ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਮੈਥ ਵਿਭਾਗ ਵੱਲੋਂ ‘ਡਾਟਾ ਅਨੈਲਸਿਸ ਯੂਜ਼ਿੰਗ ਆਰ ਲੈਂਗੁਉਏਜ਼’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਵਰਕਸ਼ਾਪ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫ਼ਾਇਨੈਂਸ਼ੀਅਲ ਸਟੱਡੀਜ਼ ਵਿਭਾਗ ਤੋਂ ਡਾ. ਬਲਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਅਨੈਲਸਿਸ ਦੀ ਮਹੱਤਤਾ ਅਤੇ ਲੋੜ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜਾਣਕਾਰੀ ਪ੍ਰਦਾਨ ਕੀਤੀ ਗਈ।
ਉਨ੍ਹਾਂ ਨੇ ਆਰ ਲੈਗੁਏਜ਼ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਇਸ ਸਾਫ਼ਟਵੇਅਰ ਨੂੰ ਸਿੱਖਣ ਪ੍ਰਤੀ ਆਪਣੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂਨੀਵਰਸਿਟੀ ਤੋਂ ਆਏ ਅਸਿਸਟੈਂਟ ਪ੍ਰੋ: ਗੁਰਪਾਲ ਸਿੰਘ ਨੇ ਵਿਸ਼ੇ ’ਤੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ, ਜਿਨ੍ਹਾਂ ਦਾ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਰਪੂਰ ਲਾਹਾ ਲਿਆ।
ਇਸ ਮੌਕੇ ਵਿਭਾਗ ਮੁੱਖੀ ਡਾ. ਰਾਜਿੰਦਰਪਾਲ ਕੌਰ ਨੇ ਪ੍ਰਿੰ: ਡਾ. ਮਹਿਲ ਸਿੰਘ ਦਾ ਅਜਿਹੇ ਪ੍ਰੋਗਰਾਮ ਨੂੰ ਉਲੀਕਣ ਲਈ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਮੌਕੇ ਆਰਗੇਨਾਈਜਰ ਸੈਕਟਰੀ ਦੀ ਭੂਮਿਕਾ ਡਾ. ਨਵਯੋਧ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
