾਲਿਆਂ ਨੂੰ ਮਾਤ ਪਾਉਂਦੀ ਆ ਜਿਹੜੀ ਮਨੁੱਖੀ ਸਰੀਰ ਲਈ ਸਹਿਣ ਕਰਨ ਯੋਗ ਨਹੀਂ ਹੁੰਦੀ। ਇਹ ਬੱਚੇ ਹੋਣ ਜਾਂ ਨੌਜੁਆਨ ਇਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੋ ਕੁੱਝ ਵੀ ਸਿੱਖਦੇ ਹਨ ਜਿਆਦਾਤਰ ਆਪਣੇ ਤੋਂ ਵੱਡੀ ਪੀੜੀ੍ ਤੋਂ ਹੀ ਸਿੱਖਦੇ ਹਨ। ਪਰ ਹੁਣ ਹਾਲਾਤ ਇਹ ਹਨ ਕਿ ਜਦੋਂ ਬੱਚੇ ਅਤੇ ਛੋਟੀ ਉਮਰ ਦੇ ਨੌਜੁਆਨ ਕੁੱਝ ਗਲਤ ਕੰਮ ਕਰਦੇ ਹਨ ਅਤੇ ਉਹਨਾਂ ਦੇ ਵੱਡੇ-ਵਡੇਰੇ ਵੇਖਦਿਆਂ ਹੋਇਆਂ ਵੀ ਰੋਕਦੇ ਨਹੀਂ ਹਨ ਸਗੋਂ ਗਲਤ ਗਤੀਵਿਧੀਆਂ ਲਈ ਹੱਲਾਸ਼ੇਰੀ ਹੀ ਦਿੰਦੇ ਹਨ। ਦਿੱਲੀ ਹਾਈਕੋਰਟ ਨੇ ਵੀ ਕਿਹਾ ਕਿ ਬਹੁਤ ਵਾਰ ਇਸ ਤਰ੍ਹਾਂ ਹੁੰਦਾਂ ਹੈ ਕਿ ਰਾਹ ਤੋਂ ਥਿੜਕੀਆਂ ਹੋਈਆਂ ਨਾਬਾਲਗ ਬੱਚੀਆਂ ਬਹੁਤ ਵਾਰ ਆਪਣੀ ਮਰਜੀ ਨਾਲ ਸਰੀਰਕ ਸੰਬੰਧ ਬਣਾਉਂਦੀਆਂ ਹਨ ਅਤੇ ਫੜੇ ਜਾਣ ਤੋਂ ਬਾਅਦ ਆਪਣੇ ਮਾਂ-ਪਿਓ ਅਤੇ ਸਮਾਜਿਕ ਦਬਾਅ ਕਰਕੇ ਬਦਨਾਮੀਂ ਹੋਣ ਦੇ ਡਰੋਂ ਆਪਣੇ ਸਾਥੀ ‘ਤੇ ਬਲਾਤਕਾਰ ਵਰਗੇ ਕੇਸ ਪਵਾ ਦਿੰਦੀਆਂ ਹਨ। ਇਹ ਦਬਾਅ ਵਾਲੀ ਗੱਲ ਸਾਬਤ ਹੋ ਜਾਵੇ ਤਾਂ ਕਾਨੂੰਨ ਦੀ ਨਜਰ ਵਿੱਚ ਉਹ ਨਾਬਾਲਗ ਬੱਚੀ ਅਤੇ ਗਲਤ ਦਬਾਅ ਪਾਉਣ ਵਾਲੇ ਮਾਪੇ ਵੀ ਨਿਰਦੋਸ਼ ਤੋਂ ਦੋਸ਼ੀ ਬਣ ਜਾਂਦੇ ਹਨ। ਸਾਡੇ ਲੋਕ ਖੁਦ ਆਪ ਕੀ ਕਰ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਨ? ਜਿਹੜੇ ਲੋਕ ਅਪਣੇ ਬੱਚਿਆਂ ਨੂੰ ਇੱਥੇ ਪੰਜਾਬ ਵਿੱਚ ਉਹਨਾਂ ਦੇ ਕੋਲ ਰਹਿੰਦਿਆਂ ਗਲਤ ਕੰਮਾਂ ਅਤੇ ਗਲਤ ਆਦਤਾਂ ਤੋਂ ਨਹੀਂ ਰੋਕ ਸਕਦੇ ਉਹ ਇਹ ਕਿਵੇਂ ਤਵੱਕੋ ਕਰ ਸਕਦੇ ਹਨ ਕਿ ਪੰਜਾਬ ਵਿੱਚ ਹੀ ਪੜ੍ਹਨ/ਰਹਿਣ ਵਾਲੇ ਜਾਂ ਫਿਰ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਲਈ ਜਾਣ ਵਾਲੇ ਬੱਚੇ ਉਥੇ ਜਾ ਕੇ ਬਰਬਾਦ ਹੋਣ ਤੋਂ ਪਹਿਲਾਂ ਮਾੜੇ ਅਤੇ ਚੰਗੇ ਵਿੱਚ ਫਰਕ ਕਰਨਾ ਸਮਝ ਜਾਣਗੇ ਅਤੇ ਗਲਤ ਰਾਹਾਂ ‘ਤੇ ਨਹੀਂ ਚੱਲਣਗੇ।
ਕੁੱਝ ਹੋਰ ਕੌੜੇ ਸੱਚ, ਜਿਹੜੇ ਆਪਾਂ ਹਰ ਰੋਜ ਸੁਣਦੇ ਹਾਂ ਪਰ ਹੱਲ ਵੀ ਕਿਤੋਂ ਨਹੀਂ ਲੱਭ ਰਿਹਾ। ਪੰਜਾਬ ਵਿੱਚ ਹਰ ਰੋਜ ਚਿੱਟੇ ਵਰਗੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਂਆਂ ਹਨ। ਹਰ ਰੋਜ ਕਈ ਲੁੱਟਾਂ ਖੋਹਾਂ ਹੁੰਦੀਆਂ ਹਨ। ਹਰ ਰੋਜ ਕਤਲ ਹੋ ਰਹੇ ਹਨ। ਹਰ ਰੋਜ ਬਲਾਤਕਾਰ ਹੁੰਦੇ ਹਨ। ਹਰ ਰੋਜ਼ ਬੈਂਕ ਵਿੱਚ ਡਕੈਤੀਆਂ ਹੋ ਰਹੀਆਂ ਹਨ ਅਤੇ ਹਰ ਰੋਜ਼ ਚੋੋਰੀਆਂ ਹੋਣੀਆਂ ਇੱਕ ਆਮ ਜਿਹੀ ਗੱਲ ਹੈ। ਹਰ ਰੋਜ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚ ਹਰ ਰੋਜ ਕਰੋੜਾਂ ਰੁਪੱਈਆਂ ਦਾ ਨਸ਼ਾ ਬਰਾਮਦ ਹੁੰਦਾ ਹੈ। ਹਰ ਰੋਜ ਨਜਾਇਜ ਅਸਲਾ ਬਰਾਮਦ ਹੁੰਦਾ ਹੈ। ਆਮ ਬੰਦੇ ਦਾ ਸਰਕਾਰੀ ਦਫਤਰਾਂ ਵਿੱਚ ਪੈਸਿਆਂ ਤੋਂ ਬਿਨਾਂ ਕੰਮ ਨਹੀਂ ਹੁੰਦਾ। ਰਿਸ਼ਵਤ ਦਾ ਬੋਲਬਾਲਾ ਹੁਣ ਤੱਕ ਦੇ ਸਿਖਰ ‘ਤੇ ਹੈ। ਨਕਲੀ ਦੁੱਧ ਪਨੀਰ ਖੋਆ ਕਵਿੰਟਲਾਂ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਨਸਾਨਾਂ ਅਤੇ ਪਸ਼ੂਆਂ ਦੀਆਂ ਨਕਲੀ ਦਵਾਈਆਂ ਸ਼ਰ੍ਹੇਆਮ ਵਿਕ ਰਹੀਆਂ ਹਨ। ਮੇਰੇ ਜਿਲ੍ਹੇ ਵਿੱਚ ਹੀ 15 ਦਿਨ ਪਹਿਲਾਂ ਨਕਲੀ ਡੀ.ਏ.ਪੀ. ਖਾਦ ਦਾ ਭਰਿਆ ਟਰੱਕ ਫੜਿਆ ਗਿਆ। ਫੈਕਟਰੀਆਂ ਵਾਲੇ ਪੰਜਾਬ ਦੇ ਪਾਣੀਆਂ ਵਿੱਚ ਸ਼ਰ੍ਹੇਆਮ ਜ਼ਹਿਰਾਂ ਘੋਲ ਰਹੇ ਹਨ। ਆਹ ਅਕਤੂਬਰ ਮਹੀਨੇ ਵਿੱਚ 15 ਤਾਰੀਕ ਨੂੰ ਪੰਜਾਬ ਦੇ ਪਿੰਡਾਂ ਵਿੱਚ ਪੰਚੀ/ਸਰਪੰਚੀ ਸਰਪੰਚੀ ਦੀਆਂ ਪੈਣ ਵਾਲੀਆਂ ਵੋਟਾਂ ਲਈ ਨਾਮਜਦਗੀ ਕਾਗਜ਼ ਭਰਨ ਵੇਲੇ ਕਈ ਥਾਵਾਂ ‘ਤੇ ਹਾਕਮ ਧਿਰ ਵੱਲੋਂ ਗੁੰਡਾਗਰਦੀ ਦਾ ਨਾਚ ਕੀਤਾ ਗਿਆ, ਇਹ ਇੱਕ ਦੂਜੇ ‘ਤੇ ਰੋੜਿਆਂ/ਡਾਂਗਾ/ਗੋਲੀਆਂ ਦਾ ਮੀਂਹ ਵਰ੍ਹਾੳਣ ਵਾਲੇ ਲੋਕ ਕੌਣ ਹਨ? ਲੁੱਟਾਂ ਖੋਹਾਂ, ਕਤਲ, ਬਲਾਤਕਾਰ, ਤਸਕਰੀ ਕਰਨ ਵਾਲੇ, ਪੰਜਾਬ ਦੇ ਹਵਾ ਪਾਣੀ ਅਤੇ ਮਿੱਟੀ ਵਿੱਚ ਜਹਿਰਾਂ ਘੋਲਣ ਵਾਲੇ ਇਹ ਸਭ ਲੋਕ ਕੌਣ ਹਨ? ਇਹ ਸਭ ਸਾਡੇ ਸਮਾਜ ਦੇ ਬਸ਼ਿੰਦੇ ਹਨ, ਇਹ ਸਭ ਕੁੱਝ ਮੇਰੇ ਆਲੇ-ਦੁਆਲੇ ਦੇ ਲੋਕ ਹੀ ਹਨ, ਇਹ ਸਭ ਮੇਰੇ ਪੰਜਾਬ ਦੇ ਹੀ ਵਾਸੀ ਹਨ। ਇਹਨਾਂ ਨੇ ਇਹ ਗੈਰ-ਸਮਾਜਿਕ ਹਰਕਤਾਂ ਪਤਾ ਨਹੀਂ ਕਿੱਥੋਂ ਅਤੇ ਕਿਵੇਂ ਸਿੱਖ ਲਈਆਂ ਹਨ ਅਤੇ ਇਹ ਹੁਣ ਆਪਣੀ ਅਗਲੀ ਪੀੜ੍ਹੀ ਨੂੰ ਵੀ ਇਹ ਸਭ ਕੁੱਝ ਸਿਖਾ ਰਹੇ ਹਨ।
ਉਪਰ ਦਿੱਤੀਆਂ ਕੁੱਝ-ਕੁ ਉਦਾਹਰਣਾਂ ਵਿੱਚ ਬੱਚਿਆਂ, ਨੌਜੁਆਨਾਂ ਅਤੇ ਵਡੇਰੇ ਲੋਕਾਂ ਦੀ ਮਾਨਸਿਕਤਾ ਕਿੰਨੀ ਕੁ ਵਿਗੜ ਚੁੱਕੀ ਹੈ, ਉਸ ਦੀ ਸਪੱਸ਼ਟ ਝਲਕ ਪੈਂਦੀ ਹੈ। ਹਰ ਇਨਸਾਨ ਨੂੰ ਆਪਣੀ-ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਸਖਤ ਲੋੜ ਹੈ। ਜਿੰਨੀ ਦੇਰ ਤੱਕ ਆਮ ਲੋਕਾਈ ਇਮਾਨਦਾਰ ਨਹੀਂ ਹੁੰਦੀ ਓਨੀ ਦੇਰ ਤੱਕ ਇਹ ਤਵੱਕੋ ਨਹੀਂ ਰੱਖਣੀ ਚਾਹੀਦੀ ਕਿ ਕੋਈ ਜੱਗੋਂ-ਤੇਰ੍ਹਵੀਂ ਖਾਸ ਪਾਰਟੀ ਆਵੇਗੀ ਅਤੇ ਜਾਦੂ ਦਾ ਡੰਡਾ ਘੁਮਾ ਕੇ ਪੰਜਾਬ ਦੇ ਸਭ ਹਾਲਾਤ ਵਧੀਆ ਕਰ ਦੇਵੇਗੀ, ਜਾਂ ਫਿਰ ਕੋਈ ਚਮਤਕਾਰ ਹੋਵੇਗਾ ਅਤੇ ਸਭ ਕੁੱਝ ਠੀਕ ਹੋ ਜਾਵੇਗਾ। ਹਾਲ ਦੀ ਘੜੀ ਤਾਂ ਸਭ ਕੁੱਝ ਠੀਕ ਹੋਣਾ ਸਿਰਫ ਸੁਪਨੇ ਵਰਗਾ ਹੀ ਲੱਗ ਰਿਹਾ ਹੈ। ਪਰ ਆਸਾਂ, ਉਮੀਦਾਂ ਤੇ ਕੋਸ਼ਿਸਾਂ ਕਦੀ ਵੀ ਨਹੀਂ ਛੱਡਣੀਆਂ ਚਾਹੀਦੀਆਂ। ਭਾਵੇਂ ਬਹੁਤ ਕੁੱਝ ਵਿਗੜ ਚੁੱਕਾ ਹੈ ਪਰ ਸਾਡੇ ਡੀ.ਐਨ.ਏ. ਵਿੱਚ ਚੰਗਿਆਈ ਦੇ ਕੁੱਝ ਤੱਤ ਤਾਂ ਸਾਡੇ ਖੂਨ ਵਿੱਚ ਬਾਕੀ ਹਨ। ਕੁੱਲ ਦੁਨੀਆਂ ‘ਤੇ ਕੋਈ ਵੀ ਭੀੜ ਪੈ ਜਾਵੇ ਮੇਰੇ ਪੰਜਾਬ ਦੇ ਲੋਕ ਬੜੀ ਗਰਮਜੋਸ਼ੀ ਨਾਲ ਮਨੁੱਖਤਾ ਦੀ ਸੇਵਾ ਵਿੱਚ ਹਾਜਰ ਹੋ ਜਾਂਦੇ ਹਨ ਅਤੇ ਮਨੁੱਖਤਾ ਦੀ ਭਲਾਈ ਲਈ ਆਪਣੀਆਂ ਜਾਨਾਂ ਤੱਕ ਵਾਰਨ ਨੂੰ ਤਿਆਰ ਹੋ ਜਾਂਦੇ ਹਨ। ਕੁੱਝ ਰੱਬ ਵਰਗੇ ਲੋਕ ਹਜੇ ਵੀ ਮੌਜੂਦ ਹਨ ਜਿਨ੍ਹਾਂ ਆਸਰੇ ਲੋਕਾਈ ਚੱਲ ਰਹੀ ਹੈ। ਇਸ ਉਮੀਦ ਵਿੱਚ ਕਿ ਛੇਤੀ ਸੋਹਣਾ ਸਮਾਂ ਆਵੇਗਾ ਅਤੇ ਅਸੀਂ ਸਾਰੇ ਰਲ਼-ਮਿਲ਼ ਕੇ ਫੇਰ ਪੰਜਾਬ ਨੂੰ ਸਵਰਗਾਂ ਦਾ ਦੇਸ਼ ਬਣਾ ਲਵਾਂਗੇ!
