ਓਟਵਾ – ਹਿੰਸਕ ਪ੍ਰਦਰਸ਼ਨਾਂ ਦੇ ਖ਼ਦਸ਼ੇ ਕਾਰਨ ਬਰੈਂਪਟਨ ਤਿ੍ਰਵੇਣੀ ਮੰਦਰ ਅਤੇ ਕਮਿਊਨਿਟੀ ਸੈਂਟਰ ਨੇ ਇੱਕ ਲਾਈਫ਼ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਹੈ। ਇਹ ਸਮਾਗਮ ਇੱਕ ਕੌਂਸਲਰ ਕੈਂਪ ਵਿਚ 17 ਨਵੰਬਰ ਨੂੰ ਹੋਣਾ ਸੀ, ਜਿੱਥੇ ਭਾਰਤੀ ਮੂਲ ਦੇ ਵਿਅਕਤੀ ਜ਼ਰੂਰੀ ਜੀਵਨ ਸਰਟੀਫਿਕੇਟਾਂ ਦਾ ਨਵੀਨੀਕਰਨ ਕਰ ਸਕਦੇ ਹਨ।
ਮੰਦਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਕੌਂਸਲੇਟ ਵੱਲੋਂ 17 ਨਵੰਬਰ 2024 ਨੂੰ ਬਰੈਂਪਟਨ ਤਿ੍ਰਵੇਣੀ ਮੰਦਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਈਵੈਂਟ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪੀਲ ਰੀਜਨਲ ਪੁਲਿਸ ਦੀ ਅਧਿਕਾਰਤ ਖੁਫੀਆ ਜਾਣਕਾਰੀ ਮੁਤਾਬਕ ਹਿੰਸਕ ਵਿਰੋਧ ਪ੍ਰਦਰਸ਼ਨ ਹੋਣ ਦੇ ਖਦਸ਼ੇ ਕਾਰਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਮਿਊਨਿਟੀ ਮੈਂਬਰਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ, ‘‘ਅਸੀਂ ਸਾਰੇ ਭਾਈਚਾਰੇ ਦੇ ਮੈਂਬਰਾਂ ਤੋਂ ਮੁਆਫੀ ਮੰਗਦੇ ਹਾਂ ਜੋ ਇਸ ’ਤੇ ਨਿਰਭਰ ਸਨ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੈਨੇਡੀਅਨ ਹੁਣ ਕੈਨੇਡਾ ਵਿੱਚ ਹਿੰਦੂ ਮੰਦਰਾਂ ਵਿੱਚ ਆਉਣਾ ਅਸੁਰੱਖਿਅਤ ਮਹਿਸੂਸ ਕਰਦੇ ਹਨ।’’
ਮੰਦਰ ਪ੍ਰਸ਼ਾਸਨ ਨੇ ਹੋਰ ਕਿਹਾ,‘‘ਅਸੀਂ ਪੀਲ ਪੁਲਿਸ ਤੋਂ ਬਰੈਂਪਟਨ ਤਿ੍ਰਵੇਣੀ ਮੰਦਰ ਵਿਰੁੱਧ ਫੈਲਾਈਆਂ ਜਾ ਰਹੀਆਂ ਧਮਕੀਆਂ ਦਾ ਹੱਲ ਕਰਨ ਅਤੇ ਕੈਨੇਡੀਅਨ ਹਿੰਦੂ ਭਾਈਚਾਰੇ ਤੇ ਆਮ ਲੋਕਾਂ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਲਈ ਆਸਵੰਦ ਹਾਂ।’’