ਵਾਸ਼ਿੰਗਟਨ – ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ (78) ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਉਹ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਅਗਲੇ ਸਾਲ 20 ਜਨਵਰੀ ਨੂੰ ਅਹੁਦੇ ਦਾ ਹਲਫ਼ ਲੈਣਗੇ।
ਟਰੰਪ ਦੀ ਜਿੱਤ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਵਾਪਸੀ ਮੰਨਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਪਹੁੰਚਣ ਲਈ ਦੋਵਾਂ ਉਮੀਦਵਾਰਾਂ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਸੀ ਤੇ ਟਰੰਪ ਨੇ ਪੰਜ ਸਵਿੰਗ ਸਟੇਟਾਂ ਵਿਚੋਂ ਇਕ ਵਿਸਕੌਨਸਿਨ ਦਾ ਚੋਣ ਮੈਦਾਨ ਫ਼ਤਹਿ ਕਰਕੇ ਜਾਦੂਈ ਅੰਕੜਾ ਹਾਸਲ ਕਰ ਲਿਆ। ਰਿਪਬਲਿਕਨ ਉਮੀਦਵਾਰ ਟਰੰਪ ਦੀ ਜਿੱਤ ਨੂੰ ਜ਼ੋਰਦਾਰ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ। ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਲੋੜੀਂਦੀਆਂ 270 ਇਲੈਕਟੋਰਲ ਕਾਲਜ ਵੋਟਾਂ ਦਾ ਅੰਕੜਾ ਪਾਰ ਕਰ ਲਿਆ। ਅਮਰੀਕਾ ਦੀਆਂ 538 ਸੀਟਾਂ ਵਿੱਚੋਂ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ 277 ਸੀਟਾਂ ਮਿਲੀਆਂ ਹਨ। ਬਹੁਮਤ ਲਈ 270 ਸੀਟਾਂ ਦੀ ਲੋੜ ਹੈ। ਇਸ ਦੇ ਨਾਲ ਹੀ ਕਮਲਾ ਹੈਰਿਸ ਦੀ ਪਾਰਟੀ ਨੇ 224 ਸੀਟਾਂ ਜਿੱਤੀਆਂ ਹਨ। ਦੋਨਾਂ ਵਿਚਾਲੇ ਸਿਰਫ 43 ਸੀਟਾਂ ਦਾ ਫਰਕ ਹੈ। ਹਾਲਾਂਕਿ ਬਾਕੀ ਸਾਰੇ 5 ਸੂਬਿਆਂ ‘ਚ ਟਰੰਪ ਅੱਗੇ ਚੱਲ ਰਹੇ ਹਨ। ਅਜਿਹੇ ‘ਚ ਸਖਤ ਟੱਕਰ ਦੇਣ ਦੇ ਬਾਵਜੂਦ ਕਮਲਾ ਚੋਣ ਹਾਰ ਗਏ ਹਨ। ਅਧਿਕਾਰਤ ਐਲਾਨ ਤੋਂ ਪਹਿਲਾਂ ਇੱਕ ਜੇਤੂ ਭਾਸ਼ਣ ਵਿੱਚ, ਉਸਨੇ “ਦੇਸ਼ ਨੂੰ ਪਹਿਲ ਦੇਣ” ਅਤੇ ਅਮਰੀਕਾ ਲਈ “ਸੁਨਹਿਰੀ ਯੁੱਗ” ਲਿਆਉਣ ਦੀ ਸਹੁੰ ਖਾਧੀ।
ਟਰੰਪ ਚਾਰ ਸਾਲ ਪਹਿਲਾਂ (2020 ’ਚ) ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਕੋਲੋਂ ਹਾਰ ਗਏ ਸਨ। ਉਧਰ, ਵੋਟਾਂ ਦੀ ਗਿਣਤੀ ਦੌਰਾਨ ਸਪਸ਼ਟ ਰੁਝਾਨਾਂ ਮਗਰੋਂ ਕਮਲਾ ਹੈਰਿਸ ਨੇ ਚੋਣ ਨਤੀਜੇ ਦੇਖਣ ਲਈ ਹਾਵਰਡ ਯੂਨੀਵਰਸਿਟੀ ਵਿਚ ਰੱਖੀ ਪਾਰਟੀ ਰੱਦ ਕਰ ਦਿੱਤੀ।
ਆਪਣੀਆਂ ਆਖਰੀ ਰੈਲੀਆਂ ‘ਚ ਦੋਵਾਂ ਉਮੀਦਵਾਰਾਂ ਨੇ ਦੇਸ਼ ਨੂੰ ਅੱਗੇ ਲਿਜਾਣ ਬਾਰੇ ਇੱਕ-ਦੂਜੇ ਦੇ ਉਲਟ ਨਜ਼ਰੀਏ ਨਾਲ ਪ੍ਰਚਾਰ ਕਰਕੇ ਆਪਣੀਆਂ ਮੁਹਿੰਮਾਂ ਖਤਮ ਕੀਤੀਆਂ। ਹੈਰਿਸ ਨੇ ਜਿੱਥੇ ਨਫਰਤ ਅਤੇ ਵੰਡ ‘ਤੇ ਕਾਬੂ ਪਾਉਣ ਅਤੇ ਨਵੀਂ ਸ਼ੁਰੂਆਤ ਕਰਨ ਦੇ ਨਜ਼ਰੀਏ ਦਾ ਸੱਦਾ ਦਿੱਤਾ ਉੱਥੇ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੇ ਸ਼ਾਸਨ ਤਹਿਤ ਹਨੇਰੇ ਭਵਿੱਖ ਦੀ ਚਿਤਾਵਨੀ ਦਿੱਤੀ। ਹੈਰਿਸ ਨੇ ਪੈਨਸਿਲਵੇਨੀਆ ‘ਚ ਆਪਣੀ ਪ੍ਰਚਾਰ ਮੁਹਿੰਮ ਖਤਮ ਕਰਦਿਆਂ ਕਿਹਾ, “ਅੱਜ ਅਸੀਂ ਆਸ਼ਾਵਾਦ, ਊਰਜਾ ਤੇ ਖੁਸ਼ੀ ਨਾਲ ਆਪਣਾ ਪ੍ਰਚਾਰ ਖਤਮ ਕਰਾਂਗੇ।” ਆਪਣੇ ਸਮਾਪਤੀ ਭਾਸ਼ਣ ‘ਚ ਟਰੰਪ ਨੇ ਕਿਹਾ, “ਅੱਜ ਤੁਹਾਨੂੰ ਤੇ ਸਾਰੇ ਅਮਰੀਕੀਆਂ ਲਈ ਮੇਰਾ ਸੁਨੇਹਾ ਬਹੁਤ ਸਰਲ ਹੈ।”
ਅਮਰੀਕਾ ਵਿਚ 50 ਸਟੇਟ ਹਨ। ਅਮਰੀਕਾ ਵਿਚ ਇਲੈਕਟੋਰਲ ਕਾਲਜ ਰਾਹੀਂ 538 ਇਲੈਕਟਰ ਚੁਣੇ ਜਾਂਦੇ ਹਨ। 50 ਸਟੇਟਾਂ ਵਿਚੋਂ 535 ਇਲੈਕਟਰ ਅਤੇ 3 ਇਲੈਕਟਰ 23ਵੀਂ ਸੋਧ ਰਾਹੀਂ ਆਉਂਦੇ ਹਨ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ 30 ਅਪਰੈਲ 1798 ਵਿਚ ਅਹੁਦਾ ਸੰਭਾਲਿਆ ਸੀ।
ਡੋਨਲਡ ਟਰੰਪ ਨੇ ਕਿਹਾ ਕਿ “ਅਮਰੀਕਾ ਨੇ ਸਾਨੂੰ ਇੱਕ ਬੇਮਿਸਾਲ ਅਤੇ ਸ਼ਕਤੀਸ਼ਾਲੀ ਫਤਵਾ ਦਿੱਤਾ ਹੈ ਅਤੇ ਅਸੀਂ ਅੱਜ ਰਾਤ ਅਜਿਹਾ ਕਰ ਕੇ ਇਤਿਹਾਸ ਰਚ ਦਿੱਤਾ,” ਉਨ੍ਹਾਂ ਬੁੱਧਵਾਰ ਸਵੇਰੇ ਪਾਮ ਬੀਚ ਕਾਉਂਟੀ ਕਨਵੈਨਸ਼ਨ ਸੈਂਟਰ ਵਿੱਚ ਸਮਰਥਕਾਂ ਦੀ ਗਰਜਦੀ ਭੀੜ ਨੂੰ ਕਿਹਾ, ਜਿਸ ਵਿੱਚ ਉਨ੍ਹਾਂ ਨਾਲ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਵਾਲੇ ਰਿਪਬਲਿਕਨ ਉਮੀਦਵਾਰ ਸੈਨੇਟਰ ਜੇਡੀ ਵੈਂਸ ਵੀ ਸ਼ਾਮਲ ਸਨ।
ਐਤਕੀਂ ਅਮਰੀਕੀ ਚੋਣਾਂ ਵਿਚ ਕੁਝ ਹੋਰ ਰੰਗ ਵੀ ਦੇਖਣ ਨੂੰ ਮਿਲਿਆ। ਮੁਕਾਬਲਾ ਬਹੁਤ ਫਸਵਾਂ ਸੀ ਅਤੇ ਦੋਵੇਂ ਧਿਰਾਂ ਵੋਟਾਂ ਆਪਣੇ ਹੱਕ ਵਿਚ ਭੁਗਤਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਸਨ। ਅਮਰੀਕੀ ਏਜੰਸੀਆਂ ਨੇ ਵੋਟਾਂ ਪੈਣ ਤੋਂ ਐਨ ਪਹਿਲਾਂ ਭੰਡੀ ਪ੍ਰਚਾਰ ਨਾਲ ਸਬੰਧਿਤ ਰੂਸ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਫੈਡਰਲ ਏਜੰਸੀਆਂ ਦੇ ਅਧਿਕਾਰੀਆਂ ਨੇ ਸਾਂਝੇ ਬਿਆਨ ‘ਚ ਰੂਸ ਹਮਾਇਤੀਆਂ ਦੇ ਲੇਖ ਦਾ ਜ਼ਿਕਰ ਕੀਤਾ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਚੋਣਾਂ ‘ਚ ‘ਸਵਿੰਗ’ਸਟੇਟਾਂ ਵਿੱਚ ਅਮਰੀਕੀ ਅਧਿਕਾਰੀ ਧੋਖਾਧੜੀ ਦੀ ਯੋਜਨਾ ਬਣਾ ਰਹੇ ਹਨ। ਇਸ ਲੇਖ ਨਾਲ ਵੀਡੀਓ ਵੀ ਸਾਂਝੀ ਕੀਤੀ ਗਈ। ਰੂਸੀ ਦੂਤਾਵਾਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਚੇਤੇ ਰਹੇ ਕਿ ਇਸ ਚੋਣ ਲਈ ਪਹਿਲਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਹੀ ਉਮੀਦਵਾਰ ਸਨ ਪਰ ਪਹਿਲੀ ਹੀ ਬਹਿਸ ਦੌਰਾਨ ਉਹ ਰਿਪਬਲਿਕਨ ਉਮੀਦਵਾਰ ਟਰੰਪ ਤੋਂ ਬਹੁਤ ਪਛੜ ਗਏ। ਇਸ ਦਾ ਅਸਰ ਚੋਣ ਮੁਹਿੰਮ ‘ਤੇ ਵੀ ਪਿਆ। ਇਸੇ ਕਰ ਕੇ ਡੈਮੋਕਰੈਟਿਕ ਪਾਰਟੀ ਨੇ ਤੁਰੰਤ ਐਕਸ਼ਨ ਲੈਂਦਿਆਂ ਜੋਅ ਬਾਇਡਨ ਨੂੰ ਲਾਂਭੇ ਕੀਤਾ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਐਲਾਨ ਦਿੱਤਾ। ਇਸ ਨਾਲ ਸਿਆਸੀ ਹਵਾ ਰਾਤੋ-ਰਾਤ ਬਦਲ ਗਈ। ਜਿਹੜੀ ਡੈਮੋਕਰੈਟਿਕ ਪਾਰਟੀ ਇਸ ਚੋਣ ਵਿਚ ਬੁਰੀ ਤਰ੍ਹਾਂ ਪਛੜ ਰਹੀ ਸੀ, ਉਹ ਮੁਕਾਬਲੇ ਵਿਚ ਆ ਗਈ। ਇਸ ਤੋਂ ਬਾਅਦ ਤਾਂ ਕਮਲਾ ਹੈਰਿਸ ਦਾ ਹੱਥ ਕਾਫੀ ਉਤਾਂਹ ਹੋ ਗਿਆ ਪਰ ਮਗਰਲੇ ਕੁਝ ਸਮੇਂ ਦੌਰਾਨ ਟਰੰਪ ਨੇ ਵੀ ਹੰਭਲਾ ਮਾਰਿਆ ਅਤੇ ਹੈਰਿਸ ਨਾਲ ਆਪਣਾ ਫਰਕ ਬਹੁਤ ਘਟਾ ਲਿਆ।