ਜੰਮੂ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਗੱਠਜੋੜ ਨੇ ਜਿੱਤ ਹਾਸਲ ਕੀਤੀ ਹੈ। ਇਸ ਗੱਠਜੋੜ ਵਿਚ ਸ਼ਾਮਲ ਨੈਸ਼ਨਲ ਕਾਨਫਰੰਸ (ਐਨਸੀ) ਨੂੰ ਸਭ ਤੋਂ ਵੱਧ 42 ਸੀਟਾਂ ਮਿਲੀਆਂ ਹਨ ਜਦਕਿ ਕਾਂਗਰਸ ਨੂੰ ਛੇ, ਪੀ.ਡੀ.ਪੀ. ਨੂੰ 3 ਤੇ ਸੀਪੀਆਈ (ਐਮ) ਅਤੇ ‘ਆਪ’ ਨੂੁੰ 1-1 ਸੀਟ ਮਿਲੀ ਹੈ। ਜਦ ਕਿ 8 ਆਜ਼ਾਦ ਅਤੇ ਹੋਰ ਜੇਤੂ ਰਹੇ ਹਨ। ਦੱਸਣਾ ਬਣਦਾ ਹੈ ਕਿ ਸਰਕਾਰ ਬਣਾਉਣ ਲਈ 46 ਸੀਟਾਂ ਦੀ ਜ਼ਰੂਰਤ ਹੈ। ਦੂਜੇ ਪਾਸੇ ਭਾਜਪਾ ਨੇ 29 ਸੀਟਾਂ ਜਿੱਤੀਆਂ ਹਨ। ਪਾਰਟੀ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਚਾਰ ਸੀਟਾਂ ਦਾ ਫਾਇਦਾ ਹੋਇਆ ਹੈ। ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਨੇ ਹਾਰ ਸਵੀਕਾਰ ਕਰਦਿਆਂ ਪਾਰਟੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੇ ਤਿੰਨ ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ 28 ਸੀਟਾਂ ਮਿਲੀਆਂ ਸਨ। ਜੰਮੂ -ਕਸ਼ਮੀਰ ਵਿਚ ਆਮ ਆਦਮੀ ਪਾਰਟੀ ਨੇ ਇਕ ਸੀਟ ਜਿੱਤ ਕੇ ਪਹਿਲੀ ਵਾਰ ਜਿੱਤ ਦਰਜ ਕਰਵਾਈ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਉਮਰ ਅਬਦੁੱਲਾ ਹੋਣਗੇ। ਉਮਰ ਨੇ ਦੋ ਸੀਟਾਂ ਬਡਗਾਮ ਤੇ ਗੰਦਰਬਲ ਵਿਚ ਜਿੱਤ ਹਾਸਲ ਕੀਤੀ ਹੈ।ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਫਾਰੂਕ ਨੇ ਕਿਹਾ, ‘‘ਉਮਰ ਅਬਦੁੱਲਾ ਮੁੱਖ ਮੰਤਰੀ ਹੋਣਗੇ।’’ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਚੋਣ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਜੰਮੂ-ਕਸ਼ਮੀਰ ਦੇ ਲੋਕ ਧਾਰਾ 370 ਨੂੰ ਰੱਦ ਕਰਨ ਦੇ ਵਿਰੁੱਧ ਸਨ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਅਪਣਾ ਫੈਸਲਾ ਦੇ ਦਿਤਾ ਹੈ ਅਤੇ ਸਾਬਤ ਕਰ ਦਿਤਾ ਹੈ ਕਿ 5 ਅਗੱਸਤ 2019 ਨੂੰ ਲਏ ਗਏ ਫੈਸਲੇ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ। ਉਨ੍ਹਾਂ ਕਿਹਾ, ‘‘ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਲੋਕਾਂ ਨੇ ਚੋਣਾਂ ’ਚ ਹਿੱਸਾ ਲਿਆ ਅਤੇ ਆਜ਼ਾਦੀ ਨਾਲ ਵੋਟ ਪਾਈ। ਮੈਂ ਨਤੀਜਿਆਂ ਲਈ ਰੱਬ ਦਾ ਸ਼ੁਕਰਗੁਜ਼ਾਰ ਹਾਂ।’’
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਨੂੰ ਲੋਕਾਂ ਦੀਆਂ ਤਕਲੀਫਾਂ ਨੂੰ ਖਤਮ ਕਰਨ ਲਈ ਬਹੁਤ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ, ‘‘ਸਾਨੂੰ ਬੇਰੁਜ਼ਗਾਰੀ ਨੂੰ ਖਤਮ ਕਰਨਾ ਹੈ ਅਤੇ ਮਹਿੰਗਾਈ ਅਤੇ ਨਸ਼ਿਆਂ ਦੀ ਸਮੱਸਿਆ ਵਰਗੇ ਮੁੱਦਿਆਂ ਦਾ ਹੱਲ ਕਰਨਾ ਹੈ।