Articles

ਬੁਲਡੋਜ਼ਰ ਨਿਆਂ: “ਲ਼ੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ … ਮੇਂ “?

ਪ੍ਰਯਾਗਰਾਜ ਦੇ ਵਿੱਚ ਵਕਫ਼ ਬੋਰਡ ਦੀ ਜ਼ਮੀਨ 'ਤੇ ਕਥਿਤ ਨਾਜਾਇਜ਼ ਤੌਰ 'ਤੇ ਬਣੇ ਘਰ ਨੂੰ ਢਾਹੁੰਦਾ ਹੋਇਆ ਬੁਲਡੋਜ਼ਰ। (ਫੋਟੋ: ਏ ਐਨ ਆਈ)
ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

13 ਨਵੰਬਰ ਨੂੰ ਸੁਪਰੀਮ ਕੋਰਟ ਨੇ ‘ਬੁਲਡੋਜ਼ਰ ਨਿਆਂ’ ਤੇ ਵਿਰਾਮ ਲਗਾਉਂਦਿਆਂ ਘਰ ਦੀ ਮਹੱਤਤਾ ਬਾਰੇ ਬਾ-ਕਮਾਲ ਟਿੱਪਣੀ ਕੀਤੀ। ਵੈਸੇ ਤਾਂ ਦੋ-ਮੈਂਬਰੀ ਬੈਂਚ ਦਾ ਸਾਰਾ ਫੈਸਲਾ ਹੀ ਕਮਾਲ ਦਾ ਹੈ ਪਰ ਅਸੀਂ ਇਥੇ ਕੇਵਲ ‘ਘਰ’ ਸਬੰਧੀ ਕੀਤੀ ਗਈ ਗੱਲ ਅਤੇ ਘਰ-ਪਰਿਵਾਰ ਦੀ ਹੀ ਗੱਲ ਕਰਾਂਗੇ।

ਘਰ ਦੀ ਅਹਿਮੀਅਤ ਦਰਸਾਉਣ ਲਈ ਜਸਟਿਸ ਵੀ.ਆਰ. ਗਵਈ ਨੇ ਆਪਣੇ ਫੈਸਲੇ ਦੀ ਸ਼ੁਰੂਆਤ ਮਸ਼ਹੂਰ ਹਿੰਦੀ ਕਵੀ ਪ੍ਰਦੀਪ ਦੀਆਂ ਸਤਰਾਂ ਨਾਲ ਕੀਤੀ:-

“ਅਪਨਾ ਘਰ ਹੋ, ਅਪਨਾ ਆਂਗਨ ਹੋ,

ਇਸ ਖਵਾਬ ਮੇਂ ਹਰ ਕੋਈ ਜੀਤਾ ਹੈ।

ਇਨਸਾਨ ਕੇ ਦਿਲ ਕੀ ਯੇ ਚਾਹਤ ਹੈ

ਕਿ ਏਕ ਘਰ ਕਾ ਸਪਨਾ ਕਭੀ ਨਾ ਛੂਟੇ”।

ਸਿਖਰਲੀ ਅਦਾਲਤ ਦੇ ਇਸ ਬੈਂਚ, ਜਿਸ ਵਿਚ ਜਸਟਿਸ ਕੇ.ਵੀ.ਵਿਸ਼ਵਨਾਥਨ ਵੀ ਸ਼ਾਮਲ ਸਨ, ਨੇ ਘਰ ਬਾਰੇ ਇੱਕ ਹੋਰ ਬੜੀ ਹੀ ਅਰਥਭਰਪੂਰ ਟਿੱਪਣੀ ਕੀਤੀ-“ਘਰ ਇੱਕ ਪਰਿਵਾਰ ਦੁਆਰਾ ਸੁਰੱਖਿਅਤ ਭਵਿੱਖ ਲਈ ਸਮੂਹਿਕ ਉਮੀਦ ਦਾ ਸਾਕਾਰ ਰੂਪ ਹੈ”।

ਬੈਂਚ ਨੇ ਬੁਲਡੋਜ਼ਰ ਐਕਸ਼ਨਾਂ ਰਾਹੀਂ ਢਾਏ ਗਏ ਘਰਾਂ ਬਾਰੇ ਕਿਹਾ ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਰਾਤੋ-ਰਾਤ ਘਰਾਂ ‘ਚੋਂ ਬਾਹਰ ਗਲੀਆਂ ਵਿਚ ਘਸੀਟ ਸੁਟਣਾ ਦਿਲ ਦਹਿਲਾਉਣ ਵਾਲਾ ਦ੍ਰਿਸ਼ ਪੇਸ਼ ਕਰਦੈ…ਅਧਿਕਾਰੀਆਂ ਉੱਪਰ ਕੋਈ ਅਸਮਾਨ ਨਹੀਂ ਡਿਗਣ ਲੱਗਾ ਜੇ ਉਹ ਅਜਿਹੇ ਐਕਸ਼ਨ ਨੂੰ ਕੁਝ ਸਮੇਂ ਲਈ ਰੋਕ ਲੈਣ…ਅਧਿਕਾਰੀ ਜੱਜਾਂ ਵਾਂਗ ਫੈਸਲੇ ਲੈ ਕੇ ਨਾਗਰਿਕਾਂ ਨੂੰ ਸਜ਼ਾਵਾਂ ਨਹੀਂ ਦੇ ਸਕਦੇ…ਜੇ ਕਾਰਜਪਾਲਿਕ ਅਧਿਕਾਰੀ ਜੱਜਾਂ ਵਾਂਗ ਕੰਮ ਕਰਦੇ ਹਨ ਅਤੇ ਕਿਸੇ ਨਾਗਰਿਕ ਨੂੰ ਇਸ ਆਧਾਰ ‘ਤੇ ਮਕਾਨ ਢਾਹੁਣ ਦੀ ਸਜ਼ਾ ਦਿੰਦੇ ਹਨ ਕਿ ਉਹ ਮੁਲਜ਼ਮ ਹੈ ਤਾਂ ਇਹ ਸ਼ਕਤੀਆਂ ਦੇ ਵੰਡ ਦੇ ਸਿਧਾਂਤ ਦੀ ਉਲੰਘਣਾ ਹੈ”।

ਬੈਂਚ ਦੀਆਂ ‘ਬੁਲਡੋਜ਼ਰ ਨਿਆਂ’ ਉਪਰ ਸਖਤ ਟਿੱਪਣੀਆਂ ਨੇ ਜਿਥੇ ਭਾਜਪਾ ਦੇ ਬੁਲਡੋਜ਼ਰੀਆਂ ਦੀ ਖੁੰਬ ਠੱਪੀ ਹੈ, ਉਥੇ ਇਸ ਨੇ ਬੁਲਡੋਜ਼ਰ ਜਬਰ ਦੇ ਸ਼ਿਕਾਰ ਲੋਕਾਂ ਦੀ ਖੈਰਖਵਾਈ ਵੀ ਕੀਤੀ ਹੈ।

ਖੈਰ, ਅਸੀਂ ਗੱਲ ਤਾਂ ਘਰ ਦੀ ਕਰਨੀ ਹੈ।

ਜਸਟਿਸ ਵੀ.ਆਰ ਗਵਈ ਵਲੋਂ ਕਵੀ ਪ੍ਰਦੀਪ ਦੀਆਂ ਸਤਰਾਂ ਕੋਟ ਕੀਤੇ ਜਾਣ ਕਾਰਨ ਸਾਨੂੰ ਸ਼ਾਇਰ ਡਾ.ਬਸ਼ੀਰ ਬਦਰ ਦਾ ਸ਼ੇਅਰ ਚੇਤੇ ਆ ਗਿਆ-

“ਲ਼ੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ?

(ਬਸ਼ੀਰ ਬਦਰ ਜੇ ਇਹ ਸ਼ੇਅਰ ਹੁਣ ਲਿਖਦਾ ਤਾਂ ਸ਼ਾਇਦ ਕਹਿੰਦਾ-‘ਤੁਮ ਤਰਸ ਨਹੀਂ ਖਾਤੇ ਬੁਲਡੋਜ਼ਰ ਚਲਾਨੇ ਮੇਂ’)

ਰੋਟੀ, ਕੱਪੜਾ ਅਤੇ ਮਕਾਨ ਪ੍ਰਾਣੀ ਦੀਆਂ ਮੁੱਖ ਲੋੜਾਂ ਹਨ। ਇਹਨਾਂ ਨੂੰ ਕੁੱਲੀ,ਗੱੁਲੀ ਅਤੇ ਜੁੱਲੀ ਵੀ ਕਿਹਾ ਜਾਂਦੈ। ਸਿਰ ‘ਤੇ ਛੱਤ ਤਾਂ ਹਰ ਕੋਈ ਭਾਲਦੈ। ਪ੍ਰਾਣੀ ਹੀ ਨਹੀਂ, ਪੰਖ-ਪੰਖੇਰੂ ਵੀ ਰਹਿਣ ‘ਤੇ ਘਰ-ਪਰਿਵਾਰ ਵਸਾਉਣ ਲਈ ਆਲ੍ਹਣੇ ਬਣਾਉਂਦੇ ਹਨ। ਪਸ਼ੂਆਂ, ਡੰਗਰ-ਵੱਛੇ ਲਈ ਵੀ ਢਾਰੇ/ਸ਼ੈਲਟਰਾਂ ਚਾਹੀਦੀਆਂ ਹਨ, ਘੁਰਨਿਆਂ ਵਿਚ ਰਹਿਣ ਵਾਲਿਆਂ ਨੂੰ ਘੁਰਨੇ ਅਤੇ ਗੁਫਾਫਾਂ ‘ਚ ਰਹਿਣ ਵਾਲਿਆਂ ਨੂੰ ਗੁਫਾਫਾਂ ਲੋੜੀਂਦੀਆਂ ਹਨ। ਗੱਲ ਕੀ,ਭਾਵੇ ਕੱਖਾਂ ਦੀ ਕੁੱਲੀ ਹੋਵੇ ਜਾਂ ਛੱਪਰ,ਘਰ ਤਾਂ ਘਰ ਹੀ ਹੁੰਦੈ! ਇਹ ਇੱਕ ਸਰਵ-ਵਿਆਪੀ ਲੋੜ ਹੈ। ਮਹਿਲ-ਮਾੜੀਆਂ, ਮਮਟੀਆਂ-ਮੀਨਾਰ, ਅੰਬਰ-ਛੂੰਹਦੀਆਂ ਇਮਾਰਤਾਂ ਵਿਚ ਕਮਰੇ ਤਾਂ ਅਨੇਕਾਂ ਹੁੰਦੇ ਹਨ, ਸ਼ਾਇਦ ਘਰ ਇੱਕ ਵੀ ਨਾ ਹੋਵੇ!

ਇੱਟਾਂ-ਗਾਰਿਆਂ ਨਾਲ ਇਮਾਰਤਾਂ ਬਣਦੀਆਂ ਹਨ; ਟੱਬਰਾਂ-ਟੀਹਰਾਂ ਨਾਲ ਘਰ ਅਤੇ ਪ੍ਰਭ-ਚਰਨਾਂ ਦੀ ਛੋਹ ਨਾਲ ‘ਥਾਨ-ਸੁਹਾਵੇ’ ਬਣਦੇ ਹਨ! ਕਮਰੇ, ਘਰ ਨਹੀਂ ਹੁੰਦੇ; ਹਾਂ,ਘਰਾਂ ‘ਚ ਕਮਰੇ ਹੁੰਦੇ ਹਨ! ਘਰ ਪਰਿਵਾਰ ਦੇ ਪਿਆਰ ਅਤੇ ਨਿੱਘ ਦਾ ਨਿਵਾਸ-ਅਸਥਾਨ ਹੈ। ਇਸ ਵਿਚ ਦਿਲ ਤਾਂ ਧੜਕਦਾ ਹੀ ਹੈ ਪਰ ਆਤਮਾ ਵੀ ਵਸਦੀ ਹੈ! ਅੰਗਰੇਜ਼ੀ ਵਾਲੇ ਕਹਿੰਦੇ ਹਨ ਕਿ ਜਿਥੇ ਦਿਲ ਉਥੇ ਘਰ (ਹੋਮ ਇਜ਼ ਵੇਅਰ ਦ ਹਾਰਟ ਇਜ਼) ਪਰ ਦਿਲ ਵੀ Eਥੇ ਈ ਰਾਜ਼ੀ ਰਹਿੰਦੈ ਜਿਥੇ ਪ੍ਰੇਮ-ਪਿਆਰ ਦਾ ਨਿੱਘ ਹੋਵੇ!

ਮਕਾਨ ਅਤੇ ਘਰ ਵਿਚ ਫਰਕ ਹੀ ਇਹ ਹੈ ਕਿ ਘਰ ‘ਚ ਸੁਖ, ਨਿੱਘ ਅਤੇ ਆਪਣਾਪਨ ਹੁੰਦੈ, ’ਸੈਂਸ ਆਫ ਬਿਲੋਂਗਿੰਗ’ ਜਦ ਕਿ ਮਕਾਨ ਜਾਂ ਕਮਰਾ ਤਾਂ ਕੋਈ ਵੀ ਹੋ ਸਕਦੈ। ਹਾਂ, ਕਈ ਲੋਕ ਘਰ ਨੂੰ ਵੀ ਮਕਾਨ ਕਰ ਛੱਡਦੇ ਹਨ ਅਤੇ ਕੁੱਝ ਮਕਾਨ ਨੂੰ ਵੀ ਘਰ! ’ਦਿ ਬਰਿਟੇਨਿਕਾ ਡਿਕਸ਼ਨਰੀ’ ਅਨੁਸਾਰ ਮਕਾਨ ਅਤੇ ਘਰ ਵਿਚ ਮੁੱਖ ਫਰਕ ਇਹ ਹੈ ਕਿ ਪਹਿਲਾ ਕੰਕਰੀਟ ਦਾ ਢਾਂਚਾ ਹੈ ਜਦ ਕਿ ਦੂਜੇ ‘ਚ ਆਪਣੇਪਨ ਅਤੇ ਆਰਾਮਦਾਇਕਤਾ ਦਾ ਅਨੁਭਵ ਹੁੰਦੈ! ਬੇਸ਼ਕ ਦੋਵੇਂ ਬਣੇ ਲੋਕਾਂ ਦੇ ਰਹਿਣ ਲਈ ਹੀ ਹਨ। ਦਫਤਰਾਂ/ਫੈਕਟਰੀਆਂ ਵਿੱਚ ਵੀ ਤਾਂ ਲੋਕ ਹੀ ਕੰਮ ਕਰਦੇ ਹਨ ਪਰ ਉਹ ਘਰ ਥੋੜੀ ਹੁੰਦੇ ਹਨ।

ਪੋਲੀ ਐਡਲਰ ਦੀ 1953 ਦੀ ਕਿਤਾਬ ਦਾ ਨਾਮ ਹੀ ਹੈ-‘ਏ ਹਾਊਸ ਇਜ਼ ਨਾਟ ਏ ਹੋਮ’ (ਮਕਾਨ ਘਰ ਨਹੀਂ ਹੁੰਦਾ)। ਅੰਗਰੇਜ਼ੀ ਵਿਚ ਇਹ ਵੀ ਕਿਹਾ ਜਾਂਦੈ ਕਿ ਘਰ ਮੋਹ-ਮੁਹੱਬਤ ਦਾ ਸਥਿਰ ਸਥਾਨ ਹੈ!

ਦਰਅਸਲ ਪ੍ਰਾਚੀਨ ਯੂਨਾਨ ਵਿਚ ਘਰ ਲਈ ਵਰਤੇ ਜਾਂਦੇ ਸ਼ਬਦ ‘ਅੋਇਕੋਸ’ ਦਾ ਅਰਥ ਸਿਰਫ ਇਕ ਢਾਂਚਾਗਤ ਇਮਾਰਤ ਤੋਂ ਨਹੀਂ ਸੀ ਸਗੋਂ ਇੱਕ ਪਰਿਵਾਰਕ ਇਕਾਈ, ਕੁਟੰਬ ਜਾਂ ਜਨਮ-ਅਸਥਾਨ ਦੇ ਸੰਕਲਪ ਤੋਂ ਸੀ। ਯੂਨਾਨੀ ਸ਼ਬਦ ‘ਕੋਮੀ’ ਦਾ ਅਰਥ ਪਿੰਡ ਹੈ, ਭਾਵ ਉਹ ਥਾਂ ਜਿਥੇ ਲੋਕਾਂ ਦਾ ਸਮੂਹ ਵਸਦੈ।

ਸ਼ਬਦ ਵਿਗਿਆਨ, ਅੰਗਰੇਜ਼ੀ ਸ਼ਬਦਕੋਸ਼ਾਂ ਅਤੇ ਹੋਰ ਸਰੋਤਾਂ ਅਨੁਸਾਰ ‘ਹੋਮ’ ਸ਼ਬਦ ਪੁਰਾਤਨ ਅੰਗਰੇਜ਼ੀ ਦੇ ‘ਹੈਮ’, ਜਿਸ ਦਾ ਸਬੰਧ ਓਲਡ ਨੌਰਸ ਦੇ ‘ਹੇਮਰ/ਹੇਮਤਾ’ ਅਤੇ ਪਰੋਟੋ-ਜਰਮੈਨਿਕ ਦੇ ’ਖੇਮ/ਹੈਮਤਜਨਨ’ ਨਾਲ ਹੈ, ਤੋਂ ਉਤਪੰਨ ਹੋਇਆ ਹੈ। ਪੁਰਾਤਨ ਅੰਗਰੇਜ਼ੀ ਦੇ ਸ਼ਬਦ ਦਾ ਅਰਥ ਪਹਿਲਾਂ ਇਕ ਅਜਿਹੇ ਪਿੰਡ ਜਾਂ ਐਸਟੇਟ ਕੀਤਾ ਗਿਆ ਹੈ ਜਿਥੇ ਅਨੇਕਾਂ ਪਿਆਰ-ਪਰੁੱਚੀਆਂ ਆਤਮਾਵਾਂ ਵਸਦੀਆਂ ਹੋਣ। ਓਲਡ ਨੌਰਸ ਅਤੇ ਪਰੋਟੋ-ਜਰਮੈਨਿਕ ਸ਼ਬਦਾਂ ਦਾ ਵੀ ਅਰਥ ‘ਘਰ ਲਿਆਉਣਾ’ ਜਾਂ ‘ਘਰ ਜਾਣਾ’ ਹੈ। ਉਹਨਾਂ ਵੇਲਿਆਂ ਵਿਚ ਇਹ ਅਰਥ ‘ਹਾਊਸ’ ਤੋਂ ਵੱਖਰੇ ਸਨ (ਜੋ ਹੁਣ ਵੀ ਹਨ)।

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਘਰ ਦੇ ਵੱਖ-ਵੱਖ 12 ਅਰਥ ਕੀਤੇ ਗਏ ਹਨ। ਪਹਿਲਾ ਅਰਥ ਗ੍ਰਿਹ. ਨਿਵਾਸ ਦਾ ਥਾਂ- “ਘਰ ਮਹਿ ਸੂਖ ਬਾਹਰਿ ਫੁਨਿ ਸੂਖਾ॥ (ਸ.ਗ.ਗ.ਸ.ਅੰਗ-385। ਦੇਹ, ਸ਼ਾਸਤ੍ਰ, ਰੁਤਬਾ, ਸੁਰ, ਤਾਲ, ਮਨ, ਦਿਲ, ਅੰਤਹਕਰਣ, ਕੁਲ, ਵੰਸ਼, ਖਾਨਦਾਨ, ਘਰਵਾਲੀ ਆਦਿ ਹੋਰ ਅਰਥ ਹਨ। ਘਰਵਾਲੀ ਨਾਲ ਸਬੰਧਤ ਹੋਰ ਸਬਦਾਂ/ਵਾਕ-ਅੰਸ਼ਾਂ ਦਾ ਵੀ ਜ਼ਿਕਰ ਹੈ-ਘਰ ਕੀ ਗੀਹਨਿ, ਘਰ ਕੀ ਨਾਰਿ ਆਦਿ ਗੁਰਬਾਣੀ ਦੀਆਂ ਟੂਕਾਂ ਸਮੇਤ ਵਰਨਣ ਕੀਤੇ ਗਏ ਹਨ। ਉਦਾਹਰਣ ਵਜੋਂ-‘ਘਰ ਕੀ ਗੀਹਨਿ ਚੰਗੀ…’ ਅਤੇ ‘ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ’ (ਅੰਗ-695 ਅਤੇ 634)

ਗੁਰਬਾਣੀ ਵਿਚ ਘਰਬਾਰ ਵਾਰੇ ਹੋਰ ਵੀ ਅਨੇਕਾਂ ਟੂਕਾਂ ਹਨ ਪਰ ਇਥੇ ਇੱਕ-ਦੋ ਪੇਸ਼ ਹਨ:-
-‘ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ’॥(ਅੰਗ-677)
-‘ਘਰਿ ਬਾਹਰਿ ਤੇਰੈ ਸਦ ਸੰਗਿ’॥ (ਅੰਗ-177)

ਘਰ ਨਾਲ ਅਨੇਕਾਂ ਅਖਾਣ/ਮੁਹਾਵਰੇ ਜੁੜੇ ਹਨ। ਕੁਝ ਪੇਸ਼ ਹਨ:-
ਘਰੋਂ ਜਾਈਏ ਖਾ ਕੇ, ਬਾਹਰੋਂ ਮਿਲਣ ਪਕਾ ਕੇ; ਘਰ ਦੁਧ ਤੇ ਬਾਹਰ ਦਹੀਂ, ਘਰ ਨਹੀਂ ਤੇ ਬਾਹਰ ਵੀ ਨਹੀਂ; ਆਪਣਾ ਘਰ ਸਾਂਭ ਕੇ ਰਖੀਏ, ਚੋਰ ਨਾ ਕਿਸੇ ਨੂੰ ਆਖੀਏ; ਘਰ ਪਾਟਾ ਰਿਜ਼ਕ ਦਾ ਘਾਟਾ, ਘਰ ਫੂਕ ਤਮਾਸ਼ਾ ਦੇਖਣਾ, ਘਰ ਪਕਦੀਆਂ ਦੇ ਸਾਕ, ਘਰ ਖਾਣ ਨੂੰ ਨਹੀਂ ਤੇ ਅੰਮਾਂ ਪੀਹਣ ਗਈ ਆ, ਘਰ ਦੇ ਮਾਹਣੂ ਭੁੱਖੇ ਮਰਦੇ ਬਾਹਰ ਸਦਕਾ ਵੰਡੀਏ, ਘਰ ਦੀ ਮੁਰਗੀ ਦਾਲ ਬਰਾਬਰ, ਜੋ ਸੁਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ; ਘਰ ਆਏ ਪ੍ਰਾਹੁਣੇ ਗਈ ਗੜੌਂਦੇ ਖਾਣ, ਆਪਣਾ ਘਰ ਚਾਹੇ ਹਗ ਹਗ ਭਰ, ਘਰ ਹੋਵੇ ਵਸਣ ਨੂੰ ਮਰਦ ਹੋਵੇ ਹਸਣ ਨੂੰ, ਘਰ ਘੋੜਾ ਨਿਖਾਸ ਮੁਲ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿਧ; ਘਰ ਦੇ ਜੰਮਿਆਂ ਦੇ ਦੰਦ ਨਹੀਂ ਗਿਣੀਦੇ, ਘਰ ਦੀ ਸ਼ਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ, ਘਰ ਦਾ ਭੇਤੀ ਲੰਕਾ ਢਾਏ, ਘਰ ਵਾਲਾ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਘਰ ਘਰਵਾਲੀ ਨਾਲ, ਘਰ ਕਰ ਜਾਣਾ, ਘਰ ਦਾ ਬਾਨਣੂੰ ਬੰਨਣਾ, ਘਰ ਸਿਰ ‘ਤੇ ਚੁਕਣਾ, ਘਰ ਭੰਨਣਾ ਆਦਿ।

1951 ਦੀ ਰਾਜ ਕਪੂਰ-ਨਰਗਿਸ ਦੀ ਹਿੰਦੀ ਫਿਲਮ ‘ਅਵਾਰਾ’ ਦਾ ਬੜਾ ਖੂਬਸੂਰਤ ਗੀਤ ਹੈ-
‘ਘਰ ਆਇਆ ਮੇਰਾ ਪਰਦੇਸੀ
ਪਿਆਸ ਮੁਝੀ ਮੇਰੀ ਅਖੀਅਨ ਕੀ’!

ਪਿਆਰਾ ਪਰਦੇਸ ਹੋਵੇ ਤਾਂ ਘਰ ਵੀ ਖਾਣ ਨੂੰ ਪੈਂਦੈ। ਇਸ ਲਈ ਤਾਂ ਇਹ ਪੁਕਾਰ ਕੀਤੀ ਜਾਂਦੀ ਹੈ-

‘ਕੋਇਲਾਂ ਕੂਕਦੀਆਂ
ਪਰਦੇਸੀਆ ਘਰ ਆ!

ਮਾਡਰਨ ਜ਼ਮਾਨਾ ਐਪਾਰਟਮੈਂਟਾਂ, ਬੇਸਮੈਂਟਾਂ, ਕਮਰਿਆਂ ਨੂੰ ਘਰ ਬਨਾਉਣ ਦਾ ਹੈ। ਮਜਬੂਰੀ, ਮਰਜ਼ੀ ਤਾਂ ਨਹੀਂ ਹੁੰਦੀ, ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਪਰ ਅਜੋਕੇ ਸਮੇਂ ‘ਚ ਮਜਬੂਰੀ ਹੀ ਮਰਜ਼ੀ ਬਣ ਗਈ ਹੈ। ਬਹੁ-ਮੰਜ਼ਲੀਆਂ ਕੰਕਰੀਟਾਂ/ਪੱਥਰਾਂ ਦੇ ਜੰਗਲ ਵਸ ਗਏ ਹਨ, ਅੰਦਰ ਉਜਾੜ-ਬੀਆਬਾਨ ਹਨ, ਸੂਰਜ/ਧੁੱਪ, ਕੁਦਰਤੀ ਰੌਸ਼ਨੀ ਦੇਖਣ ਲਈ ਤਰਸਦੇ ਮਸ਼ੀਨਾ ਬਣੇ ਬੰਦੇ! ਕੰਮ, ਕੰਮ ਬਸ ਕੰਮ। ਪੈਸਾ, ਪੈਸਾ ਬਸ ਹੋਰ ਪੈਸਾ!

ਪਹਿਲਾਂ ਘਰ ਕੱਚੇ ਸਨ ਪਰ ਪਿਆਰ ਪੱਕੇ ਸਨ, ਹੁਣ ਘਰ ਪੱਕੇ (ਮਹਿਲਨੁਮਾ) ਹਨ ਪਰ ਮੋਹ-ਮੁਹੱਬਤ ਕੱਚੇ ਵੀ ਨਹੀਂ! ਆਪਣੀਆਂ ਹੀ ਸਤਰਾਂ ਹਨ-
“ਅਸੀਂ ਕੱਚਿਆਂ ਘਰਾਂ ਦੇ ਜਾਏ
ਪੱਕੀਆਂ ਪ੍ਰੀਤਾਂ ਵਾਲੜੇ!

ਉਪਰ ਵੀ ਲਿਖਿਆ ਹੈ ਕਿ ਘਰ ਉਹ ਜਿਥੇ ਦਿਲ ਹੋਵੇ। ਇਸ ਵਿਚ ਇਕ ਗੱਲ ਹੋਰ ਜੋੜਦਾ ਹਾਂ-ਘਰ ਉਹ ਜਿਸ ਵਿਚ ਦਿਲਵਾਲੇ ਵੀ ਹੋਣ!

ਅੰਗਰੇਜ਼ੀ ਦੇ ਮਸ਼ਹੂਰ ਕਵੀ ਲੌਰਡ ਬਾਇਰਨ (1788-1824) ਦੀ ਪ੍ਰਸਿੱਧ ਕਵਿਤਾ ‘ਡਾਨ ਜੁਆਨ’, ਜੋ ਉਸ ਨੇ 1819-24 ਦੇ ਸਾਲਾਂ ‘ਚ ਲਿਖੀ ਸੀ, ਵਿਚ ਇਹ ਰੁਮਾਂਟਿਕ ਚੋਭਕਾਰ ਕਵੀ ਘਰ ਵਿਚ ਪ੍ਰੇਮ ਦੀ ਮਹੱਤਤਾ ਦਸਦਿਆ ਲਿਖਦੈ-“… ਦਿਲਾਂ ਤੋਂ ਵਗੈਰ ਭਲਾ ਘਰ ਕਾਹਦਾ”!

ਅੰਤਿਕਾ-ਇੱਕ ਸ਼ਿਕਾਰੀ ਨੇ ਇੱਕ ਪੰਛੀ ਨੂੰ ਸੋਨੇ ਦੇ ਪਿੰਜਰੇ ‘ਚ ਕੈਦ ਕਰ ਲਿਆ। ਸੋਹਣਾ ਦਾਣਾ-ਪਾਣੀ ਪਾਉਂਦਾ ਪਰ ਪੰਛੀ ਹਰ ਵੇਲੇ ਕੁਰਲਾਉਂਦਾ-‘ਹਾਏ! ਮੇਰਾ ਪਿਆਰਾ ਘਰ’! ਅੱਕ ਕੇ ਸ਼ਿਕਾਰੀ ਨੇ ਪੰਛੀ ਛੱਡ ਦਿਤਾ। ਖੁਸ਼ੀ ‘ਚ ਖੀਵੇ ਹੋਏ ਪੰਛੀ ਨੇ ਫੁਰਰ ਉਡਾਰੀ ਮਾਰੀ। ਸ਼ਿਕਾਰੀ ਪਿੱਛੇ-ਪਿੱਛੇ ਦੇਖਣ ਗਿਆ ਕਿ ਪੰਛੀ ਅਜਿਹੇ ਕਿਸ ਘਰ ‘ਚ ਰਹਿੰਦੈ ਕਿ ਉਸ ਨੂੰ ਸੋਨੇ ਦਾ ਪਿੰਜਰਾ ਅਤੇ ਸੁਆਦਲਾ ਭੋਜਨ ਵੀ ਘਰ ਨਹੀਂ ਭੁਲਾ ਸਕੇ। ਪੰਛੀ ਕੋਲ ਹੀ ਇਕ ਕੰਡਿਆਲੀ ਥੋਰ ਉਪਰ ਪਾਏ ਆਪਣੇ ਅਟਪਟੇ ਜਿਹੇ ਆਲਣੇ ਵਿਚ ਜਾ ਬੈਠਾ, ਇਸ ਤਰਾਂ ਅੱਖਾਂ ਮੂੰਦ ਕੇ ਜਿਵੇਂ ਸੁਰਗੀ ਝੂਟੇ ਲੈ ਰਿਹਾ ਹੋਵੇ!

Related posts

ਪੰਜਾਬੀ ਗਾਇਕ ਕਰਨ ਔਜਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ

editor

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”

admin

ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹ ਬਣੇ ਰਾਜਨੀਤੀ !    

admin