ਲੰਡਨ – ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣਾ ਸਮਰਥਨ ਦੁਹਰਾਇਆ ਹੈ। ਭਾਰਤ ਸਮੇਤ ਕਈ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਵਿਸਤਾਰ ਦੀ ਮੰਗ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੰਸਥਾ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਸੋਮਵਾਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਪਲੇਨਰੀ ਨੂੰ ਸੰਬੋਧਿਤ ਕਰਦੇ ਹੋਏ, ਜਨਰਲ ਅਸੈਂਬਲੀ ਵਿੱਚ ਬ੍ਰਿਟੇਨ ਦੇ ਰਾਜਦੂਤ ਆਰਚੀ ਯੰਗ ਨੇ ਸਤੰਬਰ ਵਿੱਚ ਯੂ.ਐੱਨ.ਜੀ.ਏ. (ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ) ਵਿੱਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਬਿਆਨ ਨੂੰ ਦੁਹਰਾਇਆ, ਜਿਸ ਵਿੱਚ ਉਨ੍ਹਾਂ ਨੇ ਵਿਸ਼ਵਵਿਆਪੀ ਬਹੁਪੱਖੀ ਪ੍ਰਣਾਲੀ ਨੂੰ ‘ਵਧੇਰੇ ਪ੍ਰਤੀਨਿਧੀ ਅਤੇ ਵਧੇਰੇ ਜਵਾਬਦੇਹ’ ਬਣਾਉਣ ਲਈ ਯੂ.ਐੱਨ.ਐੱਸ.ਸੀ. ਸੁਧਾਰਾਂ ਦੀ ਮੰਗ ਦੀ ਅਪੀਲ ਕੀਤੀ ਸੀ। ਯੰਗ ਨੇ ਕਿਹਾ ਕਿ ਬ੍ਰਿਟੇਨ ਚਾਹੁੰਦਾ ਹੈ ਕਿ ਭਾਰਤ,ਅਫਰੀਕਾ,ਬ੍ਰਾਜ਼ੀਲ,ਜਰਮਨੀ ਅਤੇ ਜਾਪਾਨ ਨੂੰ ਵੀ ਸਥਾਈ ਨੁਮਾਇੰਦਗੀ ਮਿਲੇ। ਉਨ੍ਹਾਂ ਕਿਹਾ, ‘ਬ੍ਰਿਟੇਨ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਚਾਰਟਰ ਦੇ ਪ੍ਰਤੀ ਸਮੂਹਿਕ, ਨਵੀਨੀਕਰਣ ਵਚਨਬੱਧਤਾ ਦੇ ਨਾਲ-ਨਾਲ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਉਸ ਨੂੰ ਮਜਬੂਤ ਬਣਾਏਗਾ ਤਾਂ ਜੋ ਇਹ ਵਿਸ਼ਵ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਰੀ ਰੱਖ ਸਕੇ। ਇਹੀ ਕਾਰਨ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੁਧਾਰਾਂ ਦੇ ਮਜ਼ਬੂਤ ਸਮਰਥਕ ਹਾਂ। ਅੱਜ ਦੀ ਦੁਨੀਆਂ ਨੂੰ ਬਿਹਤਰ ਢੰਗ ਨਾਲ ਦਰਸਾਉਣ ਲਈ ਕੌਂਸਲ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ।’’ ਯੰਗ ਨੇ ਕਿਹਾ, ‘ਅਸੀਂ ਸੁਰੱਖਿਆ ਕੌਂਸਲ ਦੀਆਂ ਸਥਾਈ ਅਤੇ ਗੈਰ-ਸਥਾਈ ਮੈਂਬਰ ਸ਼੍ਰੇਣੀਆਂ ਦੇ ਵਿਸਥਾਰ ਦਾ ਸਮਰਥਨ ਕਰਦੇ ਹਾਂ। ਅਸੀਂ ਸਥਾਈ ਅਫ਼ਰੀਕੀ ਨੁਮਾਇੰਦਗੀ ਅਤੇ ਬ੍ਰਾਜ਼ੀਲ,ਜਰਮਨੀ, ਭਾਰਤ ਅਤੇ ਜਾਪਾਨ ਲਈ ਸਥਾਈ ਸੀਟਾਂ ਚਾਹੁੰਦੇ ਹਾਂ।’