Punjab

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਸਮਾਗਮ ਦੌਰਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਨਾਲ ਸ: ਸੰਤੋਖ ਸਿੰਘ ਸੇਠੀ, ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ, ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ ਅਤੇ ਹੋਰ।

ਅੰਮ੍ਰਿਤਸਰ – ਲੜਕੀਆਂ ਉਦਾਸ ਮਨ ਦੀ ਬਜਾਏ ਅਗਾਂਹਵਧੂ ਸੋਚ ਨੂੰ ਅਪਨਾ ਕੇ ਆਪਣੇ ਮਿੱਥੇ ਟੀਚੇ ਲਈ ਕਾਰਜਸ਼ੀਲ ਹੁੰਦੇ ਹੋਏ ਆਪਣੀਆਂ ਪ੍ਰਤਿਭਾਵਾਂ ਨੂੰ ਨਿਖਾਰਨ। ਕਿਉਂਕਿ ਰੌਣ-ਧੋਣ ਨਾਲ ਇਨਸਾਨ ਵਿਚਲੀ ਕਾਬਲੀਅਤ ਨੂੰ ਖੋਰਾ ਲੱਗ ਜਾਂਦਾ ਹੈ। ਇਸ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ’ਚ ਹਿੱਸਾ ਬਣਨ, ਜਿਸ ਨਾਲ ਲੋਕ ਭਲਾਈ ਦੇ ਕਾਰਜਾਂ ਦੇ ਨਾਲ ਸਮਾਜ ਨੂੰ ਸੇਧ ਦੇ ਸਕਣ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।

ਉਨ੍ਹਾਂ ਆਪਣੇ ਸੰਬੋਧਨ ’ਚ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਔਰਤਾਂ ਦੇਸ਼ ਅਤੇ ਸਮਾਜ ਦਾ ਭਵਿੱਖ ਹਨ, ਜਿਸ ਲਈ ਉਨ੍ਹਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਸ: ਛੀਨਾ ਨੇ ਦੇਸ਼-ਸਮਾਜ ਲਈ ਸੇਧ ਬਣੀਆਂ ਮਹਾਨ ਔਰਤਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਧੀਆਂ ਕਿਸੇ ਵੀ ਖੇਤਰ ’ਚ ਆਪਣੀ ਕਾਬਲੀਅਤ ਨੂੰ ਉਭਾਰਣ ਲਈ ਕਮਜ਼ੋਰ ਨਹੀਂ ਹਨ। ਸਿਰਫ਼ ਇਕ ਝਿੱਜਕਪਨ ਹੀ ਕੁਝ ਲੜਕੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਲਈ ਅੜ੍ਹਚਨ ਬਣ ਜਾਂਦਾ ਹੈ।

ਇਸ ਮੌਕੇ ਸ: ਛੀਨਾ ਨੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ ਕੀਤੀ ਗਈ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਸਮੂੰਹ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਬੱਚਿਆਂ ਨੇ ਜੋ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ ਉਹ ਬਹੁਤ ਕਾਬਿਲੇ ਤਾਰੀਫ਼ ਸੀ ਪਰ ਮੰਚ ’ਤੇ ਜੋ ਰਿਕਾਰਡ ਕੀਤੇ ਗਏ ਗਾਣਿਆਂ ’ਤੇ ਡਾਂਸ ਦਾ ਰੁਝਾਨ ਹੈ, ਉਹ ਉਚਿੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਚੰਗਾ ਹੋਵੇ ਜੇਕਰ ਸਬੰਧਿਤ ਸਟਾਫ਼ ਵਿਦਿਆਰਥੀਆਂ ਨੂੰ ਡਾਂਸ ਦੇ ਨਾਲ ਗਾਣਾ ਵੀ ਖ਼ੁਦ ਗਾਉਣ ਦਾ ਅਭਿਆਸ ਕਰਵਾਉਣ, ਕਿਉਂਕਿ ਇਸ ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਚਾਰ-ਚੰਨ ਲੱਗ ਜਾਵੇਗਾ।

ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਗਿੱਲ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਪ੍ਰਿੰ: ਗਿੱਲ ਨੇ ਸਾਲਾਨਾ ਗਤੀਵਿਧੀਆਂ ਦੀ ਰਿਪੋਰਟ ਪੜ੍ਹਦਿਆਂ ਸਕੂਲ ਦੀ ਕਾਰਗੁਜ਼ਾਰੀਆਂ ਸਬੰਧੀ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਹਰੇਕ ਗਤੀਵਿਧੀ ’ਚ ਨਿਪੁੰਨ ਬਣ ਕੇ ਸਮਾਜ ਭਲਾਈ ਦੇ ਕਾਰਜਾਂ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਹਾਜ਼ਰੀਨ ਤੋਂ ਵਾਹ-ਵਾਹ ਖੱਟੀ। ਇਸ ਸਮਾਗਮ ਮੌਕੇ ਸ: ਛੀਨਾ ਨੇ ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਪ੍ਰਿੰ: ਗਿੱਲ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਕਿਰਿਆਤਮਕ ਗਤੀਵਿਧੀਆਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਇਸ ਮੌਕੇ ਵਾਈਸ-ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰ ਕੌਰ ਮਾਹਲ ਨੇ ਆਏ ਮਹਿਮਾਨਾਂ ਅਤੇ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੁਆਇੰਟ ਸਕੱਤਰ ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਸ: ਕੁਲਦੀਪ ਸਿੰਘ ਗਿੱਲ, ਸ੍ਰੀਮਤੀ ਤਜਿੰਦਰ ਕੌਰ ਛੀਨਾ, ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਪ੍ਰਿੰਸੀਪਲ ਸ੍ਰ.ਅਮਰਜੀਤ ਸਿੰਘ ਗਿੱਲ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor